ਪ੍ਰਸ਼ਾਸ਼ਨ ਨੂੰ ਚੁਸਤ-ਦਰੁਸਤ ਕਰਨ ਲਈ ਨਿਡਰ ਹੋ ਕੇ ਅੱਗੇ ਆਉਣ ਦੀ ਲੋੜ – ਕਮਾਡੈਂਟ
ਸਮਰਾਲਾ, 10 ਜਨਵਰੀ (ਪ.ਪ) – ਸਥਾਨਕ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਮੀਟਿੰਗ ਅੱਜ ਫਰੰਟ ਦੇ ਦਫਤਰ ਵਿਖੇ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮਾਸਿਕ ਮੀਟਿੰਗ ਵਿੱਚ ਪਿਛਲੇ ਮਹੀਨੇ ਦੌਰਾਨ ਫਰੰਟ ਵੱਲੋਂ ਕੀਤੀ ਕਾਰਗੁਜ਼ਾਰੀ ਸਬੰਧੀ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਨੇ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਸ਼ਾਸ਼ਨ ਨੂੰ ਚੁਸਤ ਦਰੁਸਤ ਕਰਨ ਲਈ ਇਹਨਾਂ ਦੀਆਂ ਖਾਮੀਆਂ ਨੂੰ ਨਿਡਰ ਹੋ ਕੇ ਪ੍ਰੈਸ ਰਾਹੀਂ ਜਾਂ ਨਿੱਜੀ ਰੂਪ ਵਿਚ ਉਜਾਗਰ ਕਰਕੇ, ਸਾਵਧਾਨ ਕਰ ਦੇਣਾ ਚਾਹੀਦਾ ਹੈ।ਉਹਨਾਂ ਅੱਗੇ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਨੂੰ ਇਸ ਦੀ ਬਿਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ।ਜਨਰਲ ਸਕੱਤਰ ਜੋਗਿੰਦਰ ਸਿੰਘ ਜੋਸ਼ ਅਤੇ ਜੰਗ ਸਿੰਘ ਭੰਗਲਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਮੁੱਚੇ ਪ੍ਰਬੰਧ ਨੂੰ ਵਿਚਾਰਧਾਰਕ ਤੌਰ ਤੇ ਤਬਦੀਲ ਕਰਨਾ ਜਰੂਰੀ ਹੈ ਕਿਉਂਕਿ ਨਸ਼ਾਖੋਰੀ, ਬਲਾਤਕਾਰੀ, ਚੋਰ ਬਾਜ਼ਾਰੀ ਅਤੇ ਸਿਆਸੀ ਦਖ਼ਲਅੰਦਾਜ਼ੀ ਜ਼ੋਰਾਂ ਤੇ ਹੈ।ਸਮਰਾਲੇ ਦਾ ਪ੍ਰਬੰਧਕ ਢਾਂਚਾ ਬਹੁਤ ਖਰਾਬ ਹੈ ਜਿਸਦੀ ਤਾਜ਼ਾ ਮਸਾਲ ਬੀ.ਡੀ.ਪੀ.ਓ ਸਮਰਾਲਾ ਦੇ ਦਫ਼ਤਰ ਵਿਚ ਸ਼ਹਿਰ ਦੇ ਚੌਂਕ ਲਾਗੇ ਸਕੂਟਰ ਸਾਇਕਲ ਸਟੈਂਡ ਦੀ ਬੋਲੀ ਵਿਚ ਹੇਰਾਫੇਰੀ ਤੇ ਪੰਚਾਇਤ ਸੰਮਤੀ ਦੀਆਂ ਦੁਕਾਨਾਂ ਦੀ ਅਲਾਟਮੈਂਂਟ ਵਿਚ ਘਪਲੇਬਾਜ਼ੀ ਬਦ-ਪ੍ਰਸ਼ਾਸ਼ਨ ਦੀ ਜਿਉਂਦੀ ਜਾਗਦੀ ਮਿਸਾਲ ਹੈ।ਜਿਸ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਜਾ ਚੁੱਕੀਆਂ ਹਨ।ਉਨ੍ਹਾਂ ਤੋਂ ਇਨਸਾਫ ਦੀ ਆਸ ਕੀਤੀ ਜਾ ਰਹੀ ਹੈ।ਭੁਪਿੰਦਰ ਸਿੰਘ ਮੁੰਡੀ ਨੇ ਟਰਾਂਸਪੋਰਟ, ਪੁਲਿਸ ਵਿਭਾਗ ਬਾਰੇ ਕਿਹਾ ਕਿ ਇਹਨਾਂ ਦਾ ਢਾਂਚਾ ਬਹੁਤ ਕਮਜ਼ੋਰ ਹੋ ਚੁੱਕਾ ਹੈ ਕਿਉਂਕਿ ਇਸ ਸ਼ਹਿਰ ਦੇ ਬਾਜ਼ਾਰ ਵਿਚ ਜਗ੍ਹਾ-ਜਗ੍ਹਾ ਕਾਰਾਂ, ਗੱਡੀਆਂ, ਸਕੂਟਰ ਖੜ੍ਹੇ ਕਰਕੇ ਲੋਕ ਭੀੜ-ਭੜੱਕਾ ਕਰਦੇ ਹਨ ਅਤੇ ਹਾਦਸੇ ਹੋਣ ਦਾ ਖ਼ਦਸ਼ਾ ਲੱਗਿਆ ਰਹਿੰਦਾ ਹੈ। ਇਸ ਸਬੰਧ ਵਿੱਚ ਪ੍ਰਸਾਸ਼ਨ ਨੂੰ ਬਾਹਰ ਨਿਕਲ ਕੇ ਧਿਆਨ ਦੇਣ ਦੀ ਲੋੜ ਹੈ, ਨਾ ਕਿ ਏ. ਸੀ. ਜਾਂ ਹੀਟਰ ਲੱਗੇ ਕਮਰਿਆਂ ਅੰਦਰ ਬੈਠੇ ਰਹਿਣਾ ਚਾਹੀਦਾ ਹੈ।
ਇਸ ਮਾਸਿਕ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਗੁਰਦਿਆਲ ਸਿੰਘ, ਦਰਸ਼ਨ ਸਿੰਘ ਕੰਗ, ਸੁਖਵਿੰਦਰ ਸਿੰਘ ਮਾਛੀਵਾੜਾ, ਅਮਰਜੀਤ ਸਿੰਘ ਬਾਲਿਓਂ ਨੇ ਵੀ ਸੰਬੋਧਨ ਕੀਤਾ ਅਤੇ ਭਾਰਤ ਭੂਸ਼ਨ, ਉੱਜਲ ਸਿੰਘ, ਕੇਵਲ ਕ੍ਰਿਸ਼ਨ, ਅੰਗਰੇਜ਼ ਸਿੰਘ ਮਾਂਗਟ, ਸੁਰਜੀਤ ਸਿੰਘ ਐਸ.ਐਸ.ਪ. (ਡੀ), ਇੰਦਰਜੀਤ ਸਿੰਘ ਕੰਗ, ਕਾਮਰੇਡ ਬੰਤ ਸਿੰਘ, ਹਰਮਿੰਦਰ ਸਿੰਘ, ਹਰਬੰਸ ਸਿੰਘ ਔਜਲਾ, ਰਾਜਕੁਮਾਰ, ਬੀਬੀ ਮਨਜੀਤ ਕੌਰ ਅਤੇ ਰਵਿੰਦਰ ਕੌਰ ਸ਼ਾਮਲ ਸਨ।