ਪੱਟੀ, 31 ਜਨਵਰੀ (ਰਣਜੀਤ ਸਿੰਘ ਮਾਹਲਾਫ਼ ਅਵਤਾਰ ਸਿੰਘ ਢਿੱਲੋ)- ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਲਈ ਸ਼ੁਰੂ ਕੀਤੀ ਸਸਤਾ ਅਨਾਜ ਸਕੀਮ ਤਹਿਤ ਪਿਛਲੇ ਕਈ ਦਿਨਾਂ ਤੋਂ ਕੈਰੋਂ ਭਵਨ ਪੱਟੀ ਵਿਖੇ ਕਣਕ ਵੰਡੀ ਜਾ ਰਹੀ ਸੀ, ਪਰ ਸਥਾਨਕ ਆਗੂਆਂ ‘ਤੇ ਪੱਖਪਾਤ ਦਾ ਦੋਸ਼ ਲਗਾਉਂਦੇ ਹੋਏ ਉਕਤ ਸਕੀਮ ਤਹਿਤ ਕਣਕ ਨਾ ਮਿਲਣ ਵਾਲੇ ਨੀਲੇ ਕਾਰਡ ਹੋਲਡਰਾਂ ਨੇ ਅੱਜ ਦੁਪਹਿਰ ਕੈਰੋਂ ਭਵਨ ਦੇ ਬਾਹਰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਬੀਬਾ ਪ੍ਰਨੀਤ ਕੌਰ ਕੈਰੋਂ ਅਤੇ ਕੁੱਝ ਸਥਾਨਕ ਅਕਾਲੀ ਆਗੂਆਂ ਅਤੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ।ਇਸ ਮੌਕੇ ਦੇਵਾ ਸਿੰਘ, ਰਵੀ ਕੁਮਾਰ, ਜੋਗਿੰਦਰ ਕੌਰ, ਪੂਜਾ ਰਾਣੀ, ਬੂੜ ਸਿੰਘ, ਕਸ਼ਮੀਰ ਸਿੰਘ, ਅਮਰਜੀਤ ਕੌਰ, ਬਖਸ਼ੀਸ਼ ਸਿੰਘ, ਗੁਰਮੇਜ ਸਿੰਘ, ਬਲਬੀਰ ਕੌਰ, ਕੁਲਦੀਪ ਕੌਰ, ਸਵਰਨ ਸਿੰਘ ਆਦਿ ਨੇ ਕਿਹਾ ਕਿ ਅਸੀਂ ਪਿਛਲੇ 15 ਦਿਨਾਂ ਤੋਂ ਲਗਾਤਾਰ ਕਣਕ ਲੈਣ ਲਈ ਚੱਕਰ ਕੱਢ ਰਹੇ ਹਾਂ, ਪਰ ਸਾਨੂੰ ਇਥੇ ਰੋਜ਼ਾਨਾ ਪੱਟੀ ਸ਼ਹਿਰ ਦੇ ਸਬੰਧਿਤ ਲੀਡਰਾਂ ਵੱਲੋਂ ਜਲੀਲ ਕਰਕੇ ਘਰ ਵਾਪਿਸ ਭੇਜ ਦਿੱਤਾ ਜਾਂਦਾ ਹੈ, ਕਿ ਤੁਹਾਡੀ ਵਾਰੀ 25 ਤਰੀਕ ਤੋਂ ਬਾਅਦ ਆਉਣੀ ਹੈ ਪਰ 25 ਤਰੀਕ ਤੋਂ ਬਾਅਦ ਜਦ ਬੱਚਿਆਂ ਸਮੇਤ ਆਏ ਤਾਂ ਉਨਾਂ ਦੀ ਕੋਈ ਵੀ ਪੁੱਛ-ਗਿੱਛ ਨਹੀਂ ਹੁੰਦੀ।ਕੁੱਝ ਲੋਕਾਂ ਨੇ ਦੱਸਿਆ ਕਿ ਉਹ ਪਿਛਲੇ 20 ਦਿਨਾਂ ਤੋਂ ਚੱਕਰ ਲਗਾ ਰਹੇ ਹਾਂ, ਪਰ ਵਾਪਸ ਘਰ ਵਾਪਿਸ ਭੇਜ ਦਿੱਤਾ ਜਾਂਦਾ ਹੈ ਕਿ ਤੁਹਾਡੇ ਆਧਾਰ ਕਾਰਡ ਨਹੀਂ ਬਣੇ। ਉਧਰ ਉਨਾਂ ਦੇ ਸਾਹਮਣੇ ਹੀ ਸਥਾਨਕ ਆਗੂ ਆਪਣੇ ਚਹੇਤਿਆਂ ਨੂੰ ਬਿਨਾਂ ਆਧਾਰ ਕਾਰਡ ਤੋਂ ਕਣਕ ਦਿਵਾ ਰਹੇ ਹਨ। ਧਰਨਾਕਾਰੀਆਂ ਨੇ ਪ੍ਰਸ਼ਾਸਨ ਅਤੇ ਫੂਡ ਸਪਲਾਈ ਮਹਿਕਮੇ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਨੂੰ ਇਸ ਸਕੀਮ ਦਾ ਲਾਭ ਪ੍ਰਾਪਤ ਨਾ ਹੋਇਆ ਤਾਂ ਅਸੀਂ ਇਕ ਹਫਤੇ ਤਂੋ ਬਾਦ ਨੀਲੇ ਕਾਰਡ ਸਾੜਨ ਲਈ ਮਜਬੂਰ ਹੋ ਜਾਵਾਂਗੇ। ਇਸ ਮੌਕੇ ‘ਤੇ ਥਾਣਾ ਮੁਖੀ ਪੱਟੀ ਗੁਰਵਿੰਦਰ ਸਿੰਘ ਔਲਖ ਧਰਨਾ ਸਥਾਨ ‘ਤੇ ਪੁੱਜੇ ਤੇ ਧਰਨਾਕਾਰੀਆਂ ਨੂੰ ਮਸਲਾ ਹੱਲ ਕਰਨ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ।ਇਸੇ ਦੌਰਾਨ ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਚੰਨ ਨੇ ਦੱਸਿਆ ਕਿ ਹਰੇਕ ਲੋੜਵੰਦ ਨੂੰ ਸਕੀਮ ਵਿਚ ਲਿਆਂਦਾ ਗਿਆ ਹੈ ਅਤੇ ਜਿਨ੍ਹਾਂ ਨੂੰ ਇਸ ਸਕੀਮ ਤਹਿਤ ਕਣਕ ਨਹੀਂ ਮਿਲੀ ਉਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …