ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਬਨਸਪਤੀ, ਜੀਵ-ਜੰਤੂ, ਵਾਯੂ ਮੰਡਲ, ਹਾਈਡ੍ਰੋਸਫੀਅਰ ਅਤੇ ਲਿਥੋਸਫੀਅਰ ਸਮੇਤ ਸਾਡੇ ਕੁਦਰਤੀ ਸਰੋਤਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੱਦੇਨਜ਼ਰ ਐਨ.ਜੀ.ਓ ਮਿਸ਼ਨ ਆਗਾਜ਼ ਦੇ ਸਹਿਯੋਗ ਨਾਲ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਅਗਵਾਈ ‘ਚ ਕਰਵਾਏ ਇਸ ਸਮਾਰੋਹ ਮੌਕੇ ਐਨ.ਜੀ.ਓ ਦੇ ਕਾਰਜਕਾਰੀ ਨਿਰਦੇਸ਼ਕ ਦੀਪਕ ਬੱਬਰ ਨੇ ਕਿਹਾ ਕਿ ਸਾਡੇ ਗ੍ਰਹਿ ਧਰਤੀ ਦੇ ਸਾਰੇ ਤੱਤ ਮਹੱਤਵਪੂਰਨ ਹਨ।
ਟੀਮ ਨੇ ਕਾਲਜ ’ਚ ਵਰਮੀ ਕੰਪੋਸਟਿੰਗ ਯੂਨਿਟ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਦੇ ਕੰਮਕਾਜ਼ ਅਤੇ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਮਾਂ ਕੁਦਰਤ ਨਾਲ ਜੁੜੇ ਰਹਿਣ ਅਤੇ ਸ਼ਹਿਰ ਦੇ ਵਾਤਾਵਰਣ ਨੂੰ ਹਰਿਆ-ਭਰਿਆ, ਸਾਫ਼ ਅਤੇ ਸਵੱਛ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।ਇਸ ਉਪਰੰਤ ‘ਪਲਾਸਟਿਕ ਪ੍ਰਦੂਸ਼ਣ: ਤੱਥ ਅਤੇ ਮਿੱਥ’ ਸਿਰਲੇਖ ’ਤੇ ਪ੍ਰਸਿੱਧ ਗਲੋਬਲ ਹੈਲਥ ਡਾਕਟਰ ਅਤੇ ਏ.ਜੀ.ਏ.ਏ.ਪੀ ਦੇ ਸੰਸਥਾਪਕ ਡਾ. ਨਵਨੀਤ ਭੁੱਲਰ ਦੁਆਰਾ ਭਾਸ਼ਣ ਦਿੱਤਾ ਗਿਆ।
ਲੈਕਚਰ ਦੀ ਸ਼ੁਰੂਆਤ ਸਮੂਹ ਹਿੱਸੇਦਾਰਾਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਪ੍ਰਣ ਲੈਣ ਅਤੇ ਵਿਦਿਆਰਥੀਆਂ ਦੁਆਰਾ ਪੋਸਟਰ ਪ੍ਰਦਰਸ਼ਿਤ ਕਰਨ ਨਾਲ ਕੀਤੀ।ਡਾ. ਭੁੱਲਰ ਨੇ ਧਰਤੀ ਦਿਵਸ-2024 ਦੀ ਥੀਮ ‘ਪਲੈਨੇਟ ਬਨਾਮ ਪਲਾਸਟਿਕ’ ’ਤੇ ਗੱਲ ਕੀਤੀ।ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਸਿਰਫ਼ ਕੂੜੇ ਦੀ ਸਮੱਸਿਆ ਨਹੀਂ ਹੈ, ਸਗੋਂ ਇਕ ਗੈਰ-ਕਾਨੂੰਨੀ ਅਤੇ ਕਾਨੂੰਨ ਦੁਆਰਾ ਸਜ਼ਾਯੋਗ ਅਪਰਾਧ ਹੈ, ਕਿਉਂਕਿ ਸਾਲ 2022 ’ਚ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਸੇ ਵੀ ਪੋਲੀਥੀਨ ਬੈਗ ਦੀ ਵਰਤੋਂ ਨਾ ਕਰਨ, ਮਿਨਰਲ ਵਾਟਰ ਦੀਆਂ ਬੋਤਲਾਂ ਦੀ ਵਰਤੋਂ ਬੰਦ ਕਰਨ, ਫਾਸਟ-ਫੂਡ ਚੇਨ ਰਿਟੇਲਰਾਂ ਦੁਆਰਾ ਗੈਰ-ਕਾਨੂੰਨੀ ਤੌਰ ’ਤੇ ਲਗਾਏ ਜਾਂਦੇ ‘ਸਮੂਦੀ’ ਗਲਾਸਾਂ ਨੂੰ ਨਾਂਹ ਕਰਨ ਦੀ ਸਖ਼ਤ ਸਲਾਹ ਦਿੱਤੀ।
ਡਾ. ਭੁੱਲਰ ਜੋ ਕਿ ਪੇਸ਼ੇ ਵਜੋਂ ਡਾਕਟਰ ਹਨ, ਨੇ ਵਿਦਿਆਰਥੀਆਂ ਨੂੰ ਇੱਕ ਤਾਜ਼ਾ ਖੋਜ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਵਿਗਿਆਨੀਆਂ ਨੇ ਸਾਡੇ ਸੰਚਾਰ ਪ੍ਰਣਾਲੀ ਦੀਆਂ ਮੁੱਖ ਧਮਨੀਆਂ ’ਚ ਨੈਨੋ-ਪਲਾਸਟਿਕ ਦੇ ਇਕੱਠੇ ਹੋਣ ਦੀ ਰਿਪੋਰਟ ਕੀਤੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਵਿਰੁੱਧ ਆਪਣੀ ਲੜਾਈ ’ਚ ਕਾਰਕੁੰਨ ਬਣਨ ਅਤੇ ਸਾਰੇ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ ਅਤੇ ਮੰਗ ਨੂੰ ਬੰਦ ਕਰਨ ਲਈ ਪ੍ਰੇਰਿਤ ਕੀਤਾ।
ਡਾ: ਸੁਰਿੰਦਰ ਨੇ ਸਮਾਗਮ ਦੀ ਸਫ਼ਲਤਾ ਲਈ ਸਬੰਧਿਤ ਵਿਭਾਗ ਮੁਖੀ ਡਾ: ਮਨਬੀਰ ਕੌਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਸਬੰਧੀ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਵਿਸਤਾਰ ਦੀਆਂ ਗਤੀਵਿਧੀਆਂ ਨੂੰ ਰਾਜ ਦੀ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਭਾਰਤ ਸਰਕਾਰ ਦੁਆਰਾ ਸਹਿਯੋਗ ਦਿੱਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …