Monday, August 4, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ

PPN1004201511

ਅੰਮ੍ਰਿਤਸਰ 10 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਾਰਥ ਜ਼ੋਨ ਅਤੇ ਨੈਸ਼ਨਲ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਜੇਤੂ ਵਿਦਿਆਰਥੀ ਕਲਾਕਾਰਾਂ ਦਾ ਸਨਮਾਨ ਕਰਨ ਲਈ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਅਵਾਰਡ ਸਮਾਗਮ ਤੇ ਸਭਿਆਚਾਰਕ ਸ਼ਾਮ ਦਾ ਆਯੋਜਨ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਕੀਤਾ ਗਿਆ।  ਇਸ ਮੌਕੇ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਤੋਂ ਵਿਦਿਆਰਥੀ ਕਲਾਕਾਰ ਅਤੇ ਉਨਾਂ੍ਹ ਦੇ ਅਧਿਆਪਕ ਸ਼ਾਮਲ ਹੋਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਕਲਾ ਵੰਨਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਵੀ ਕੀਤੀ ਗਈ।
ਸਨਮਾਨ ਸਮਾਰੋਹ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਕੀਤੀ। ਲੇਡੀ ਵਾਈਸ-ਚਾਂਸਲਰ, ਡਾ. ਸਰਵਜੀਤ ਕੌਰ ਬਰਾੜ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਯੁਵਕ ਭਲਾਈ ਵਿਭਾਗ ਦੀ ਡਾਇਰੈਕਟਰ, ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਨਾਰਥ ਜ਼ੋਨ ਅਤੇ ਨੈਸ਼ਨਲ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਜੇਤੂ ਵਿਦਿਆਰਥੀ ਕਲਾਕਾਰਾਂ ਬਾਰੇ ਇਕ ਰਿਪੋਰਟ ਵੀ ਪੇਸ਼ ਕੀਤੀ।
ਪ੍ਰੋ. ਬਰਾੜ ਵੱਲੋਂ ਨਾਰਥ ਜ਼ੋਨ ਤੇ ਨੈਸ਼ਨਲ ਇੰਟਰ ਯੂਨੀਵਰਸਿਟੀ ਯੂਥ ਫੈਸਟੀਵਲ ਚੈਂਪੀਅਨ ਤੇ ਰਨਅਰਜ਼-ਅੱਪ ਟਰਾਫੀ ਲੈਣ ਵਾਲੇ 16 ਵਿਦਿਆਰਥੀ ਕਲਾਕਾਰਾਂ  ਨੂੰ 20 – 20 ਹਜ਼ਾਰ ਰੁਪਏ ਅਤੇ 18 ਵਿਦਿਆਰਥੀਆਂ ਨੂੰ 10-10 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟਰਾਫੀ ਵਿਚ ਹਿੱਸਾ ਪਾਉਣ ਕਰਕੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੂੰ 52 ਹਜ਼ਾਰ ਅਤੇ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਨੂੰ 36 ਹਜ਼ਾਰ ਇਕ ਸੌ ਰੁਪਏ ਨਕਦ ਇਨਾਮ ਦਿੱਤਾ ਗਿਆ। ਇੰਟਰ ਜ਼ੋਨਲ ਫਾਈਨਲ ਯੂਥ ਫੈਸਟ 2014 ਦੇ ਜੇਤੂ ਕਾਲਜਾਂ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ (ਚੈਂਪੀਅਨ) ਨੂੰ 20 ਹਜ਼ਾਰ, ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵਿਮਨ, ਅੰਮ੍ਰਿਤਸਰ (ਰਨਅਰਜ਼ ਅਪ) ਤੇ ਏ.ਪੀ.ਜੇ ਕਾਲਜ ਆਫ ਫਾਈਨ ਆਰਟਸ, ਜਲੰਧਰ (ਰਨਅਰਜ਼ ਅੱਪ) ਨੂੰ 15-15 ਹਜ਼ਾਰ ਰੁਪਏ ਅਤੇ ਡੀ.ਏ.ਵੀ. ਕਾਲਜ, ਜਲੰਧਰ ਨੂੰ 10 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ।
ਪ੍ਰੋ. ਬਰਾੜ ਨੇ ਵਿਦਿਆਰਥੀ ਕਲਾਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਡਾਇਰੈਕਟਰ, ਯੁਵਕ ਭਲਾਈ ਵਿਭਾਗ ਦੀ ਦੇਖ-ਰੇਖ ਹੇਠ ਨਾਰਥ ਜ਼ੋਨ ਅਤੇ ਨੈਸ਼ਨਲ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਕੀਤੀਆਂ ਪ੍ਰਾਪਤੀਆਂ ਸ਼ਲ਼ਾਘਾਯੋਗ ਹਨ। ਉਨ੍ਹਾਂ ਡਾ. ਜਗਜੀਤ ਕੌਰ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਧਾਈ ਵੀ ਦਿੱਤੀ। ਉਨ੍ਹਾਂ ਵਿਦਿਆਰਥੀ ਕਲਾਕਾਰਾਂ ਨੂੰ ਉਤਸ਼ਾਹਿਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਪਣੀਆਂ ਜਿੱਤਾਂ ਨਿਰੰਤਰ ਜਾਰੀ ਰੱਖਣਗੇ ਅਤੇ ਯੂਨੀਵਰਸਿਟੀ ਦਾ ਨਾਂ ਹੋਰ ਰੌਸ਼ਨ ਕਰਨਗੇ।
ਡਾ. ਜਗਜੀਤ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 30ਵੇਂ ਨਾਰਥ-ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ‘ਓਵਰਆਲ ਚੈਪੀਅਨਸ਼ਿਪ’ ਟਰਾਫੀ 2009 ਤੋ ਲਗਾਤਾਰ ਛੇਵੀ ਵਾਰ ਜਿੱਤੀ ਹੈ। ਇਹ ਫੈਸਟੀਵਲ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਵੱਲੋਂ ਯੂਨੀਵਰਸਿਟੀ ਆਫ ਜੰਮੂ, ਜੰਮੂ ਵਿਖੇ ਕਰਾਇਆ ਗਿਆ ਸੀ। ਇਸ ਫੈਸਟੀਵਲ ਵਿਚ ਦੇਸ਼ ਦੇ ਉਤਰੀ ਜ਼ੋਨ ਨਾਲ ਸਬੰਧਤ ਯੂਨੀਵਰਸਿਟੀਆਂ ਨੇ ਹਿੱਸਾ ਲਿਆ।ਆਲ ਇੰਡੀਆ ਪੱਧਰ ਤੇ ਵੀ 2009 ਤੋਂ ਹੁਣ ਤਕ ਨੈਸ਼ਨਲ ਯੂਥ ਫੈਸਟੀਵਲ ਦੀ ਦੋ ਵਾਰ ਚੈਂਪੀਅਨਸ਼ਿਪ ਟਰਾਫੀ ਅਤੇ 2014-15 ਸਮੇਤ ਚਾਰ ਵਾਰ ਓਵਰਆਲ ਫਸਟ ਰਨਅਰਜ਼ ਅੱਪ ਟਰਾਫੀ ਪ੍ਰਾਪਤ ਕਰਨ ਦਾ ਮਾਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਿਆ ਹੈ। 2014-15 ਦਾ ਨੈਸ਼ਨਲ ਯੂਥ ਫੈਸਟੀਵਲ ਦੇਵੀ ਅਹਿਲਿਆ ਯੂਨੀਵਰਸਿਟੀ, ਇੰਦੌਰ ਵਿਖੇ ਹੋਇਆ, ਜਿਥੇ 74 ਯੂਨੀਵਰਸਿਟੀਆਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਓਵਰਆਲ ਫਸਟ ਰਨਅਰਜ਼ਅੱਪ ਟਰਾਫੀ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਯੂਨੀਵਰਸਿਟੀ ਵਲੋ ਸੰਗੀਤ, ਥੀਏਟਰ, ਡਾਂਸ ਲਿਟਰੇਰੀ ਤੇ ਫਾਈਨ ਆਰਟਸ ਆਈਟਮਾਂ ਨਾਲ ਸਬੰਧਿਤ ਟੀਮਾਂ ਨੇ ਭਾਗ ਲਿਆ। ਯੂਨੀਵਰਸਿਟੀ ਵੱਲੋਂ ਇਨ੍ਹਾਂ ਆਈਟਮਾਂ ਵਿਚ ਅਹਿਮ ਪੁਜੀਸ਼ਨਾਂ ਹਾਂਸਲ ਕਰਦੇ ਹੋਏ ‘ਓਵਰਆਲ ਚੈਪੀਅਨਸ਼ਿਪ’ ਟਰਾਫੀ ਪ੍ਰਾਪਤ ਕਰਨ ਤੋਂ ਇਲਾਵਾ ਫਾਈਨ ਆਰਟਸ ਅਤੇ ਕਲਾਸੀਕਲ ਡਾਂਸ ਦੀਆਂ ਟਰਾਫੀਆਂ ਵੀ ਜਿੱਤੀਆਂ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਫਸਟ ਰਨਰਜ਼ ਅੱਪ ਰਹੀ ਅਤੇ ਫਾਈਨ ਆਰਟਸ ਦੀ ਟਰਾਫੀ ਪ੍ਰਾਪਤ ਕੀਤੀ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply