-ਦਿਲਜੀਤ ਸਿੰਘ ‘ਬੇਦੀ’
ਮੋ: 98148- 98570
ਮਨੁੱਖੀ ਜਾਮੇ ਵਿਚ ਵਿਚਰਦਿਆਂ ਸੇਵਾ ਦਾ ਪੱਲਾ ਫੜੀ ਰੱਖਣਾ ਮਨੁੱਖ ਦੀ ਵੱਡੀ ਵਡਿਆਈ ਦਾ ਪ੍ਰਤੀਕ ਹੈ। ਜਿਹੜੇ ਮਨੁੱਖ ਸਮਾਜ ਅਤੇ ਲੋਕਾਈ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਹਨ, ਉਹ ਸਮਾਜ ਵਿਚ ਤਾਂ ਸਤਿਕਾਰੇ ਹੀ ਜਾਂਦੇ ਹਨ ਨਾਲ ਦੀ ਨਾਲ ਹੋਰਨਾਂ ਲਈ ਪੈੜਾਂ ਦੇ ਸਿਰਜਕ ਵੀ ਬਣਦੇ ਹਨ। ਮਨੁੱਖਤਾ ਦੀ ਸੇਵਾ ਲਈ ਸਿਦਕ, ਚਾਅ ਅਤੇ ਉਮਾਹ ਦਾ ਹੋਣਾ ਵੀ ਅਵੱਸ਼ਕ ਹੈ। ਸੇਵਾ ਦੁਆਰਾ ਮਨੁੱਖੀ ਮਨ ਵਿਚ ਪਵਿੱਤਰਤਾ ਆਉਂਦੀ ਹੈ। ਭਾਈ ਗੁਰਦਾਸ ਜੀ ਅਨੁਸਾਰ ਸੇਵਾ ਤੋਂ ਵਿਹੂਣਾ ਤਨ ਵੀ ਨਿਰਾਰਥਕ ਹੈ:
ਵਿਣੁ ਸੇਵਾ ਧ੍ਰਿਗ ਹਥ ਪੈਰ ਹੋਰ ਨਿਹਫਲ ਕਰਣੀ॥
ਸੇਵਾ ਦੀ ਮੂਲ ਭਾਵਨਾ ਨਾਲ ਲਬਰੇਜ਼ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ ਦੀ ਸੇਵਾ ਦੇ ਖੇਤਰ ਵਿਚ ਕਰਮਸ਼ੀਲਤਾ ਉਨ੍ਹਾਂ ਨੂੰ ਹੋਰਨਾ ਤੋਂ ਵਖਰਿਆਉਂਦੀ ਹੈ। ਡਾ. ਨਿਰੰਕਾਰ ਸਿੰਘ ਨੇਕੀ ਦਾ ਜਨਮ ਪਿਤਾ ਸ. ਦਲੀਪ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੇ ਘਰ ਬੰਗਾ, ਜਿਲ੍ਹਾ ਨਵਾਂਸ਼ਹਿਰ ਵਿਖੇ ਹੋਇਆ। ਡਾ. ਨੇਕੀ ਨੇ ਮੁੱਢਲੀ ਸਿੱਖਿਆ ਖਾਲਸਾ ਹਾਈ ਸਕੂਲ ਬੰਗਾ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਪ੍ਰਾਪਤ ਕੀਤੀ। ਡਾਕਟਰੀ ਦੀ ਸਿੱਖਿਆ ਐਮ.ਬੀ.ਬੀ.ਐਸ. ਅਤੇ ਐਮ.ਡੀ. ਸਰਕਾਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇਸ ਉਪਰੰਤ ਪੀ.ਜੀ.ਆਈ. ਚੰਡੀਗੜ੍ਹ ਤੋਂ ਐਡੋਕਰਾਈਨੋਲੋਜੀ ਵਿਸ਼ੇ ‘ਤੇ ਟ੍ਰੇਨਿੰਗ ਕੀਤੀ।
ਮੈਡੀਕਲ ਦੇ ਖੇਤਰ ਵਿਚ ਕੰਮ ਕਰਦੇ ਹੋਏ ਉਨ੍ਹਾਂ ਨੇ ਮਨੁੱਖੀ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਸਾਬਤ-ਸੂਰਤ ਇਸ ਸ਼ਖ਼ਸੀਅਤ ਨੇ ਸੇਵਾ ਦੀ ਮਿਸਾਲ ਸਿਰਜ ਕੇ ਭਾਈ ਘਨ੍ਹਈਆ ਜੀ ਦੇ ਰੋਲ ਨੂੰ ਸੱਚਮੁਚ ਹੀ ਮੂਰਤੀਮਾਨ ਕੀਤਾ ਹੈ। ਮੈਡੀਕਲ ਸੇਵਾਵਾਂ ਨਿਭਾਉਂਦਿਆਂ ਉਹ ਮਰੀਜ਼ਾਂ ਨਾਲ ਹਮਦਰਦੀ ਭਰੀ ਭਾਵਨਾ ਲੈ ਕੇ ਵਿਚਰਦੇ ਹਨ। ਆਪਣੇ ਪ੍ਰੋਫੈਸ਼ਨ ਵਿਚ ਉਹ ਗਰੀਬਾਂ ਅਤੇ ਲੋੜਵੰਦਾਂ ਦੇ ਦੁੱਖ ਨੂੰ ਹਾਰਦਿਕ ਤੌਰ ‘ਤੇ ਸਮਝਦੇ ਹਨ। ਇਸੇ ਹੀ ਭਾਵਤਾ ਤਹਿਤ ਉਹ ਲੋੜਵੰਦ ਮਰੀਜ਼ਾਂ ਨੂੰ ਆਪਣੀ ਕਿਰਤ-ਕਮਾਈ ਵਿੱਚੋਂ ਦਵਾਈਆਂ ਆਦਿ ਵੀ ਲੈ ਕੇ ਦਿੰਦੇ ਹਨ। ਆਪਣੇ ਸਦਗੁਣਾ ਕਰਕੇ ਉਹ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇੱਕ ਵਿਲੱਖਣ ਸ਼ਖਸੀਅਤ ਵਜੋਂ ਪ੍ਰਵਾਨੇ ਜਾਂਦੇ ਹਨ। ਉਨ੍ਹਾਂ ਦੀ ਵਾਰਡ ਵਿਖੇ ਚੰਗੇਰੀ ਸਿੱਖਿਆ ਨੂੰ ਦਰਸਾਉਂਦੇ ਵੱਖ-ਵੱਖ ਸਲੋਗਨ ਦ੍ਰਿਸ਼ਟਮਾਨ ਹੁੰਦੇ ਹਨ। ਉਹ ਵਾਰਡ ਦੀ ਸਾਫ ਸਫਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸ ਦੀ ਅੱਖੀਂ ਦੇਖੀ ਮਿਸਾਲ ਇਹ ਹੈ ਕਿ ਉਹ ਆਪਣੀ ਵਾਰਡ ਦੇ ਆਲੇ ਦੁਆਲੇ ਉੱਗੀ ਘਾਹ-ਬੂਟੀ ਦੀ ਸਫਾਈ ਲਈ ਆਪ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨ।
ਡਾ. ਨਿਰੰਕਾਰ ਸਿੰਘ ਨੇਕੀ ਜੀਵਨ ਮੁੱਲਾਂ ਨੂੰ ਪਰਣਾਏ ਨੇਕ, ਇਮਾਨਦਾਰ, ਮਿਹਨਤੀ, ਆਪਣੇ ਜ਼ਿੰਮੇ ਲੱਗੇ ਕਾਰਜਾਂ ਪ੍ਰਤੀ ਜਾਗਰੂਕ, ਸਮੇਂ ਦੇ ਪਾਬੰਦ ਅਤੇ ਨਿਸ਼ਕਾਮ ਸਮਾਜ ਸੇਵਕ ਹਨ। ਉਨ੍ਹਾਂ ਨੇ ਆਪਣੀ ਲਗਨ ਅਤੇ ਡਾਕਟਰੀ ਕਿੱਤੇ ਵਿਚ ਹਾਸਲ ਕੀਤੀ ਸੁਯੋਗਤਾ ਨਾਲ ਦੇਸ਼-ਦੁਨੀਆ ਵਿਚ ਨਾਮਣਾ ਖੱਟਿਆ ਹੈ। ਉਹ ਜਿੱਥੇ ਡਾਕਟਰੀ ਕਿੱਤੇ ਵਿਚ ਆਪਣੀ ਕੁਸ਼ਲ ਕਾਰਜਸ਼ੈਲੀ ਕਰਕੇ ਆਮ ਲੋਕਾਂ ਵਿਚ ਹਰਮਨ ਪਿਆਰੇ ਹਨ, ਉਥੇ ਪ੍ਰਬੀਣ ਬੁੱਧੀ ਸਦਕਾ ਗੁਰਮਤਿ ਸੰਗੀਤ ਬਾਰੇ ਵੀ ਭਰਪੂਰ ਜਾਣਕਾਰੀ ਰੱਖਦੇ ਹਨ। ਆਪਣੀ ਇਸੇ ਖੂਬੀ ਸਦਕਾ ਉਹ ਸਮੇਂ-ਸਮੇਂ ਗੁਰਬਾਣੀ ਸ਼ਬਦ ਗਾਇਨ ਕਰਕੇ ਧੁਰ ਕੀ ਬਾਣੀ ਦਾ ਅਨੰਦ ਮਾਣਦੇ ਅਤੇ ਵੰਡਦੇ ਵੀ ਹਨ। ਡਾ. ਨੇਕੀ ਬਾਜ਼ਾਰੀ ਚਮਕ-ਦਮਕ ਤੋਂ ਕੋਹਾਂ ਦੂਰ ਸੰਜਮੀ ਅਤੇ ਸਹਿਜ ਵਾਲੀ ਬਿਰਤੀ ਦੇ ਧਾਰਨੀ ਹਨ। ਚੰਗੀ ਆਰਥਿਕਤਾ ਦੇ ਬਾਵਜੂਦ ਵੀ ਉਹ ਸਾਈਕਲ ‘ਤੇ ਰੁਟੀਨ ਦਾ ਸਫ਼ਰ ਕਰਦਿਆਂ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਸ਼ਹਿਰ ਵਿਚ ਸਿਟੀ ਸਾਈਕਲਿੰਗ ਕਲੱਬ ਦੀ ਸਥਾਪਨਾ ਵੀ ਕੀਤੀ ਹੋਈ ਹੈ, ਜਿਸ ਰਾਹੀਂ ਉਹ ਲੋਕਾਂ ਨੂੰ ਪ੍ਰਦੂਸ਼ਣ ਤੋਂ ਰੋਕਣ ਲਈ ਯਤਨਸ਼ੀਲ ਹਨ। ਉਹ ਲੋਕਾਂ ਨੂੰ ਸਾਈਕਲਿੰਗ ਦੇ ਲਾਭ ਦੱਸ ਕੇ ਪ੍ਰੇਰਤ ਕਰਦੇ ਹਨ ਅਤੇ ਹੁਣ ਤੱਕ ਇੱਕ ਸੌ ਤੋਂ ਵੱਧ ਜਾਗਰੂਕਤਾ ਸਬੰਧੀ ਕੈਂਪ ਵੀ ਲਗਾ ਚੁੱਕੇ ਹਨ। ਸਮਾਜ ਵਿਚ ਸਾਦਗੀ ਦਾ ਪ੍ਰਚਾਰ ਉਨ੍ਹਾਂ ਦਾ ਮਿਸ਼ਨ ਹੈ। ਉਹ ਕੁਦਰਤੀ ਜੀਵਨ ਨੂੰ ਹੀ ਅਸਲੀ ਜੀਵਨ ਮੰਨਦੇ ਹਨ। ਡਾ. ਨੇਕੀ ਵੱਲੋਂ ਅਜੋਕੇ ਰੰਗ-ਤਮਾਸ਼ਿਆਂ ਅਤੇ ਪੱਛਮੀ ਸਭਿਅਤਾ ਵਾਲੀ ਜੀਵਨ-ਸ਼ੈਲੀ ਦੀ ਥਾਂ ਸਾਦਾ ਜੀਵਨ ਜਿਉਣਾ ਆਮ ਲੋਕਾਂ ਲਈ ਪ੍ਰੇਰਨਾ ਦਾ ਸੋਮਾ ਹੈ।
ਇਨ੍ਹਾਂ ਨੇ ਅਕਾਦਮਿਕ ਖੇਤਰ ਵਿਚ ਵੀ ਮੱਲਾਂ ਮਾਰੀਆਂ ਹਨ। ਡਾ. ਨੇਕੀ ਦੀਆਂ ਅਨੇਕਾਂ ਰਚਨਾਵਾਂ ਵੱਖ-ਵੱਖ ਡਾਕਟਰੀ ਨਾਲ ਸਬੰਧਤ ਰਸਾਲਿਆਂ ਵਿਚ ਛਪ ਚੁੱਕੀਆਂ ਹਨ। ਡਾ. ਨੇਕੀ ਕੈਨੇਡਾ, ਅਮਰੀਕਾ ਤੇ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਦੇ ਵਿਜਟਿੰਗ ਪ੍ਰੋਫੈਸਰ ਵੀ ਹਨ।
ਉਨ੍ਹਾਂ ਦੀਆਂ ਸੇਵਾਵਾਂ ਦੇ ਇਵਜ ਵੱਜੋਂ ਅਨੇਕਾਂ ਮਾਨ-ਸਨਮਾਨ ਉਨਾਂ ਦੀ ਜਿੰਦਗੀ ਦਾ ਹਿੱਸਾ ਬਣੇ ਹਨ। ਭਾਈ ਘਨਈਆਂ ਜੀ ਮਿਸ਼ਨ ਸੁਸਾਇਟੀ ਵੱਲੋਂ 2006 ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੱਲੋਂ 2007 ਵਿਚ ਪ੍ਰਸ਼ੰਸਾ ਪੱਤਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ 2007 ਵਿਚ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2009ਚ ਪ੍ਰਸ਼ੰਸਾ ਪੱਤਰ, 2010 ਵਿਚ ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਪ੍ਰਸੰਸਾ ਪੱਤਰ ਦੇ ਰੂਪ ਵਿਚ ਸਨਮਾਨ ਉਨ੍ਹਾਂ ਨੂੰ ਪ੍ਰਾਪਤ ਹੋਏ। ਸੰਨ 2011 ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਭਾਈ ਜੈਤਾ ਜੀ ਰਾਜ ਪੱਧਰੀ ਪੁਰਸਕਾਰ ਦਿੱਤਾ ਗਿਆ। ਇਨ੍ਹਾਂ ਨੂੰ ਤਿੰਨ ਦਰਜਨ ਤੋਂ ਜ਼ਿਆਦਾ ਫੈਲੋਸ਼ਿਪ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਇਹ ਫੈਲੋਸ਼ਿਪ ਆਫ ਰੁਆਇਲ ਕਾਲਜ ਆਫ ਫਿਜੀਸ਼ੀਅਨ ਪੁਰਸਕਾਰ ਚਾਰ ਵਾਰ ਲੈਣ ਵਾਲੇ ਉਤਰੀ ਭਾਰਤ ਦੇ ਪਹਿਲੇ ਡਾਕਟਰ ਹਨ। 4 ਮਈ 2013 ਨੂੰ ਅਮਰੀਕਾ ਦੇ ਸ਼ਹਿਰ ਫਿਨਿਕਸ ਵਿਖੇ ਫੈਲੋਸ਼ਿਪ ਆਫ ਅਮਰੀਕਨ ਕਾਲਜ ਆਫ ਐਡੋਕਰਾਈਨੌਲੋਜੀ ਪੁਰਸਕਾਰ ਨਾਲ ਆਪ ਨੂੰ ਸਨਮਾਨਤ ਕੀਤਾ ਗਿਆ, ਜਿਸ ਨਾਲ ਇਨ੍ਹਾਂ ਦਾ ਨਾਂ ਦੁਨੀਆਂ ਦੇ ਉਚ ਕੋਟੀ ਦੇ ਡਾਕਟਰਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਗਿਆ। ਸੰਨ 2011 ਵਿਚ ਪੰਜਾਬ ਸਰਕਾਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 32 ਵਾਰ ਖੂਨ ਦਾਨ ਕਰਨ ਬਦਲੇ ਪ੍ਰਸੰਸਾ ਪੱਤਰ ਦਿੱਤੇ ਗਏ। ਸੰਨ 2008ਵਿਚ ਆਲ ਇੰਡੀਆ ਪਿੰਗਲਵਾੜਾ ਸੰਸਥਾ ਵੱਲੋਂ ਸਨਮਾਨ ਮਿਲਿਆ। ਇਸੇ ਤਰ੍ਹਾਂ ਹੀ ਹੋਰ ਅਨੇਕਾਂ ਸਨਮਾਨ ਵੀ ਆਪ ਦੀ ਸ਼ਖਸੀਅਤ ਨੂੰ ਉਘਾੜਦੇ ਹਨ।