ਲੇਖਕ- ਵਿਨੋਦ ਫ਼ਕੀਰਾ
ਅੰਤਰਰਾਸ਼ਟਰੀ ਪਿਤਾ ਦਿਵਸ ਅੱਜ 21 ਜੂਨ ਨੂੰ ਵਿਸ਼ਵ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਹ ਦਿਵਸ ਜੂਨ ਦੇ ਤੀਸਰੇ ਐਤਵਾਰ ਨੂੰ 1910 ਵਿੱਚ ਵਾਸ਼ਿਗਟਨ, ਡੀ.ਸੀ. ਵਿਖੇ ਮਨਾਉਣਾ ਸ਼ੁਰੂ ਕੀਤਾ ਗਿਆ ਤੇ ਹੌਲੀ-ਹੌਲੀ ਵਿਸ਼ਵ ਪੱਧਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ।
ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਜਿੰਨਾ ਸਮਾਜ ਵਿੱਚ ਮਾਂ ਦਾ ਬੱਚਿਆਂ ਦੀ ਜਿੰਦਗੀ ਪ੍ਰਤੀ ਪੱਖ ਹੈ ਉਸ ਤੋਂ ਵੱਧ ਪਿਤਾ ਦੀ ਵੀ ਬੱਚਿਆਂ ਪ੍ਰਤੀ ਅਹਿਮਅਤ ਹੈ। ਜਿਸ ਨੂੰ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ।
ਕਿਸੇ ਵਿਦਵਾਨ ਵੱਲੋਂ ਕਿਹਾ ਗਿਆ ਹੈ ਘੋੜਾ ਭਾਵੇਂ ਜਿੰਨਾਂ ਵੀ ਮਰਜੀ ਤਾਕਤਵਰ ਕਿਉਂ ਨਾ ਹੋਵੇ, ਪਰ ਬੇਲਗਾਮਾ ਘੋੜਾ ਹਮੇਸ਼ਾਂ ਹੀ ਠੋਕਰ ਖਾ ਕੇ ਹੀ ਡਿੱਗਦਾ ਹੈ ਇਸ ਲਈ ਜੇਕਰ ਸਾਡੀ ਜਿੰਦਗੀ ਦੀ ਲਗਾਮ ਹਮੇਸ਼ਾਂ ਪਿਤਾ ਦੇ ਹੱਥ ਵਿੱਚ ਰਹੇ ਤਾਂ ਹੀ ਉਹ ਲੋੜ ਅਨੁਸਾਰ ਖਿੱਚ ਕੇ ਸਹੀ ਦਿਸ਼ਾ ਵਿੱਚ ਲਿਜਾ ਕੇ ਜਿੰਦਗੀ ਦੀ ਦੋੜ ਨੂੰ ਸਫਲਤਾ ਦੇ ਰਸਤੇ ‘ਤੇ ਪਾਉਣਗੇ ਤਾਂ ਹੀ ਅਸੀਂ ਉਸਨੂੰ ਸਰ ਕਰ ਪਾਵਾਂਗੇ ਤੇ ਕਦੀ ਵੀ ਸਾਨੂੰ ਭਟਕਣ ਦਾ ਮੌਕਾ ਹੀ ਨਹੀਂ ਮਿਲੇਗਾ।
ਸਮਾਜ ਵਿੱਚ ਪਿਤਾ ਦੀ ਮਹੱਤਤਾ ਦਾ ਪਤਾ ਸਾਨੂੰ ਮਸ਼ਹੂਰ ਲੋਕ ਗੀਤਾਂ ਤੋਂ ਵੀ ਲਗਦਾ ਹੈ ਜਿਵੇਂ ਕਿ :
ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ,
ਸਾਡੀ ਲੰਮੀ ਉਡਾਰੀ ਵੇ ਬਾਬਲ ਅਸਾਂ ਕਿਹੜੇ ਦੇਸ਼ ਜਾਣਾ
ਜੱਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ,
ਸਾਨੂੰ ਉਹ ਰੁੱਧ ਲੈ ਦਈਂ ਮੁੱਲ ਵੇ ਧਰਮੀ ਬਾਬਲਾ
ਜੱਦ ਘਰੋਂ ਲੜਕੀ ਦੀ ਡੋਲੀ ਤੁਰਦੀ ਹੈ ਤੇ ਉਸ ਸਬੰਧੀ ਵੀ ਲੋਕ ਗੀਤ ਜੋ ਅਕਸਰ ਸੁਨਣ ਨੂੰ ਮਿਲਦਾ ਹੈ ਜਿਸ ਤੋਂ ਬਾਬਲ ਦੀ ਹੋਰ ਵੀ ਲੋੜ ਨਜ਼ਰ ਆਉਂਦੀ ਹੈ :-
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਏ,
ਰਹਾਂ ਬਾਬਲ ਦੀ ਬਣ ਕੇ ਗੋਲੀ ਨੀ ਮਾਏ
ਇਹਨਾਂ ਸਭ ਸ਼ਬਦਾਂ ਤੇ ਪਤਾ ਲੱਗਾ ਹੈ ਕਿ ਪਿਤਾ ਦਾ ਸਾਡੇ ਸਮਾਜ ਵਿੱਚ ਕਿੰਨਾਂ ਵੱਡਾ ਯੋਗਦਾਨ ਹੈ।
ਪ੍ਰੰਤੂ ਅੱਜ ਸਮੇਂ ਦੀ ਸਥਿਤੀ ਅਨੁਸਾਰ ਪਰਿਵਾਰ ਵਿੱਚ ਜੱਦ ਕਿਧਰੇ ਕੋਈ ਤਕਰਾਰ ਪੈਦਾ ਹੋ ਜਾਂਦਾ ਹੈ ਤਾਂ ਉਸ ਸਮੇਂ ਬੱਚਿਆਂ ਨੂੰ ਲੈ ਕੇ ਜੱਦ ਗੱਲ ਆਉਂਦੀ ਹੈ ਤਾਂ ਉਹ ਭਾਵੇਂ ਪੰਚਾਇਤ ਪੱਧਰ ‘ਤੇ ਹੋਵੇ ਜਾਂ ਸਰਕਾਰੀ ਪੱਧਰ ਤੇ ਹਮੇਸ਼ਾਂ ਹੀ ਇਹੋ ਫੈਸਲਾ ਸੁਣਾਇਆ ਜਾਂਦਾ ਹੈ ਕਿ ਬੱਚਿਆਂ ਨੂੰ ਮਾਂ ਦੇ ਹਵਾਲੇ ਕੀਤਾ ਜਾਂਦਾ ਹੈ।
ਜਿਸ ਨੂੰ ਸੁਣ ਕੇ ਪਿਤਾ ਸਾਰੀ ਉਮਰ ਆਪਣੇ ਬੱਚਿਆਂ ਨੂੰ ਮਿਲਣ ਲਈ ਤਰਸਦਾ ਅਤੇ ਆਪਣੇ ਆਪ ਵਿੱਚ ਅੰਦਰੋਂ ਅੰਦਰੀ ਘੁਲਦਾ ਰਹਿੰਦਾ ਹੈ।
ਜਦਕਿ ਪਿਤਾ ਦੀ ਵੱਡਿਆਈ ਸਬੰਧੀ ਅਸੀਂ ਟਰੱਕਾਂ, ਬੱਸਾਂ ਅਤੇ ਹੋਰ ਗੱਡੀਆਂ ਮਗਰ ਲਿਖਿਆ ਅਕਸਰ ਪੜ੍ਹਦੇ ਹਾਂ :-
ਉਹ ਮੌਜਾਂ ਭੁਲਣੀਆਂ ਨਹੀਂ ਜੋ ਬਾਪੂ ਦੇ ਸਿਰ ਕਰੀਆਂ
ਸਾਨੂੰ ਬਾਪੂ ਦਾ ਆਸਰਾ ਰੱਬ ਵਰਗਾ
ਇਸ ਤੋਂ ਇਲਾਵਾ :-
ਲੋਕ ਸੜਦੇ ਨੇ ਗੱਲਾਂ ਕਰਦੇ ਨੇ ਪਰ ਯਾਰ ਤਾਂ ਬਾਪੂ ਦੇ ਸਿਰ ਤੇ ਐਸ਼ਾਂ ਕਰਦੇ ਨੇ
ਮੇਰੀਆਂ ਚਾਰ ਲਾਇਨਾਂ ਆਪਣੇ ਪਿਤਾ ਜੀ ਨੂੰ ਸਮਰਪਿਤ ਇਸ ਪ੍ਰਕਾਰ ਹਨ:-
ਮੇਰੀ ਜਿੱਤ ਤੇ ਹਮੇਸ਼ਾਂ ਥਾਪਨਾ ਤੂੰ ਦਿੱਤੀ,
ਹਾਰ ਤੇ ਹਮੇਸ਼ਾਂ ਹੌਸਲੇ ਦੀ ਤਾਕਤ ਦਿੱਤੀ।
ਭਾਵੇਂ ਆਪ ਅੱਧੀ ਪਰ ਮੈਨੂੰ ਰੱਜਵੀਂ ਰੋਟੀ ਦਿੱਤੀ,
ਲ਼ਹਿਣਾ ਨਹੀਂ ਭਾਰ ਸਿਰੋਂ, ਐਸੀ ਮੈਨੂੰ ਤਾਲੀਮ ਦਿੱਤੀ।
ਡਰ ਤੇਰੀ ਘੂਰਕੀ ਦਾ ਸਦਾ ਰਹੇ ਮਨ ਵਿੱਚ,
ਇਸੇ ਲਈ ਫ਼ਕੀਰਾ ਕਦੇ ਬਾਪੂ ਅੱਗੇ ਅੱਖ ਨਹੀਂ ਉੱਚੀ ਕੀਤੀ।
ਸੋਚਣ ਦੀ ਗੱਲ ਹੈ ਕਿ ਬਜ਼ੁਰਗ ਸਾਥੋਂ ਕੀ ਚਾਹੁੰਦੇ ਹਨ? ਦੋ ਮਿੱਠੇ ਬੋਲ, ਸਵੇਰੇ ਸ਼ਾਮ ਰੁਝੇਵਿਆਂ ਭਰੀ ਜਿੰਦਗੀ ਵਿਚੋਂ 5-7 ਮਿੰਟ ਉਹਨਾਂ ਕੋਲ ਬੈਠ ਕੇ ਸਿਹਤ ਦਾ ਹਾਲ-ਚਾਲ ਪੁੱਛਣਾ ਤੇ ਆਪਣੀ ਰਾਜੀ ਖੁਸ਼ੀ ਦੱਸਣਾ। ਇਸ ਤੋਂ ਵੱਧ ਕੁੱਝ ਨਹੀਂ ਚਾਹੁੰਦੇ, ਉਹ ਤਾਂ ਜਿੰਗਦੀ ਦਾ ਸਾਰਾ ਸਰਮਾਇਆ ਹੀ ਸਾਡੇ ਤੇ ਪਹਿਲਾਂ ਹੀ ਵਾਰ ਚੁੱਕੇ ਹਨ।
ਇਸ ਲਈ ਮੈਂ ਆਸ ਕਰਦਾ ਹੈ ਕਿ ਜੇਕਰ ਅਸੀਂ ਅੱਜ ਆਪਣੇ ਬਜ਼ੁਰਗਾਂ ਨੂੰ 5-7 ਮਿੰਟ ਸਵੇਰੇ ਸ਼ਾਮ ਦੇਵਾਂਗੇ ਤਾਂ ਹੀ ਸਾਡੀ ਆਉਣ ਵਾਲੀ ਪੀੜੀ ਸਾਨੂੰ 2-3 ਮਿੰਟ ਦਾ ਸਮਾਂ ਦੇਵੇਗੀ।
ਇਸ ਲਈ ਬਿਰਧ ਆਸ਼ਰਮਾਂ ਨੂੰ ਨਵੇਂ ਉਸਾਰਨ ਦੀ ਲੋੜ ਨਾ ਪਵੇ ਅਤੇ ਜਿਥੇ ਤੱਕ ਹੋ ਸਕੇ ਪੁਰਾਣੇ ਵੀ ਖਤਮ ਕਰਨ ਦੀ ਕੋਸ਼ਿਸ਼ ਕਰੀਏ। ਇਸ ਲਈ ਆਓ ਅੱਜ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਬਜ਼ੁਰਗਾਂ ਨੂੰ ਪੂਰਾ-ਪੂਰਾ ਮਾਣ ਸਤਿਕਾਰ ਦੇਈਏ ਤੇ ਘਰ ਵਿੱਚ ਉਹਨਾਂ ਦੇ ਅਸ਼ੀਰਵਾਦ ਸਦਕਾ ਸਦਾ ਖੁਸ਼ੀ ਦਾ ਮਾਹੌਲ ਬਣਿਆ ਰਹੇ।ਮੇਰੇ ਵੱਲੋਂ ਇਸ ਦੁਨੀਆਂ ਦੇ ਤਮਾਮ ਬਜ਼ੁੱਰਗਾਂ ਦੇ ਚਰਨਾ ਵਿੱਚ ਕੋਟਿਨ ਕੋਟਿਨ ਪਿਆਰ ਭਰੀ ਪ੍ਰਣਾਮ।
ਵਿਨੋਦ ਫ਼ਕੀਰਾ
ਆਰੀਆ ਨਗਰ,
ਕਰਤਾਰਪੁੱਰ, ਜਲੰਧਰ।
ਮੋ : 98721-97326