ਦੀਪ ਦਵਿੰਦਰ ਸਿੰਘ
ਕੁਝ ਦਹਾਕੇ ਪਹਿਲਾਂ ਇਕ ਫਿਲਮ ‘ਚ ਹੀਰੋ ਜਦੋਂ ਛਾਤੀ ਚੌੜੀ ਕਰਕੇ ਕਹਿੰਦਾ ਸੀ ਕਿ ‘ਮੇਰੇ ਪਾਸ ਮਾਂ ਹੈ’ ਤਾਂ ਦਰਸ਼ਕਾਂ ਦਾ ਭਰਿਆ ਹਾਲ ਤਾੜੀਆਂ ਨਾਲ ਗੂੰਜ਼ ਉਠਦਾ ਸੀ। ਅੱਜ ਜਦੋਂ ਮੈਂ ਕਿਸੇ ਜਾਣਕਾਰ ਦੀ ਪਤਨੀ ਦੇ ਮੂੰਹੋਂ ਤਲਖੀ ਭਰੇ ਸ਼ਬਦਾਂ ‘ਚ ਇਹ ਕਹਿੰਦਿਆਂ ਸੁਣਿਆ ਕਿ ‘ਸਾਡੇ ਕੋਲ ਈ ਐ ਮਾਤਾ, ਦੂਜੇ ਕਿਥੇ ਘਰ ਵਾੜਦੇ ਐ ਇਹਨੂੰ, ਤਾਂ ਕਈ ਦਹਾਕੇ ਪਹਿਲਾਂ ਵੇਖੀ ਉਸ ਫਿਲਮ ਦਾ ਉਹ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਮੁੜ੍ਹ ਪ੍ਰਗਟ ਹੁੰਦਾ ਹੈ। ਬਜ਼ੁਰਗਾਂ ਪ੍ਰਤੀ ਵੱਖੋ-ਵੱਖਰੇ ਵੇਲਿਆਂ ‘ਚ ਕਹੇ ਕਹੇ ਦੋਹਾਂ ਸੰਵਾਦਾਂ ਦੇ ਜ਼ਮੀਨ ਅਸਮਾਨ ਵਿਚਲੇ ਫ਼ਾਸਲੇ ਜਿਹੇ ਅਰਥਾਂ ਨੂੰ ਰਲਗਡ ਕਰਕੇ ਵੇਖਣ ਦੀ ਕੋਸ਼ਿਸ਼ ਕਰਦਾ ਹਾਂ।
ਮੈਂ ਸੋਚਦਾ ਹਾਂ ਕਿ ਜਿਹੜਾ ਇਨਸਾਨ ਸਾਰੀ ਉਮਰ ਆਪਣੇ ਧੀਆਂ ਪੁਤਰਾਂ ਲਈ ਦਿਨ-ਰਾਤ ਇਕ ਕਰਦਾ ਰਿਹਾ ਹੋਵੇ। ਆਪਣੇ ਨਿੱਕੇ ਨਿੱਕੇ ਧੀਆਂ ਪੁਤਰਾਂ ਨੂੰ ਪਾਲਦਾ ਪੋਸਦਾ ਪਰਿਵਾਰ ਦੀ ਹਰ ਖੁਸ਼ੀ ਲਈ ਆਪਣੇ ਆਪ ਨੂੰ ਗਹਿਣੇ ਪਾਉਣ ਤਕ ਜਾਂਦਾ ਰਿਹਾ ਹੋਵੇ। ਉਹੀ ਧੀਆਂ ਪੁਤਰ ਜਦੋਂ ਉਡਾਰੂ ਹੋ ਜਾਂਦੇ ਹਨ ਤਾਂ ਬਜ਼ੁਰਗ ਮਾਂ-ਪਿਉ ਕਿਉਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੁੰਦਾ ਹੈ।
ਪਿਛਲੇ ਦਿਨੀਂ ਮੈਂ ਇਕ ਬਜ਼ੁਰਗ ਨਾਲ ਗਲਬਾਤ ਕੀਤੀ, ਜਿਹਦਾ ਇਕ ਲੜਕਾ ਪੁਲੀਸ ਵਿੱਚ ਤੇ ਦੂਜਾ ਦੁਕਾਨਦਾਰ ਸੀ। ਮੈਂ ਕਿਹਾ ‘ਭਾਪਾ ਜੀ, ਹੁਣ ਤਾਂ ਬੜੀ ਸ਼ਾਂਤੀ ਵਾਲੀ ਜਿੰਦਗੀ ਜਿਉਂਦੇ ਹੋਵੋਗੇ, ਤੁਸੀਂ ਤੇ ਆਂਟੀ ਜੀ।’ ਥੋੜ੍ਹਾ ਜਿਹਾ ਸਾਹ ਲੈ ਕੇ ਬਜ਼ੁਰਗ ਨੇ ਆਪਣੀ ਗੱਲ ਦਾ ਮੁਢ ਬੰਨਦਿਆਂ ਕਹਿਣਾ ਸ਼ੁਰੂ ਕੀਤਾ ਕਿ ‘ਮੈਂ ਅਜੇ ਏਨੀ ਕੁ ਕਮਾਈ ਕਰ ਸਕਦਾਂ ਜਿਸ ਨਾਲ ਸਾਡੇ ਦੋਹਾਂ ਜੀਆਂ ਦੀਆਂ ਲੋੜਾਂ ਅਸਾਨੀ ਨਾਲ ਪੂਰੀਆਂ ਹੋ ਸਕਦੀਆਂ ਹਨ। ਮੇਰੀ ਪਤਨੀ ਵੀ ਘਰ ਦੇ ਕੰਮ ਕਾਰ ‘ਚ ਬਰਾਬਰ ਦਾ ਹੱਥ ਵੰਡਾਉਂਦੀ ਹੈ। ਆਪਣੀ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਉਸ ਦਸਿਆ ਕਿ ਕਰਾਏ ਦੇ ਮਕਾਨ ‘ਚ ਰਹਿ ਕੇ ਬੱਚਿਆਂ ਨੂੰ ਪੜਾਇਆ ਲਖਾਇਆ। ਗੁਜਾਰੇ ਯੋਗ ਘਰ ਬਣਾ ਕੇ ਦਿੱਤਾ। ਇਕ ਨੂੰ ਨੌਕਰੀ ਤੇ ਲਵਾਇਆ। ਦੂਜੇ ਨੂੰ ਦੁਕਾਨ ਪਾ ਕੇ ਦਿੱਤੀ। ਅਜ ਤੱਕ ਅਸਾਂ ਦੋਹਾਂ ਜੀਆਂ ਨੇ ਪਿਛੇ ਮੁੜ ਕੇ ਨਹੀਂ ਵੇਖਿਆ। ਇਸ ਘਰ ਪਰਿਵਾਰ ਨੂੰ ਥਾਂ ਸਿਰ ਕਰਨ ਦੇ ਆਹਰ ‘ਚ ਹੀ ਜੁੱਟੇ ਰਹੇ ਸਾਰੀ ਉਮਰ। ਅਜ ਭਾਵੇਂ ਰੱਬ ਦਾ ਦਿਤਾ ਸਭ ਕੁਝ ਹੈ। ਫਿਰ ਵੀ ਜਦੋਂ ਅਸੀਂ ਇਕੱਲੇ ਬੈਠਦੇ ਹਾਂ ਦੋਵੇਂ ਜੀਅ ਤਾਂ ਅਕਸਰ ਮਹਿਸੂਸ ਕਰਦੇ ਹਾਂ ਕਿ ਅਸੀਂ ਆਪਣੇ ਘਰ ਵਿੱਚ ਬੇਲੋੜੀ ਤੇ ਵਾਧੂ ਜਿਹੀ ਵਸਤ ਬਣ ਕੇ ਰਹਿ ਗਏ ਹਾਂ। ਸਾਡੇ ਬੱਚਿਆਂ ਨੂੰ ਸਾਡੀ ਜਰੂਰਤ ਨਹੀਂ ਰਹੀ ਹੁਣ।’
ਕਿਉਂ ਇਨਸਾਨ ਆਪਣੇ ਹੀ ਘਰ ‘ਚ ਵਾਧੂ ਜਿਹਾ ਬਣ ਕੇ ਰਹਿ ਜਾਂਦਾ ਹੈ। ਬਜ਼ੁਰਗ ਤਾਂ ਸਰਮਾਇਆ ਹੁੰਦੇ ਹਨ ਪਰਿਵਾਰ ਦਾ, ਸਮਾਜ ਦਾ। ਇੰਨ੍ਹਾਂ ਬਜ਼ੁਰਗਾਂ ਤੋਂ ਹੀ ਨੈਤਿਕ ਅਤੇ ਸਮਾਜਕ ਗੁਣਾਂ ਦਾ ਪਾਠ ਪੜ੍ਹ ਕੇ ਬੱਚੇ ਵੱਡੇ ਹੋ ਕੇ ਨਿਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਹਿੱਸਾ ਪਾਉਂਦੇ ਹਨ।
ਮੇਰਾ ਸੰਬਧ ਸਿੱਧੇ ਤੌਰ ਤੇ ਪੇਂਡੂ ਧਰਾਤਲ ਨਾਲ ਜੁੜਿਆ ਹੋਣ ਕਰਕੇ ਮੇਰੇ ਜਿਹਨ ‘ਚੋਂ ਉਹ ਵੇਲੇ ਕਦੀ ਵੀ ਮਨਫ਼ੀ ਨਹੀਂ ਹੁੰਦੇ। ਜਿੰਨ੍ਹਾਂ ਵੇਲਿਆਂ ‘ਚ ਵੱਡੇ ਬਜ਼ੁਰਗਾਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ। ਇਕੱਲੇ ਘਰ ਦੇ ਜੀਅ ਜਾਂ ਗਲੀ ਗੁਆਂਢ ਹੀ ਨਹੀਂ ਪੂਰਾ ਪਿੰਡ ਹਰ ਵਡ-ਵਡੇਰੇ ਦੀ ਇਜ਼ਤ ਕਰਦਾ ਸੀ। ਉਨ੍ਹਾਂ ਸਮਿਆਂ ਦੇ ਵਿਆਹ ਸ਼ਾਦੀਆਂ ‘ਚ ਬਜ਼ੁਰਗਾਂ ਦਾ ਖਾਸ ਤੇ ਅਹਿਮ ਸਥਾਨ ਹੁੰਦਾ ਸੀ। ਦੁੱਧ-ਚਿੱਟੇ ਬਸਤਰ, ਮਾਇਆ ਲੱਗੀ ਸਵਾਰ ਕੇ ਬੰਨੀ ਪੱਗ, ਹੱਥ ‘ਚ ਖੂੰਡਾ ਫੜ੍ਹੀ ਵੱਡੇ ਬਾਪੂ ਜਾਂ ਬੇਬੇ ਨੂੰ ਵਿਆਹ ਦੀ ਹਰ ਸਮਾਜਕ ਰਸਮ ‘ਚ ਅਗੇ ਲਾਇਆ ਜਾਂਦਾ ਸੀ। ਮੁੰਡੇ ਦੇ ਮੂੰਹ ਨੂੰ ਛੁਹਾਰਾ ਲਗਣ ਦੀ ਰਸਮ ਹੁੰਦੀ ਸੀ ਜਾਂ ਦੋਹਾਂ ਧਿਰਾਂ ਦੀ ਮਿਲਣੀ ਦਾ ਵੇਲਾ, ਅਨੰਦ ਕਾਰਜ ਜਾਂ ਡੋਲੀ ਤੁਰਨ ਦਾ ਸਮਾਂ। ਹਰ ਸਗੁਨ-ਸਾਰਥ ‘ਚ ਦਾਨੇ-ਬੀਨੇ ਬਜ਼ੁਰਗ ਮੋਹਰਲੀਆਂ ਸਫ਼ਾਂ ਖੜ੍ਹ ਕੇ ਵੱਡੇ ਤੇ ਸਿਆਣੇ ਹੋਣ ਦੀ ਹਾਮੀ ਭਰਦੇ ਸਨ।
ਘਰ ਦੇ ਹਰ ਛੋਟੇ ਵੱਡੇ ਫ਼ੈਸਲੇ ‘ਚ ਬਜ਼ੁਰਗਾਂ ਦਾ ਰੋਲ ਅਹਿਮ ਹੁੰਦਾ ਸੀ। ਗਲੀ ਮੁਹੱਲੇ ਦੇ ਜਾਂ ਰਿਸ਼ਤੇਦਾਰੀ ‘ਚੋਂ ਦੋ ਚਾਰ ਬਜ਼ੁਰਗ ਇਕੱਠੇ ਬੈਠਦੇ ਸਨ ਤਾਂ ਉਨ੍ਹਾਂ ਨੂੰ ਦਾਨਿਆਂ ਦੀ ਪਰ੍ਹੇ ਸਮਝਿਆ ਜਾਂਦਾ ਸੀ। ਘਰਾਂ ਦੀ ਵੰਡ-ਵੰਡਾਈ ਜਾਂ ਕਿਸੇ ਹੋਰ ਫ਼ੈਸਲੇ ਨੂੰ ਆਪਣੀ ਸੂਝ-ਬੂਝ ਨਾਲ ਹਲ ਕਰਕੇ ਦੋਹਾਂ ਧਿਰਾਂ ਦੀ ਤਸੱਲੀ ਹੀ ਨਹੀਂ ਸਨ ਕਰਵਾਉਂਦੇ, ਸਗੋਂ ਉਨ੍ਹਾਂ ‘ਚੋਂ ਆਪਸੀ ਮੇਲ ਵਰਤਨ ਤੇ ਭਰਾਤਰੀ ਸਾਂਝ ‘ਚ ਵੀ ਆਂਚ ਨਹੀਂ ਸਨ ਆਉਣ ਦਿੰਦੇ।
ਛੋਟੇ-ਛੋਟੇ ਬੱਚੇ ਦਾਦੇ-ਦਾਦੀ ਦੀ ਸੰਗਤ ‘ਚ ਰਹਿ ਕੇ ਕਿੰਨਾ ਕੁਝ ਸਿਖਦੇ ਸਨ। ਅੱਧੀ-ਅੱਧੀ ਰਾਤ ਤੱਕ ਨਿੱਕੇ ਨਿਆਣੇ ਵੱਡੇ ਬਜ਼ੁਰਗਾਂ ਦੀਆਂ ਬੁੱਕਲਾਂ ‘ਚ ਵੜ੍ਹ ਕੇ ਬੈਠੇ ਰਹਿੰਦੇ ਸਨ। ਲੰਮੀਆਂ ਬਾਤਾਂ, ਛੋਟੀਆਂ ਛੋਟੀਆਂ ਬੁਝਾਰਤਾਂ, ਪਰੀ ਕਹਾਣੀਆਂ, ਮਿਥਹਾਸਕ ਕਥਾਵਾਂ ਤੇ ਧਾਰਮਿਕ ਗੂੜ ਗਿਆਨ ਨਾਲ ਜਿੱਥੇ ਬੱਚੇ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਸੀ, ਜਿਹੜਾ ਵੱਡੇ ਹੋ ਕੇ ਵਧੀਆ ਇਨਸਾਨ ਬਣਨ ‘ਚ ਸਹਾਈ ਹੁੰਦਾ ਸੀ ਉਥੇ ਬਜ਼ੁਰਗਾਂ ਦੇ ਬੱਚਿਆਂ ਦੀ ਸਦੀਵੀਂ ਸਾਂਝ ਦਾ ਮੁਢ ਵੀ ਬਝਦਾ ਸੀ।
ਅੱਜ ਕੱਲ ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮਾਂ ‘ਚ ਬਜ਼ੁਰਗਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ। ਮੈਰਿਜ ਪੈਲਸਾਂ ‘ਚ ਇਕੱਠੀ ਹੋਈ ਬੇਤਹਾਸ਼ਾ ਭੀੜ ਤੇ ਡੀ.ਜੇ. ਦੇ ਕੰਨ ਪਾੜਵੇਂ ਸ਼ੋਰ ‘ਚ ਬਜ਼ੁਰਗ ਕਿਸੇ ਨੁਕਰ ‘ਚ ਵੜ ਕੇ ਬੈਠੇ ਆਪਣੇ ਲਾਗੇ ਪਏ ਮਿਲਣੀ ਵਾਲੇ ਕੰਬਲ ਜਾਂ ਹੋਰ ਸਮਾਨ ਦੀ ਰਾਖੀ ਕਰਦਿਆਂ ਸਾਰਾ ਦਿਨ ਆਵਾਜਾਈ ਮਹਿਸੂਸ ਕਰਦੇ ਹਨ। ਘਰ ਦੇ ਜੀਆਂ ਦੀ ਹੁੰਦੀ ਗਲਬਾਤ ‘ਚ ਬਜ਼ੁਰਗ ਕਿਤੇ ਭੁਲ-ਭੁਲੇਖੇ ਬੋਲ ਪਏ ਤਾਂ ਉਸਨੂੰ ਝਿੜਕ ਕੇ ਚੁਪ ਰਹਿਣ ਲਈ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਘਰ ਦੀ ਵੰਡ-ਵੰਡਾਈ ਜਾਂ ਹੋਰਨਾਂ ਫੈਸਲਿਆਂ ‘ਚ ਘਰ ਦੇ ਬਜ਼ੁਰਗਾਂ ਦੀ ਹੋਂਦ ਨੂੰ ਅੱਖੋਂ ਪਰੋਖੇ ਕਰਕੇ ਸਾਰੇ ਫ਼ੈਸਲੇ ਲਏ ਜਾਂਦੇ ਹਨ। ਇੰਨ੍ਹਾਂ ਘਰਾਂ ਲਈ ਤਿਲ-ਤਿਲ ਕਰਕੇ ਮਰਨ ਵਾਲੇ ਬਜ਼ੁਰਗ ਅਲਾਣੀ ਮੰਜੀ ਦੇ ਬੈਠੇ ਸਾਰਾ ਕੁਝ ਆਪਣੇ ਅੱਖੀਂ ਵੇਖਦਿਆਂ ਠੰਡੇ ਸਾਹ ਭਰਨ ਲਈ ਮਜ਼ਬੂਰ ਹੁੰਦੇ ਹਨ।
ਦੋਹਤੇ ਦੋਹਤਰੀਆਂ ਜਾਂ ਪੋਤੇ ਪੋਤਰੀਆਂ ਨੂੰ ਹੁਣ ਇੰਨ੍ਹਾਂ ਬਜ਼ੁਰਗਾਂ ਦੀਆਂ ਗੱਲਾਂ ਦਿਲ ਨੂੰ ਅਕਾਉਣ ਲੱਗਦੀਆਂ ਹਨ। ਬੱਚੇ ਦਾਦੀ-ਬਾਬੇ ਦੀ ਬੁੱਕਲ ‘ਚ ਬੈਠਣਾ ਤਾਂ ਦੂਰ ਨਜ਼ਦੀਕ ਆਉਣ ਤੋਂ ਵੀ ਕੰਨੀ ਕਤਰਾਉਂਦੇ ਹਨ। ਅੱਜ ਕੱਲ ਦੇ ਬੱਚੇ ਆਪਣੇ ਬਜ਼ੁਰਗਾਂ ਪ੍ਰਤੀ ਇਹ ਸੋਚ ਰੱਖਦੇ ਹਨ ਕਿ ਇੰਨ੍ਹਾਂ ਨੂੰ ਸਾਡੇ ਖਾਣ-ਪੀਣ, ਬੋਲਣ-ਚਾਲਣ ਤੇ ਪਹਿਨਣ ਉੱਤੇ ਨੁਕਤਾਚੀਨੀ ਕਰਨ ਤੋਂ ਬਿਨ੍ਹਾਂ ਹੋਰ ਕੁੱਝ ਨਹੀਂ ਸੁਝਦਾ। ਕਈ ਵਾਰੀ ਮਾਂ ਪਿਉ ਵੀ ਬੱਚਿਆਂ ਅਤੇ ਬਜ਼ੁਰਗਾਂ ਵਿਚਲੀ ਦੂਰੀ ਵਧਾਉਣ ਦਾ ਕਾਰਨ ਬਣਦੇ ਹਨ।
ਬੁਢਾਪੇ ਦੀ ਇਸ ਉਮਰ ‘ਚ ਆਣ ਕੇ ਉਨ੍ਹਾਂ ਬਜ਼ੁਰਗਾਂ ਲਈ ਹੋਰ ਵੀ ਮੁਸੀਬਤ ਖੜ੍ਹੀ ਹੋ ਜਾਂਦੀ ਹੈ, ਜਿੰਨ੍ਹਾਂ ਦੇ ਇਕ ਤੋਂ ਵੱਧ ਮੁੰਡੇ ਹੁੰਦੇ ਹਨ। ਜਿਸ ਵੀ ਮੁੰਡੇ ਦੇ ਘਰ ਬਜ਼ੁਰਗ ਰਹਿੰਦਾ ਹੈ ਉਹ ਬਜ਼ੁਰਗ ਦੇ ਮੂੰਹੋਂ ਆਪਣੇ ਦੂਜੇ ਭਰਾਵਾਂ ਦੇ ਟੱਬਰ ਦੇ ਕਿਸੇ ਜੀਅ ਦਾ ਨਾਂ ਸੁਣਨਾ ਵੀ ਬਰਦਾਸ਼ਤ ਨਹੀਂ ਕਰਦਾ। ਦੂਜੇ ਮੁੰਡਿਆਂ ਦੇ ਘਰ ਦੇ ਬੂਹੇ ਵੀ ਉਸ ਬਜ਼ੁਰਗ ਲਈ ਬੰਦ ਹੋ ਜਾਂਦੇ ਹਨ।
ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਅਦਾਰੇ ਤੋਂ ਰਟਾਇਰ ਹੋਏ ਬਜ਼ੁਰਗਾਂ ਨਾਲੋਂ ਹੱਥੀਂ ਕਿਰਤ ਕਰਕੇ ਆਪਣਾ ਜੀਵਨ ਨਿਰਬਾਹ ਕਰਦੇ ਰਹੇ ਬਜ਼ੁਰਗਾਂ ਦੀ ਹਾਲਤ ਇਸ ਉਮਰੇ ਜਿਆਦਾ ਤਰਸਯੋਗ ਹੋ ਜਾਂਦੀ ਹੈ। ਨੌਕਰੀ ਤੋਂ ਬਾਅਦ ਮਿਲਦੀ ਗੁਜ਼ਾਰੇ ਯੋਗ ਪੈਨਸ਼ਨ ਕਰਕੇ ਦਵਾ-ਦਾਰੂ, ਖਾਣ-ਪੀਣ, ਲੀੜੇ ਕਪੜੇ ਜਾਂ ਆਉਣ ਜਾਣ ਲੱਗਿਆਂ ਉਨ੍ਹਾਂ ਨੂੰ ਕਿਸੇ ਦੇ ਹੱਥਾਂ ਵੱਲ ਨਹੀਂ ਵੇਖਣਾ ਪੈਂਦਾ। ਪਰ ਉਹ ਬਜ਼ੁਰਗ ਜਿੰਨ੍ਹਾਂ ਆਪਣੇ ਜੀਵਨ ਦੀ ਸਾਰੀ ਪੂੰਜੀ ਆਪਣੇ ਧੀਆਂ ਪੁੱਤਰਾਂ ਨੂੰ ਹੀ ਅਸਲੀ ਪੂੰਜੀ ਸਮਝਦਿਆਂ ਉਨ੍ਹਾਂ ਉਪਰ ਖਰਚ ਕਰ ਦਿੱਤੀ। ਆਪਣਾ ਪੱਲਾ ਖਾਲਮ-ਖਾਲੀ ਕਰਕੇ ਵੀ, ਧੀਆਂ ਪੁੱਤਰਾਂ ਦੀ ਹਰ ਖੁਸ਼ੀ ਨੂੰ ਆਪਣੀ ਖੁਸ਼ੀ ਸਮਝਿਆ। ਪਿਛਲੀ ਉਮਰ ‘ਚ ਆਣ ਕੇ ਉਹਨਾਂ ਨੂੰ ਦਸ-ਵੀਹ ਰੁਪਏ ਦੀ ਦਵਾ ਦਾਰੂ ਲਈ ਵੀ ਤਰਲੇ ਲੈਣੇ ਪੈਂਦੇ ਹਨ।
ਜਿਹੜੇ ਇਨਸਾਨ ਆਪਣੇ ਕਿਰਤੀ ਹੱਥਾਂ ਨਾਲ ਸਾਰੀ ਉਮਰ ਉੱਚੇ ਨੀਵੇਂ ਥਾਵਾਂ ਤੇ ਚੜ੍ਹ ਕੇ ਇੱਟਾਂ ਲਾਉਂਦੇ ਰਹੇ। ਅਨੇਕਾਂ ਲੋਕਾਂ ਦੇ ਰਹਿਣ ਲਈ ਛਤ ਬਣਾ ਕੇ ਦਿੰਦੇ ਰਹੇ। ਬੂਹੇ-ਬਾਰੀਆਂ ਆਪਣੇ ਹੱਥੀਂ ਜੋੜ ਕੇ ਠੰਡੀਆਂ-ਤੱਤੀਆਂ ਹਵਾਵਾਂ ਤੋਂ ਬਚਾਉਂਦੇ ਰਹੇ। ਸਾਰਾ ਸਾਰਾ ਦਿਨ ਖਰਾਦ ਮਸ਼ੀਨਾਂ ਅੱਗੇ ਖਲੋਅ ਕੇ, ਮਣਾਂ ਮੂੰਹੀ ਭਾਰ ਆਪਣੇ ਸਿਰ ਤੇ ਢੋਅ ਕੇ, ਰਿਕਸ਼ਾ ਚਲਾ ਕੇ, ਸਬਜੀ ਵੇਚ ਕੇ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਜ਼ੋਖਮ ਭਰੇ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਦਰ ਗੁਜਰ ਕਰਦੇ ਰਹੇ। ਪਰ ਜਿੰਦਗੀ ਦੇ ਅੰਤਲੇ ਪੜਾਅ ਤੇ ਆ ਕੇ ਉਨ੍ਹਾਂ ਬਜ਼ੁਰਗਾਂ ਦੇ ਘਰਾਂ ਦੀਆਂ ਛੱਤਾਂ ਬਾਰਿਸ਼ ਦੇ ਦਿਨੀਂ ਥਾਂ-ਥਾਂ ਤੋਂ ਚੋਂਦੀਆਂ ਹਨ। ਪੋਹ-ਮਾਘ ਦੇ ਸ਼ਰਦ ਦਿਨਾਂ ‘ਚ ਉਸਦੇ ਕਮਰੇ ਨੂੰ ਲੱਗੇ ਵਿਰਲਾਂ ਵਾਲੇ ਤਖਤਿਆਂ ਵਿੱਚ ਦੀ ਛਣ ਕੇ ਆਉਂਦੀ ਹਵਾ ਉਹਦੇ ਬੁੱਢੇ ਹੱਡਾ ਨੂੰ ਠਾਰਦੀ ਰਹਿੰਦੀ ਹੈ। ਸਾਰੀ ਉਮਰ ਮਸ਼ੀਨ ਨਾਲ ਮਸ਼ੀਨ ਹੋ ਕੇ ਕਾਲਖ਼ ਭਰੇ ਲੀੜਿਆਂ ਨਾਲ ਉਮਰ ਕੱਢਣ ਵਾਲੇ ਦੇ ਅੰਤਲੇ ਦਿਨਾਂ ‘ਚ ਉਹਦੇ ਲੀੜਿਆਂ ‘ਚੋਂ ਮੈਲ ਕੱਢਣ ਵਾਲਾ ਕੋਈ ਨਹੀਂ ਹੁੰਦਾ।
ਬੁਢਾਪੇ ‘ਚ ਜਿਹੜਾ ਸਮਾਂ ਤਾਂ ਦੋਵੇਂ ਜੀਅ ਰਲ ਕੇ ਕਟਦੇ ਹਨ। ਇਕ ਦੂਜੇ ਦਾ ਸਹਾਰਾ ਬਣਦੇ ਹਨ। ਇਕ ਦੂਜੇ ਨੂੰ ਠੇਡਾ ਲੱਗਣ ਤੋਂ ਬਚਾਉਂਦੇ ਹਨ। ਦੁਖ ਸੁਖ ਦੇ ਭਾਈਵਾਲ ਬਣਦੇ ਹਨ। ਉਹ ਵੇਲਾ ਤਾਂ ਫਿਰ ਵੀ ਬਜ਼ੁਰਗਾਂ ਲਈ ਕਿਸੇ ਨਾ ਕਿਸੇ ਤਰੀਕੇ ਠੀਕ ਗੁਜ਼ਰਦਾ ਰਹਿੰਦਾ ਹੈ। ਜਦੋਂ ਦੋਹਾਂ ‘ਚੋਂ ਪਿੱਛੇ ਜਿਹੜਾ ਇਕੱਲਾ ਰਹਿ ਜਾਂਦਾ ਹੈ ਉਸ ਲਈ ਤਾਂ ਰਹਿੰਦੀ ਉਮਰ ਨਰਕ ਵਰਗੀ ਜਿੰਦਗੀ ਕੱਟਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਮੈਂ ਆਪਣੇ ਜਾਣਕਾਰਾਂ ‘ਚੋਂ ਇੱਕ ਐਸੀ ਮਾਤਾ ਨੂੰ ਜਾਣਦਾ ਹਾਂ ਜਿਹੜੇ ਸੇਵਾ ਮੁਕਤ ਦੋਵੇਂ ਜੀਅ ਇਕੱਲੇ ਆਪਣੇ ਘਰ ‘ਚ ਰਹਿ ਕੇ ਵਧੀਆ ਦਰ ਗੁਜਰ ਕਰ ਰਹੇ ਹਨ। ਉਨ੍ਹਾਂ ਦੇ ਦੋਵੇਂ ਪੁਤਰ ਸ਼ਹਿਰ ‘ਚ ਵੱਖ-ਵੱਖ ਥਾਵਾਂ ਤੇ ਰਹਿੰਦੇ ਸਨ। ਅਚਾਨਕ ਬਜ਼ੁਰਗ ਦੀ ਮੌਤ ਹੋ ਗਈ। ਮਾਤਾ ਇਕੱਲੀ ਰਹਿ ਗਈ। ਉਹ ਕਈ ਵਾਰ ਜਦੋਂ ਉਦਾਸ ਹੋ ਜਾਂਦੀ ਹੈ ਤਾਂ ਗੁਜਾਰੇ ਯੋਗ ਕੱਪੜੇ ਬੈਗ ‘ਚ ਪਾ ਕੇ ਵੱਡੇ ਲੜਕੇ ਕੋਲ ਰਹਿਣ ਜਾਂਦੀ ਹੈ। ਡੇੜ੍ਹ-ਦੋ ਹਫਤਿਆਂ ਬਾਅਦ ਉਹ ਮਹਿਸੂਸ ਕਰਦੀ ਹੈ ਕਿ ਨੂੰਹ ਮੱਥੇ ਵੱਟ ਪਾਉਂਦੀ ਹੈ। ਗੱਲ-ਗੱਲ ਤੇ ਖਿਝਦੀ ਹੈ ਤਾਂ ਉਹ ਚੁੱਪ ਚੁਪੀਤੀ ਉਥੋਂ ਨਿਕਲਦੀ ਹੈ। ਕਿਸੇ ਰਿਕਸ਼ੇ ਵਾਲੇ ਦੇ ਮੋਢੇ ਦਾ ਸਹਾਰਾ ਲੈ ਕੇ ਛੋਟੇ ਮੁੰਡੇ ਦੇ ਘਰ ਦੀਆਂ ਪੌੜੀਆਂ ਚੜ੍ਹਦੀ ਹੈ। ਥੋੜ੍ਹੇ ਦਿਨ ਉਥੇ ਰਹਿੰਦੀ ਹੈ। ਉਥੇ ਵੀ ਜਦੋਂ ਆਪਣੇ ਆਪ ਨੂੰ ਬੇਲੋੜੀ ਤੇ ਵਾਧੂ ਜਿਹਾ ਮਹਿਸੂਸ ਕਰਦੀ ਹੈ ਤਾਂ ਉਹ ਉਥੋਂ ਵੀ ਨੀਵੀਂ ਧੌਣ ਸੁਟ ਕੇ ਨਿਕਲਦੀ ਹੈ। ਦੋਵਾਂ ਘਰਾਂ ‘ਚ ਕੋਈ ਵੀ ਉਸ ਨੂੰ ਅੱਗੇ ਹੋ ਕੇ ਰੋਕਣ ਦੀ ਹਿੰਮਤ ਨਹੀਂ ਕਰਦਾ। ਕੋਈ ਵੀ ਉਸ ਦੇ ਹੱਥ ਵਿਚਲਾ ਮੈਲਾ ਜਿਹਾ ਬੈਗ ਖੋਹ ਕੇ ਕਿਤੇ ਉਹਲੇ ‘ਚ ਲੁਕਾਉਂਦਿਆਂ ਇਹ ਨਹੀਂ ਕਹਿੰਦਾ ਕਿ ‘ਦਾਦੀ ਮਾਂ ਹੋਰ ਰਹਿ ਨਾ ਸਾਡੇ ਕੋਲ, ਉਹ ਪਰੀ ਤੇ ਦੇਅ ਦੀ ਕਹਾਣੀ ਤਾਂ ਪੂਰੀ ਸੁਣੀ ਨਹੀਂ ਤੇਰੇ ਕੋਲੋਂ।’ ਮਰਦੀ, ਢਹਿੰਦੀ ਉਹ ਮਾਤਾ ਫਿਰ ਆਪਣੇ ਬੰਦ ਪਏ ਘਰ ਦਾ ਦਰਵਾਜਾ ਖੋਲਦੀ ਹੈ। ਇਕੱਲੀ ਬੈਠੀ ਕੰਧਾਂ ਨਾਲ ਗੱਲਾਂ ਕਰਦੀ ਹੈ। ਅੱਧੀ-ਅੱਧੀ ਰਾਤ ਆਪਣੀ ਪ੍ਰਦੇਸ਼ ਰਹਿੰਦੀ ਧੀ ਨਾਲ ਫੋਨ ਤੇ ਗੱਲਾਂ ਕਰਦਿਆਂ ਕਹਿੰਦੀ ਹੈ ਧੀਏ! ਇਹ ਰਾਤਾਂ ਤਾਂ ਸਦੀਆਂ ਜਿਹੀਆਂ ਲੰਮੀਆਂ ਲੱਗਦੀਆਂ ਨੇ, ਮੁਕਣ ਦਾ ਨਾ ਨਹੀਂ ਲੈਂਦੀਆਂ।’ ਕਦੀ ਕਹੁ ‘ਤੁਹਾਡੇ ਪਿਉ ਨੂੰ ਨਹੀਂ ਸੀ ਜਾਣਾ ਚਾਹੀਦਾ ਮੈਨੂੰ ਇਕੱਲੀ ਛੱਡ ਕੇ। ਪਹਿਲਾਂ ਮੈਨੂੰ ਤੁਰ ਜਾਣਾ ਚਾਹੀਦਾ ਸੀ।’ ਅਜਿਹੀ ਕਹਾਣੀ ਇਕੱਲੀ ਇੱਕ ਮਾਤਾ ਦੀ ਨਹੀਂ। ਅਸੀਂ ਆਪਣੇ ਆਸ-ਪਾਸ ਝਾਤੀ ਮਾਰਕੇ ਵੇਖੀਏ। ਅਜਿਹੀਆਂ ਅਨੇਕਾਂ ਮਸਾਲਾਂ ਸਾਨੂੰ ਮਿਲ ਜਾਣਗੀਆਂ।
ਮੈਂ ਸੋਚਦੈਂ ਬੰਦਾ ਕਿਉਂ ਆਪਣੇ ਮੂੰਹੋਂ ਆਪੇ ਮੌਤ ਮੰਗਦਾ। ਟੱਬਰ ਤਾਂ ਇਨਸਾਨ ਇਸੇ ਲਈ ਪਾਲਦਾ ਕਿ ਬੁਢਾਪੇ ‘ਚ ਕੋਈ ਉਸਦਾ ਸਹਾਰਾ ਬਣੇ। ਉਮਰਾਂ ਦਾ ਪ੍ਰਛਾਵਾਂ ਜਦੋਂ ਢਲ ਜਾਵੇ, ਜ਼ਿੰਦਗੀ ਦੀਆਂ ਤ੍ਰਿਕਾਲਾਂ ਵੇਲੇ ਉਦ੍ਹੇ ਆਪਣੇ ਉਹਦੇ ਅੰਗ-ਸੰਗ ਰਹਿਣ। ਬੁਢਾਪੇ ‘ਚ ਬੰਦਾ ਝੂਰ-ਝੂਰ ਕੇ ਦਿਨ ਨਾ ਕਟੇ। ਹੱਸ ਖੇਡ ਕੇ ਘਰ ਦੇ ਜੀਆਂ ‘ਚ ਇਨਸਾਨ ਆਪਣੀ ਰਹਿੰਦੀ ਉਮਰ ਦੇ ਦਿਨ ਗੁਜਾਰੇ।
ਅਸੀਂ ਆਪਣੇ ਲਈ, ਆਪਣੇ ਬੱਚਿਆਂ ਲਈ ਅਨੇਕਾਂ ਯੋਜਨਾਵਾਂ ਉਲੀਕਦੇ ਹਾਂ। ਪਰ ਬਜ਼ੁਰਗਾਂ ਲਈ ਸਾਡੇ ਕੋਲ, ਸਮਾਜ ਕੋਲ ਜਾਂ ਸਰਕਾਰ ਕੋਲ ਕੋਈ ਯੋਜਨਾ ਨਹੀਂ।
ਮੇਰੇ ਚੇਤਿਆਂ ‘ਚੋਂ ਇਕ ਸੋਚ ਉਭਰਦੀ ਹੈ ਜਦੋਂ ਘਰਾਂ ਦੇ ਵੱਡੇ ਬਜ਼ੁਰਗ ਛੋਟੇ ਬੱਚਿਆਂ ਨੂੰ ਲੋਰੀਆਂ ਦੇਂਦਿਆਂ ਪਿੰਨੀਆਂ ਤੇ ਲਿਟਾ ਕੇ ਝੂਟੇ-ਮਾਟੇ ਕਰਦਿਆਂ ਉੱਚੀ ਅਵਾਜ਼ ‘ਚ ਚਿਤਾਵਨੀ ਵਜੋਂ ਦੋ ਲਾਈਨਾਂ ਬੋਲਿਆ ਕਰਦੇ ਸਨ ‘ਕਿ ਲੋਕੋ! ਕਾਲ਼ੀ ਹਨੇਰੀ ਆ ਗਈ ਜੇ, ਆਪਣੇ ਭਾਂਡੇ-ਛੰਨੇ ਸਾਂਭ ਲਉ।’ ਮੈਂ ਸੋਚਦਾਂ ਸ਼ਾਇਦ ਉਹਨਾਂ ਦਰਵੇਸ਼ ਲੋਕਾਂ ਦਾ ਅਜਿਹੀਆਂ ਕਾਲੀਆਂ ਹਨੇਰੀਆਂ ਵਲ ਇਸ਼ਾਰਾ ਸੀ। ਜਿੰਨ੍ਹਾਂ ਸਮਿਆਂ ‘ਚ ਮੂੰਹ ‘ਚੋਂ ਬੁਰਕੀਆਂ ਕਢ-ਕਢ ਪਾਲੇ ਸ਼ਰਵਣ ਪੁੱਤ ਆਪਣੇ ਫਰਜਾਂ ਤੋਂ ਮੂੰਹ ਮੋੜ ਜਾਂਦੇ ਹਨ ਤੇ ਬਜ਼ੁਰਗ ਮਾਂ-ਬਾਪ ਕਿਸੇ ਧਾਰਮਿਕ ਸਥਾਨ ਬਾਹਰ ਬੈਠ ਕੇ ਮੰਗ-ਮੰਗ ਕੇ ਆਪਣਾ ਗੁਜ਼ਾਰਾ ਕਰਨ ਲਈ ਮਜ਼ਬੂਰ ਹੁੰਦੇ ਹਨ।
ਅਜੇ ਵੀ ਬਹੁਤ ਦੇਰ ਨਹੀਂ ਹੋਈ। ਸਾਨੂੰ ਜਾਗ ਜਾਣਾ ਚਾਹੀਦਾ। ਸਾਡੀ ਜਿੰਦਗੀ ਦੇ ਊਬੜ-ਖਾਬੜ ਪੈਂਡੇ ਨੂੰ ਪਾਰ ਕਰਾਉਣ ਲਈ ਇੰਨ੍ਹਾਂ ਬਜ਼ੁਰਗਾਂ ਸਾਰੀ ਉਮਰ ਪੁਲਾਂ ਦਾ ਕੰਮ ਕੀਤਾ। ਇਹ ਪੁਲ ਅੱਜ ਢਹਿ ਰਹੇ ਹਨ। ਸਾਨੂੰ ਅੱਗੇ ਹੋ ਕੇ ਇੰਨ੍ਹਾਂ ਢਹਿੰਦੇ ਪੁਲਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਕਿਉਂਕਿ ਬੁੱਢੇ ਤਾਂ ਕਲ ਨੂੰ ਆਪਾਂ ਵੀ ਹੋਣਾ।
498-ਏ, ਨਿਊ ਜਸਪਾਲ ਨਗਰ,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ। ਮੋਬਾਇਲ- 98721-65707