Tuesday, December 3, 2024

ਉਮੀਦਵਾਰ

ਸੱਥ` ਚ ਬੈਠਿਆਂ ਚੋਣ ਮੈਦਾਨ `ਚ ਉਤਰੇ ਉਮੀਦਵਾਰਾਂ ਦੀ ਜਿੱਤ ਹਾਰ ਦੀਆਂ ਕਿਆਸ-ਅਰਾਈਆਂ ਤੇ ਭਰਵੀਂ ਚਰਚਾ ਚੱਲ ਰਹੀ ਸੀ।ਨਿਮਾਣਾ ਸਿਹੁੰ ਦਾ ਇੱਕ ਸਾਥੀ ਬੋਲਿਆ “ਇਸ ਵਾਰ ਇਹ ਗੱਲ ਸਮਝ ਨਹੀਂ ਆਈ ਕਿ ਬਹੁਤੇ ਉਮੀਦਵਾਰ ਆਪਣੇ ਹਲਕੇ ਨੂੰ ਛੱਡ ਕੇ ਦੂਰ-ਦੁਰਾਡੇ ਦੂਸਰਿਆਂ ਦੇ ਹਲਕਿਆਂ `ਚੋਂ ਚੋਣ ਮੈਦਾਨ` ਚ ਕਿਓਂ ਉਤਰੇ ਹਨ”? ਨਿਮਾਣੇ ਦੇ ਦੂਜੇ ਸਾਥੀ ਨੇ ਤੁਰੰਤ ਥੋੜ੍ਹੀ ਦੱਬਵੀਂ ਆਵਾਜ਼ `ਚ ਜਵਾਬ ਦਿੱਤਾ “ਆਪਣੇ ਹਲਕਿਆਂ ‘ਚ ਇਹਨਾਂ ਨੂੰ ਲੋਕ ਚੰਗੀ ਤਰ੍ਹਾਂ ਜਾਨਣ ਲੱਗ ਗਏ ਹਨ।ਪਿੱਛਲੇ ਕੀਤੇ ਵਾਅਦਿਆਂ ਬਾਰੇ, ਸਵਾਲਾਂ ਦੀ ਬੁਛਾੜ ਕਰਦਿਆਂ ਜੁਆਬ ਮੰਗਦੇ ਹਨ।ਇਸੇ ਕਰਕੇ ਇਹ ਹੁਣ ਉਹਨਾਂ ਹਲਕਿਆਂ ‘ਚ ਚੋਣ ਲੜ ਰਹੇ ਹਨ, ਜਿਥੇ ਇਹਨਾਂ ਨੂੰ ਕੋਈ ਜਾਣਦਾ ਨਹੀਂ ਤੇ ਇਹ ਸਮਝਦੇ ਹਨ ਕਿ ਉਹ ਲੋਕ ਇਹਨਾਂ ਦੀਆਂ ਗੱਲਾਂ ‘ਤੇ ਵਿਸ਼ਵਾਸ਼ ਕਰਨਗੇ।”ਕੁੱਝ ਦੇਰ ਸੱਥ `ਚ ਸਨਾਟਾ ਛਾ ਗਿਆ।
ਗੱਲ ਨੂੰ ਅੱਗੇ ਤੋਰਦਿਆਂ ਨਿਮਾਣੇ ਦਾ ਦੂਸਰਾ ਸਾਥੀ ਥੜਕਦੀ ਆਵਾਜ਼ `ਚ ਬੋਲਿਆ, “ਲੀਡਰਾਂ ਦੇ ਗਰੀਬੀ ਹਟਾਓ ਤੇ ਹੋਰ ਸੁੱਖ-ਸਹੂਲਤਾਂ ਦੇ ਲਾਰੇ ਸੁਣਦਿਆਂ ਜ਼ਿੰਦਗੀ ਲੰਘ ਗਈ, ਜਿੱਤਣ ਤੋਂ ਬਾਅਦ ਇਹਨਾਂ ਲੀਡਰਾਂ ਦੀ ਆਪਣੀ ਗਰੀਬੀ ਦੂਰ ਹੁੰਦੀ ਵੇਖੀ! ਹੁਣ ਪਤਾ ਨਹੀਂ ਚਾਰ ਦਿਨ ਜ਼ਿੰਦਗੀ ਹੈ ਵੀ ਕਿ ਨਹੀਂ? —- ਸੱਤਾਂ ਦਹਾਕਿਆਂ ਤੋਂ ਲੱਛੇਦਾਰ ਭਾਸ਼ਣ ਸੁਣਦਿਆਂ-ਸੁਣਦਿਆਂ ਹੁਣ ਯਕੀਨ ਨਹੀਂ ਰਿਹਾ ਇਹਨਾਂ `ਤੇ।ਸੱਚ ਪੁੱਛੋ ਹੁਣ ਤਾਂ ਕਿਸੇ ਨੂੰ ਵੀ ਵੋਟ ਪਾਉਣ ਨੂੰ ਜੀਅ ਨਹੀਂ ਕਰਦਾ।ਨਿਮਾਣੇ ਦਾ ਇੱਕ ਸਾਥੀ ਵਿਅੰਗਮਈ ਅੰਦਾਜ਼ `ਚ ਬੋਲਿਆ, “ਚਿੰਤਾ ਨਾ ਕਰ ਵੱਡਿਆ! ਤੂੰ ਭਾਵੇਂ ਵੋਟ ਪਾਉਣ ਜਾ ਭਾਵੇਂ ਨਾ ਜਾ, ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ।ਉਸ ਨੇ ਨਿੰਮ੍ਹਾ ਨਿੰਮ੍ਹਾ ਹੱਸਦਿਆਂ ਕਿਹਾ ਹੋਰ ਸੁਣ ਤੂੰ ਭਾਵੇਂ ਦੁਨੀਆਂ `ਤੇ ਰਹੇਂ ਜਾਂ ਨਾ ਰਹੇਂ, ਪਰ ਵੋਟਾਂ ਪਾਉਣ ਵਾਲੇ ਦਿਨ ਇਹਨਾਂ ਤੈਨੂੰ ਫਿਰ ਵੀ ਸੱਤਵੇਂ ਅਸਮਾਨ ਤੱਕ ਲੱਭਣਾ ਜਰੂਰ ਐ—। ਕਹਾਣੀ 1205202402

ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ, ਪੈਰਾਡਾਈਜ਼-2
ਛੇਹਰਟਾ, ਅੰਮ੍ਰਿਤਸਰ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …