Thursday, November 21, 2024

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

22 ਮਈ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

Guru Arjan

ਕੰਵਲਜੀਤ ਕੌਰ ਢਿੱਲੋਂ

           ਸਿੱਖ ਇਤਿਹਾਸ ਗੁਰੂ ਸਾਹਿਬਾਨ, ਯੋਧਿਆਂ, ਸੂਰਬੀਰਾਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ।ਇਹ ਸ਼ਹਾਦਤਾਂ ਕਦੀ ਧਰਮ ਦੀ ਰੱਖਿਆ ਲਈ ਦਿੱਤੀਆਂ ਗਈਆਂ ਅਤੇ ਕਦੇ ਮਨੁੱਖਤਾ ਦੇ ਭਲੇ ਲਈ।ਇਹਨਾਂ ਸ਼ਹੀਦਾ ਨੇ ਜਿੱਥੇ ਖੁੱਦ ਤਸੀਹੇ ਸਹੇ, ਉਥੇ ਹੀ ਆਪਣਾ ਸਰਬੰਸ ਵਾਰਨ ਲੱਗਿਆਂ ਇੱਕ ਵਾਰ ਵੀ ਨਹੀਂ ਸੋਚਿਆ।ਸਿੱਖ ਇਤਿਹਾਸ ਵਿੱਚ ਸ਼ਹਾਦਤ ਦਾ ਇਹ ਸਿਲਸਿਲਾ ਸੀz ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੁੰਦਾ ਹੈ।ਜਿੰਨਾਂ ਨੂੰ ਮੁਗਲ ਸ਼ਾਸ਼ਕ ਜਾਂਹਗੀਰ ਦੇ ਹੁਕਮਾਂ ਅਨੁਸਾਰ ਤੱਤੀ ਤਵੀ ਤੇ ਬਿਠਾਇਆ ਗਿਆ, ਸੀਸ ਉਪਰ ਗਰਮ ਰੇਤ ਪਾਈ ਗਈ ਅਤੇ ਦੇਗ ਵਿੱਚ ਉਬਾਲਿਆ ਗਿਆ।ਪਰ ਇੰਨਾਂ ਕੁੱਝ ਹੋ ਜਾਣ ਦੇ ਬਾਵਜੂਦ ਵੀ ਆਪ ਨੇ ਇਸ ਨੂੰ ਅਕਾਲ ਪੁਰਖ ਦਾ ਭਾਣਾ ਮੰਨਿਆ ਅਤੇ ਸ਼ਾਂਤ ਚਿੱਤ ਹੋ ਅਡੋਲ ਰਹੇ।ਆਪਣੀ ਇਸ ਅਦੁੱਤੀ ਸ਼ਹਾਦਤ ਸਦਕਾ ਹੀ ਆਪ ਸ਼ਹੀਦਾਂ ਦੇ ਸਰਤਾਜ ਅਖਵਾਏ।
ਗੁਰੂ ਅਰਜਨ ਦੇਵ ਜੀ ਦਾ ਜਨਮ ਚੌਥੇ ਗੁੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ 15 ਅਪ੍ਰੈਲ 1563 ਈਸਵੀਂ ਨੂੰ ਗੋਇੰਦਵਾਲ ਸਾਹਿਬ (ਜਿਲ੍ਹਾ ਅੰਮ੍ਰਿਤਸਰ ਹੁਣ ਜਿਲ੍ਹਾ ਤਰਨ ਤਾਰਨ) ਵਿਖੇ ਹੋਇਆ।ਆਪ ਦੀ ਪ੍ਰਵਰਿਸ਼ ਆਪ ਜੀ ਦੇ ਨਾਨਾ ਅਤੇ ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਹੇਠ ਹੋਈ। ਆਪ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਅਤੇ ਬਾਬਾ ਬੁੱਢਾ ਜੀ ਦੇ ਵਰਦਾਨ ਨਾਲ ਆਪ ਦੇ ਗ੍ਰਹਿ ਵਿਖੇ ਬਾਲਕ ਹਰਗੋਬਿੰਦ ਦਾ ਜਨਮ ਹੋਇਆ। ਗੁਰੂ ਰਾਮਦਾਸ ਜੀ ਦੁਆਰਾ ਆਪ ਦੀ ਕਾਬਲੀਅਤ ਨੂੰ ਦੇਖਦਿਆਂ ਹੋਇਆਂ ਆਪ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਥਾਪ ਦਿੱਤਾ ਗਿਆ ਅਤੇ ਆਪ ਨੂੰ ਗੁਰਆਈ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਗਾਇਆ। ਗੁਰੂ ਰਾਮ ਦਾਸ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਵੱਲੋ ਸ਼ੁਰੂ ਕੀਤਾ ਚੱਕ ਰਾਮਦਾਸ ਪੁਰ ਦੇ ਸਰੋਵਰ ਦੀ ਖੁਦਾਈ ਦਾ ਅਧੂਰਾ ਕੰਮ ਵੀ ਆਪ ਵੱਲੋ ਪੂਰਾ ਕਰਵਾਇਆ ਗਿਆ। ਗੁਰੂ ਅਰਜਨ ਦੇਵ ਜੀ ਨੇ ਧਰਮ ਦੇ ਪਾੜੇ ਨੂੰ ਖਤਮ ਕਰਨ ਲਈ ਹਰਿਮੰਦਰ ਸਾਹਿਬ ਦੀ ਨੀਂਹ ਸਾਂਈ ਮੀਆਮੀਰ ਕੋਲੋ ਰੱਖਵਾਈ ਅਤੇ ਇਸ ਦੇ ਚਾਰ ਦਰਵਾਜ਼ੇ ਸਾਰੇ ਧਰਮਾਂ ਦੇ ਸਰਧਾਲੂਆਂ ਲਈ ਰਖਵਾਏ।
ਗੁਰੂ ਜੀ ਦੁਆਰਾ ਹਰਿਮੰਦਰ ਸਾਹਿਬ ਦੀ ਸੇਵਾ ਦੇ ਨਾਲ 15 ਅਪ੍ਰੈਲ 1590 ਨੂੰ ਬਾਬਾ ਬੁੱਢਾ ਜੀ ਕੋਲੋਂ ਤਰਨ ਤਾਰਨ ਦੇ ਸਰੋਵਰ ਦੀ ਨੀਂਹ ਰਖਵਾਈ ਗਈ।ਇਸ ਸਰੋਵਰ ਦੇ ਜਲ ਨੂੰ ਕੋਹਿੜਆ ਦਾ ਕੋਹੜ ਦੂਰ ਕਰਨ ਵਾਲੇ ਅੰਮ੍ਰਿਤ ਦਾ ਵਰ ਦਿੱਤਾ।ਆਪ ਨੇ ਕਰਤਾਰਪੁਰ ਸ਼ਹਿਰ ਵੀ ਵਸਾਇਆ।ਮਾਨਵਤਾ ਦੇ ਭਲੇ ਲਈ ਆਪ ਨੇ ਸੋਕਾ ਪੈ ਜਾਣ ‘ਤੇ ਛੇਹਰਟਾ ਵਾਲਾ ਖੂਹ ਲਗਵਾਇਆ, ਜਿੱਥੇ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਵਿਖੇ ਸ਼ੁਸੋਭਿਤ ਹੈ।ਸੰਨ 1597 ਵਿੱਚ ਜਦੋਂ ਕਾਲ ਪਿਆ ਤਾਂ ਗੁਰੂ ਜੀ ਨੇ ਲਹੌਰ ਦੇ ਡੱਬੀ ਬਜ਼ਾਰ ਵਿੱਚ ਬਉਲੀ ਬਣਵਾਈ ਅਤੇ ਲੰਗਰ ਦੇ ਨਾਲ-ਨਾਲ ਬਿਮਾਰਾਂ ਲਈ ਦਵਾ ਦਾਰੂ ਦਾ ਵੀ ਪ੍ਰਬੰਧ ਕੀਤਾ।
ਗੁਰੂ ਅਰਜਨ ਦੇਵ ਜੀ ਨੇ ਜਿੱਥੇ ਖੁੱਦ ਬਾਣੀ ਦੀ ਰਚਨਾ ਕੀਤੀ, ਉਥੇ ਆਪਣੇ ਤੋਂ ਪਹਿਲਾ ਹੋਏ ਗੁਰੂਆਂ, ਭਗਤਾਂ ਅਤੇ ਸੰਤਾਂ ਦੀ ਬਾਣੀ ਨੂੰ ਇੱਕਤਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ।ਆਪ ਨੇ ਸੁਖਮਨੀ, ਬਾਰਹਮਾਹ, ਬਾਵਨ ਅੱਖਰੀ, ਫੁਨਹੇ, ਵਾਰਾਂ ਦੀ ਰਚਨਾ ਕੀਤੀ।ਸੁਖਮਨੀ ਸਾਹਿਬ ਦੀ ਬਾਣੀ ਆਪ ਜੀ ਦੀ ਸ਼ਾਹਕਾਰ ਰਚਨਾ ਹੈ।
ਸਿੱਖ ਧਰਮ ਦੇ ਵੱਧਦੇ ਪ੍ਰਭਾਵ ਕਾਰਨ ਮੁਗਲੀਆ ਸਲਤਨੱਤ ਨੂੰ ਖਤਰਾ ਮਹਿਸੂਸ ਹੋਣ ਲੱਗਾ ਤਾਂ, ਉਸ ਸਮੇਂ ਦੇ ਮੌਲਵੀ ਮੁਲਾਣਿਆਂ ਨੇ ਜਾਂਹਗੀਰ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।ਉਹਨਾਂ ਵੱਲੋ ਗੁਰੂ ਜੀ ਨੂੰ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਵਿੱਚ ਕਹੀਆਂ ਗਈਆਂ ਸਤਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਲਈ ਕਿਹਾ ਗਿਆ ।ਪਰੰਤੂ ਗੁਰੂ ਜੀ ਨੇ ਮਨ੍ਹਾਂ ਕਰ ਦਿੱਤਾ।ਇਸ ਲਈ ਮੁਗਲੀਆ ਸਲਤਨਤ ਰੋਹ ਵਿੱਚ ਆ ਗਈ।ਇਸ ਦੇ ਨਾਲ ਹੀ ਚੰਦੂ ਦੁਆਰਾ ਵੀ ਬਾਦਸ਼ਾਹ ਜਾਂਹਗੀਰ ਦੇ ਕੰਨ ਭਰੇ ਗਏ ਕਿਉਕਿ ਉਹ ਆਪਣੀ ਕੁੜੀ ਦਾ ਰਿਸ਼ਤਾ ਗੁਰੂ ਜੀ ਦੇ ਬੇਟੇ ਹਰਗੋਬਿੰਦ ਨਾਲ ਕਰਨਾ ਚਾਹੁੰਦਾ ਸੀ।
ਇਸੇ ਈਰਖਾ ਵੱਸ ਜਾਂਹਗੀਰ ਦੇ ਹੁਕਮ ਦੁਆਰਾ ਮਿਤੀ 30/05/1606 ਨੂੰ ਲਹੌਰ ਵਿਖੇ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉਹਨਾਂ ਦੇ ਸਰੀਰ ਨੂੰ ਰਾਵੀ ਦਰਿਆ ਵਿੱਚ ਬਹਾ ਦਿੱਤਾ।ਇਸ ਅਸਥਾਨ ‘ਤੇ ਗੁਰਦੁਆਰਾ ਡੇਰਾ ਸਾਹਿਬ (ਪਾਕਿਸਤਾਨ) ਸ਼ੁਸੋਭਿਤ ਹੈ।
ਗੁਰੂ ਜੀ ਨੇ ਜਬਰ ਜੁਲਮ ਦਾ ਸਾਹਮਣਾ ਕਰਦਿਆਂ ਹੋਇਆ ਆਪਾ ਕੁਰਬਾਨ ਕਰ ਦਿੱਤਾ, ਪਰੰਤੂ ਜੁਲਮ ਦੇ ਸਾਹਮਣੇ ਨਹੀਂ ਝੁਕੇ।ਇਸ ਪ੍ਰਕਾਰ ਗੁਰੂ ਜੀ ਦੀ ਸ਼ਹਾਦਤ ਜੁਲਮ ਤੇ ਜਬਰ ਦਾ ਟਾਕਰਾ ਸ਼ਾਤੀ ਨਾਲ ਕਰਨ ਦੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ।ਲੋਕ ਰਹਿੰਦੀ ਦੁਨੀਆਂ ਤੱਕ ਗੁਰੂ ਜੀ ਦੀ ਇਸ ਸ਼ਹਾਦਤ ਨੂੰ ਯਾਦ ਰੱਖਣਗੇ ਅਤੇ ਹਰ ਦੁੱਖ-ਸੁੱਖ ਵਿਚ ਉਹਨਾਂ ਦੁਆਰਾ ਰਚਿਤ ਬਾਣੀ ਦਾ ਓਟ ਆਸਰਾ ਲੈਂਦੇ ਰਹਿਣਗੇ।

Kanwaljeet Dhillon

ਕੰਵਲਜੀਤ ਕੌਰ ਢਿੱਲੋਂ,  ਤਰਨ ਤਾਰਨ

ਸੰਪਰਕ 9478793231

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਨਵਾਂ ਕੀਰਤੀਮਾਨ -‘ਖਾਲਸਾ ਯੂਨੀਵਰਸਿਟੀ’ ਦੀ ਸਥਾਪਨਾ

ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਨਵਾਂ ਮੀਲ ਪੱਥਰ ਕਾਇਮ ਕਰਦਿਆਂ ‘ਖਾਲਸਾ ਯੂਨੀਵਰਸਿਟੀ’ ਸਥਾਪਿਤ ਕੀਤੀ …

Leave a Reply