ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰੇ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਪੜ੍ਹੀ-ਲਿਖੀ ਧੀ ਸੁਹਿਰਦ ਘਰ ਤੇ ਸਮਾਜ ਦੀ ਸਿਰਜਣਹਾਰ ਹੁੰਦੀ ਹੈ।ਉਨ੍ਹਾਂ ਲੜਕੀਆਂ ਨੂੰ ਉਤਸ਼ਾਹਿਤ ਕਰਦਿਆਂ ਦੇਸ਼ ਅਤੇ ਸਮਾਜ ’ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ‘ਮਹਾਨ ਔਰਤਾਂ’ ਦਾ ਜ਼ਿਕਰ ਕੀਤਾ ਅਤੇ ਹਰੇਕ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ।
ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਦਾ ਆਗਾਜ਼ ਇਸ ਤੋਂ ਪਹਿਲਾਂ ਛੀਨਾ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।ਉਪਰੰਤ ਸ਼ਬਦ ਗਾਇਨ ਕਰਕੇ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ। ਛੀਨਾ ਤੇ ਪ੍ਰਿੰ: ਨਾਨਕ ਸਿੰਘ ਨੇ ਜ਼ਿਲ੍ਹਾ ਪੱਧਰ ’ਤੇ ਸਥਾਨ ਹਾਸਲ ਕਰਨ ਵਾਲੀਆਂ, ਕਾਲਜ਼ ਇਮਤਿਹਾਨਾਂ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਅਤੇ ਯੁਵਕ ਮੇਲੇ ’ਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਦਿਆਂ ਭਵਿੱਖ ’ਚ ਹੋਰਨਾਂ ਸਰਗਰਮੀਆਂ ਲਈ ਉਤਸ਼ਾਹਿਤ ਕੀਤਾ।
ਛੀਨਾ ਨੇ ਲੜਕੀਆਂ ਨੂੰ ਪੜ੍ਹਾਉਣ ਸਬੰਧੀ ਅਤੇ ਵਿੱਦਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ’ਚ ਹਿੱਸਾ ਪਾਉਣ ਲਈ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜ ਦੀ ਉੱਨਤੀ ਤੇ ਤਰੱਕੀ ’ਚ ਕੁੜੀਆਂ ਦਾ ਖ਼ਾਸਾ ਯੋਗਦਾਨ ਹੈ, ਇਸ ਲਈ ਲੜਕਿਆਂ ਦੇ ਨਾਲ-ਨਾਲ ਆਪਣੀਆਂ ਬੇਟੀਆਂ ਨੂੰ ਘਰੇਲੂ ਕਾਰਜਾਂ ਦੇ ਨਾਲ ਉੱਚ ਤਾਲੀਮ ਵੀ ਦਿਵਾਉਣ ਲਈ ਯਤਨਸ਼ੀਲ ਰਹਿਣ।
ਪ੍ਰਿੰ: ਨਾਨਕ ਸਿੰਘ ਨੇ ਕਾਲਜ ਦੀਆਂ ਉਪਲਬੱਧੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਦਾ ਸਮਾਂ ਅਤਿ-ਆਧੁਨਿਕ ਤਕਨੀਕ ਨਾਲ ਭਰਪੂਰ ਹੈ।ਜਿਥੇ ਲੜਕੇ ਵੱਖ-ਵੱਖ ਕਿੱਤਿਆਂ ਰਾਹੀਂ ਸਮਾਜ ’ਚ ਵਡਮੁੱਲਾ ਹਿੱਸਾ ਪਾ ਰਹੇ ਹਨ, ਉਥੇ ਸਿੱਖਿਅਤ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ।ਉਨ੍ਹਾਂ ਕਿਹਾ ਕਿ ਕਾਲਜ ’ਚ ਦੂਰ-ਦੁਰਾਂਡੇ ਪਿੰਡਾਂ ਤੇ ਕਸਬਿਆਂ ਤੋਂ ਲੜਕੀਆਂ ਵਿੱਦਿਆ ਗ੍ਰਹਿਣ ਕਰਨ ਲਈ ਆਉਂਦੀਆਂ ਹਨ ਅਤੇ ਕਾਲਜ ਦੀ ਪ੍ਰਸਿੱਧੀ ਲਈ ਸਮੇਂ-ਸਮੇਂ ਹੋਣ ਵਾਲੇ ਪ੍ਰੋਗਰਾਮਾਂ ’ਚ ਆਪਣੀ ਸ਼ਾਨਦਾਰ ਕਾਬਲੀਅਤ ਦਾ ਮੁਜ਼ਾਹਰਾ ਕਰਕੇ ਨਾਮਣਾ ਖੱਟ ਰਹੀਆਂ ਹਨ।ਪ੍ਰਿੰ: ਨਾਨਕ ਸਿੰਘ ਨੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸਨਮਾਨਿਤ ਵੀ ਕੀਤਾ ਗਿਆ।ਅੰਡਰ ਸੈਕਟਰੀ ਡੀ.ਐਸ ਰਟੌਲ ਸਮੇਤ ਸਮੂਹ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥਣਾਂ ਮੌਜ਼ੂਦ ਸਨ।
ਇਸ ਮੌਕੇ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਗਿੱਧਾ, ਲੋਕ ਗੀਤ, ਸਾਜ਼ੀ ਤਾਣ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।