ਅੰਮ੍ਰਿਤਸਰ, 25 ਫਰਵਰੀ (ਰੋਮਿਤ ਸ਼ਰਮਾ) – ਪ੍ਰਸਿੱਧ ਨਾਟ-ਸੰਸਥਾ ਮੰਚ-ਰੰਗਮੰਚ ਅਤੇ ਭਾਈ ਵੀਰ ਸਿੰਘ ਸਦਨ ਨਵੀਂ ਦਿੱਲੀ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਦਾ ਸੰਗੀਤਮਈ ਨਾਟਕੀ ਮੰਚਣ ਕੀਤਾ ਗਿਆ।ਭਾਈ ਵੀਰ ਸਿੰਘ ਜੀ ਦੇ ਲਿਖੇ ਨਾਵਲ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ, ਰਾਜਾ ਲੱਖ ਦਾਤਾ (ਨਾਟਕ), ਜੈਨਾ ਦਾ ਵਿਰਲਾਪ (ਕਾਵਿ-ਨਾਟਕ), ਕੰਤ ਮਹੇਲੀ ਦਾ ਬਾਰਾਂ ਮਾਹ ਅਤੇ ਭਾਈ ਸਾਹਿਬ ਦੀਆਂ ਪ੍ਰਸਿੱਧ ਕਵਿਤਾਵਾਂ ‘ਫੁੰਡਿਆ ਤੋਤਾ’,’ਮੇਰੀ ਛਿਪੀ ਰਹੇ ਗੁਲਜ਼ਾਰ’,’ਸਾਬਨ ਲਾ-ਲਾ ਧੋਤਾ ਕੋਲਾ’, ‘ਵੀਣਕਾਰ ਨੂੰ ਵੀਣਾ ਪਈ ਆਖੇ’, ‘ਮੈਂ ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾਂ ਮਨੀ’ ‘ਗੁਲਾਬ’, ‘ਕੇਲੋਂ ਦੇ ਗਲ ਲਗੀ ਵੇਲ’ ਅਤੇ ਹੋਰ ਸਾਰੀਆਂ ਕਵਿਤਾਵਾਂ ਨੂੰ ਮਿਲਾਕੇ ਕੇਵਲ ਧਾਲੀਵਾਲ ਨੇ ਆਪਣੀਆਂ ਨਾਟਕੀ ਛੋਹਾਂ ਨਾਲ ਬਹੁੱਤ ਹੀ ਖੂਬਸੂਰਤ ਦ੍ਰਿਸ਼ ਸਿਰਜੇ ਹਨ।ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਦੀ ਇਸ ਖੂਬਸੂਰਤ ਸੰਗੀਤਮਈ ਪੇਸ਼ਕਾਰੀ ਨੂੰ ਮੰਚ-ਉਪਰ ਸਾਕਾਰ ਕਰਨ ਲਈ ਪਵੇਲ ਸੰਧੂ, ਗੁਰਤੇਜ ਮਾਨ, ਸਰਬਜੀਤ ਲਾਡਾ, ਵਿਸ਼ੂ ਸ਼ਰਮਾ, ਮਨਜਿੰਦਰ ਅਨਜਾਨ, ਸੁਖਵਿੰਦਰ ਵਿਰਕ, ਕੋਮਲਪ੍ਰੀਤ, ਰਮਨਦੀਪ, ਕੁਲਬੀਰ ਕੌਰ, ਪ੍ਰਿੰਸ ਮਹਿਰਾ, ਹਰਮਨ ਅਤੇ ਆਕਾਸ਼ ਦੀਪ ਵੱਲੋਂ ਬਹੁਤ ਖੂਬਸੂਰਤ ਭੂਮਿਕਾਵਾਂ ਨਿਭਾਇਆਂ ਗਈਆਂ ਹਨ।ਇਸ ਖੂਬਸੂਰਤ ਨਾਟਕ ਦਾ ਸੰਗੀਤ ਲੋਪੋਕੇ ਭਰਾਵਾਂ ਰਜਿੰਦਰ ਸਿੰਘ ਅਤੇ ਲਖਬੀਰ ਸਿੰਘ ਵੱਲੋਂ ਦਿੱਤਾ ਗਿਆ।ਇਸ ਨਾਟਕ ਦੀ ਪੇਸ਼ਕਾਰੀ ਮੌਕੇ ਡਾ: ਅਜਾਇਬ ਸਿੰਘ ਬਰਾੜ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ ਤੇ ਉਨਾਂ ਸ੍ਰੀ ਕੇਵਲ ਧਾਲੀਵਾਲ ਤੇ ਕਲਾਕਾਰਾਂ ਦਾ ਸਨਮਾਨ ਕਰਦਿਆਂ ਇਸ ਨਾਟਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੀ ਪੇਸ਼ ਕਰਨ ਦਾ ਸੱਦਾ ਦਿੱਤਾ।ਇਸ ਮੌਕੇ ਡਾ: ਦਲਜੀਤ ਸਿੰਘ, ਜਤਿੰਦਰ ਬਰਾੜ, ਡਾ. ਸਵਰਾਜਬੀਰ, ਡਾ. ਮਹਿੰਦਰ ਸਿੰਘ, ਮੈਡਮ ਨਵਨੀਤ ਕੌਰ, ਡਾ: ਇੰਦਰਜੀਤ ਕੌਰ, ਜਸਵੰਤ ਸਿੰਘ ਜੱਸ, ਜਸਬੀਰ ਸਿੰਘ ਸੱਗੂ, ਮਨਮਹੋਨ ਸਿੰਘ ਢਿੱਲੋਂ, ਕੁਲਜੀਤ ਸਿੰਘ ਡੌਨੀ, ਹਰਪ੍ਰੀਤ ਸਿੰਘ ਪਿੰਟੂ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।