ਪੰਜਾਬ ਪੁਲਿਸ ਦੇ ਜਵਾਨਾਂ ਹਥਿਆਰ ਉਲਟੇ ਕਰਕੇ ਦਿੱਤੀ ਮ੍ਰਿਤਕ ਦੇਹ ਨੂੰ ਸਰਧਾਂਜਲੀ
ਬਟਾਲਾ, 24 ਮਾਰਚ (ਨਰਿੰਦਰ ਬਰਨਾਲ) – ਸਾਬਕਾ ਮੰਤਰੀ ਸ. ਕਰਮ ਸਿੰਘ ਜਗੀਰਦਾਰ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬੋਲੇਵਾਲ ਵਿਖੇ ਪੂਰੇ ਸਰਕਾਰੀ ਸਨਮਾਨਾਂ ਤੇ ਧਾਰਮਿਕ ਰਸਮਾਂ ਰਿਵਾਜਾਂ ਅਨੁਸਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਅਤੇ ਮਾਤਮੀ ਧੁੰਨ ਵਜਾ ਕੇ ਸਵਰਗਵਾਸੀ ਕਰਮ ਸਿੰਘ ਜਗੀਰਦਾਰ ਨੂੰ ਸਲਾਮੀ ਭੇਂਟ ਕੀਤੀ।
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਸ. ਕਰਮ ਸਿੰਘ ਜਗੀਰਦਾਰ ਦੀ ਮ੍ਰਿਤਕ ਦੇਹ ਉੱਪਰ ਫੁੱਲ ਮਾਲਵਾਂ ਚੜ੍ਹਾਈਆਂ ਜਦਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਫੁੱਲ ਮਲਾਵਾਂ ਚੜ੍ਹਾਉਣ ਦੀ ਰਸਮ ਬਟਾਲਾ ਦੇ ਐੱਸ.ਡੀ.ਐੱਮ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਨਿਭਾਈ। ਜ਼ਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਪਾਲ ਸਿੰਘ ਨੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਮ੍ਰਿਤਕ ਦੇਹ ‘ਤੇ ਫੁੱਲ ਮਲਾਵਾਂ ਭੇਂਟ ਕੀਤੀਆਂ। ਇਸੇ ਦੌਰਾਨ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਐੱਸ.ਪੀ. ਬਟਾਲਾ ਸ. ਜਤਿੰਦਰ ਸਿੰਘ ਮੰਡ, ਕੁਲਬੀਰ ਸਿੰਘ ਰੰਧਾਵਾ ਸਾਬਕਾ ਮੈਂਬਰ ਐੱਸ.ਐੱਸ. ਬੋਰਡ, ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਨਾਇਬ ਤਹਿਸੀਲਦਾਰ ਲਛਮਣ ਸਿੰਘ, ਸੁਖਦਰਸ਼ਨ ਸਿੰਘ ਸੇਖੋਂ, ਸਰਦੂਲ ਸਿੰਘ ਚੀਮਾਂ, ਪਰਮਿੰਦਰਪਾਲ ਸਿੰਘ ਨਕੋਦਰ ਸਮੇਤ ਵੱੱਡੀ ਗਿਣਤੀ ‘ਚ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਹਸਤੀਆਂ ਵੱਲੋਂ ਵੀ ਮ੍ਰਿਤਕ ਦੇਹ ‘ਤੇ ਫੁੱਲ ਮਲਾਵਾਂ ਭੇਂਟ ਕੀਤੀਆਂ ਗਈਆਂ। ਮ੍ਰਿਤਕ ਦੇਹ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਜਵਾਈ ਕੁਲਬੀਰ ਸਿੰਘ ਰੰਧਾਵਾ ਤੇ ਸੁਖਦਰਸ਼ਨ ਸਿੰਘ ਸੇਖੋਂ ਨੇ ਦਿਖਾਈ।
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਸ਼ੋਕ ਸੰਦੇਸ਼ ਭੇਜ ਕੇ ਕਰਮ ਸਿੰਘ ਜਗੀਰਦਾਰ ਦੀ ਮੌਤ ‘ਤੇ ਉਸਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸ. ਕਰਮ ਸਿੰਘ ਜਗੀਰਦਾਰ ਦੀ ਦੇਹ ਦੇ ਲੋਕਾਂ ਵੱਲੋਂ ਦਰਸ਼ਨ ਕੀਤੇ ਗਏ ਅਤੇ ਨਾਲ ਹੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਅਤੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸ. ਕਰਮ ਸਿੰਘ ਜਗੀਰਦਾਰ ਦੀਆਂ ਧੀਆਂ ਗੁਰਮੇਲ ਕੌਰ, ਸੁਖਦੇਵ ਕੌਰ, ਜਵਾਈ ਕੁਲਬੀਰ ਸਿੰਘ ਰੰਧਾਵਾ ਤੇ ਸੁਖਦਰਸ਼ਨ ਸਿੰਘ ਸੇਖੋਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਇਸ ਮੌਕੇ ਉਨ੍ਹਾਂ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਦੀ ਅਰਦਾਸ ਕਰਨ ਦੇ ਨਾਲ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ। ਸਾਬਕਾ ਮੰਤਰੀ ਸ. ਕਰਮ ਸਿੰਘ ਜਗੀਰਦਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ. ਕਰਮ ਸਿੰਘ ਨਮਿਤ ਅੰਤਿਮ ਅਰਦਾਸ ਦਾ ਭੋਗ 31 ਮਾਰਚ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਬੋਲੇਵਾਲ ਵਿਖੇ ਪਵੇਗਾ।
ਦੱਸਣਯੋਗ ਹੈ ਕਿ ਸ. ਕਰਮ ਸਿੰਘ ਜਗੀਰਦਾਰ ਦਾ ਜਨਮ ਪਿੰਡ ਬੋਲੇਵਾਲ ਵਿਖੇ ਪਿਤਾ ਘਨਈਆ ਸਿੰਘ ਅਤੇ ਮਾਤਾ ਲਛਮਣ ਕੌਰ ਦੇ ਘਰ ਸੰਨ 1917 ਵਿੱਚ ਹੋਇਆ ਸੀ। ਕਰਮ ਸਿੰਘ ਜਗੀਰਦਾਰ ਸੰਨ 1969 ‘ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਚੁਣੇ ਗਏ ਅਤੇ ਉਹ ਅਕਾਲੀ ਸਰਕਾਰ ‘ਚ ਪਸ਼ੂ ਪਾਲਣ ਵਿਭਾਗ ਦੇ ਰਾਜ ਮੰਤਰੀ ਬਣੇੇ ਸਨ। ਇਸ ਤੋਂ ਇਲਾਵਾ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਉਹ ਜ਼ਿਲ੍ਹਾ ਅਕਾਲੀ ਜਥਾ ਗੁਰਦਾਸਪੁਰ ਦੇ ਪ੍ਰਧਾਨ ਵੀ ਰਹੇ। ਧਰਮ ਯੁੱਧ ਮੋਰਚੇ ਅਤੇ ਪੰਜਾਬੀ ਸੂਬੇ ਦੇ ਸੰਘਰਸ਼ ਵਿੱਚ ਵੀ ਕਰਮ ਸਿੰਘ ਜਗੀਰਦਾਰ ਨੇ ਆਪਣਾ ਉੱਘਾ ਯੋਗਦਾਨ ਪਾਇਆ।