ਪ੍ਰਚਾਰ ਦੇ ਪੜਾਅ ਦੌਰਾਨ ਸਿਆਸੀ ਪਾਰਟੀਆਂ ਨੇ ਝੋਕੀ ਤਾਕਤ
ਬਠਿੰਡਾ, 28 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)–ਕਰੀਬ 2 ਮਹੀਨੇ ਪਹਿਲਾਂ ਸ਼ੁਰੂ ਹੋਇਆ ੧੬ ਵੀਂ ਲੋਕ ਸਭਾ ਚੋਣਾਂ ਦਾ ਸ਼ੋਰ ਸ਼ਰਾਬਾ ਅੱਜ 28 ਅਪ੍ਰੈਲ ਨੂੰ ਸ਼ਾਮ ਪੰਜ ਵਜੇ ਬੰਦ ਹੋ ਗਿਆ। 30 ਅਪ੍ਰੈਲ ਨੂੰ ਬਠਿੰਡਾ ਲੋਕ ਸਭਾ ਸੀਟ ਲਈ ਸਾਢੇ 14 ਲੱਖ਼ ਵੋਟਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਇਲੈਕਟਰਾਨਕ ਵੋਟਿੰਗ ਮਸ਼ੀਨਾਂ ਵਿਚ ਬੰਦ 16 ਮਈ ਤੱਕ ਰਹਿ ਜਾਵੇਗੀ। ਚੋਣ ਪ੍ਰਚਾਰ ਦੇ ਆਖਰੀ ਪੜਾਅ ਦੌਰਾਨ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋ ਆਪਣੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਉਨਾਂ ਦੇ ਵਿਰੋਧੀ ਮੁੱਖ ਸਿਆਸੀ ਪਾਰਟੀ ਕਾਂਗਰਸ / ਪੀ.ਪੀ.ਪੀ ਅਤੇ ਸੀ.ਪੀ.ਆਈ ਦੇ ਸਾਝੇ ਉਮੀਦਵਾਰ ਮਨਪ੍ਰੀਤ ਬਾਦਲ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਉਕਤ ਦੋਵੇ ਪਾਰਟੀਆਂ ਨੇ ਆਪਣੀ ਸਾਰੀ ਸਿਆਸੀ ਤਾਕਤ ਝੋਕ ਦਿੱਤੀ ਹੈ।ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਉਨਾਂ ਦੇ ਸਹੁਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਿਲਾ ਬਠਿੰਡਾ ਦੇ ਕਰੀਬ ਪੌਣੀ ਦਰਜ਼ਨ ਤੋਂ ਵੀ ਵੱਧ ਪਿੰਡਾਂ ਵਿਚ ਤੁਫ਼ਾਨੀ ਦੌਰੇ ਕਰਕੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਉਧਰ ਬਠਿੰਡਾ ਸ਼ਹਿਰ ਦੇ ਕਰੀਬ ਅੱਧਾ ਦਰਜ਼ਨ ਥਾਵਾਂ ਉਪਰ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਬੀਬਾ ਬਾਦਲ ਦੇ ਪਤੀ ਸੁਖਬੀਰ ਸਿੰਘ ਬਾਦਲ ਸਥਾਨਕ ਆਗੂਆਂ ਨੂੰ ਨਾਲ ਲੈ ਕੇ ਜਿਥੇ ਹਰਸਿਮਰਤ ਲਈ ਵੋਟਾਂ ਮੰਗੀਆਂ ਉਥੇ ਚੋਣਾਂ ਸਬੰਧੀ ਗੰਭੀਰ ਵਿਚਾਰ ਚਰਚਾ ਵੀ ਕੀਤੀ।ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਹਲਕੇ ਦੇ ਅਹਿਮ ਖੇਤਰ ਮਾਨਸਾ ਜਿਲੇ ਵਿਚ ਵੀ ਦਰਜ਼ਨਾ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਕੀਤੇ ਵਿਕਾਸ ‘ਤੇ ਵੋਟ ਪਾਉਣ ਦੀ ਅਪੀਲ ਕੀਤੀ।ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਭਾਜਪਾ ਵਲੋਂ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਭਰਵੀ ਰੈਲੀ ਵੀ ਕਰਵਾਈ ਜਾ ਚੁੱਕੀ ਹੈ।ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਚੋਣ ਪ੍ਰਚਾਰ ਕਰਨ ਵਿਚ ਹਰਸਿਮਰਤ ਕੌਰ ਬਾਦਲ ਨੂੰ ਚੋਣਾਂ ਵਿਚ ਸਿਆਸੀ ਟੱਕਰ ਦੇ ਰਹੇ ਪੀ.ਪੀ.ਪੀ ਪ੍ਰਧਾਨ ਜੋ ਕਾਂਗਰਸ ਅਤੇ ਸੀ.ਪੀ.ਆਈ ਨਾਲ ਗੱਠਜੋੜ ਕਰਕੇ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਹਨ ਵਲੋਂ ਵੀ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀ ਛੱਡੀ ਜਾ ਰਹੀ ਹੈ।ਪ੍ਰਚਾਰ ਦੇ ਇਸ ਆਖ਼ਰੀ ਪੜਾਅ ਦੌਰਾਨ ਖੁੱਦ ਮਨਪ੍ਰੀਤ ਸਿੰਘ ਬਾਦਲ ਉਨਾਂ ਦੀ ਧਰਮ ਪਤਨੀ ਵੀਨੂੰ ਬਾਦਲ, ਭੈਣ ਰੂਬੀ ਗਰੇਵਾਲ, ਪੁੱਤਰ ਅਰਜ਼ਨ ਬਾਦਲ ਵਲੋਂ ਹਲਕੇ ਦੇ ਸਥਾਨਕ ਕਾਂਗਰਸੀ ਆਗੂਆਂ ਨੂੰ ਨਾਲ ਲੈ ਕੇ ਵੱਖ ਵੱਖ ਥਾਵਾਂ ਤੇ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ।ਪ੍ਰਚਾਰ ਬੰਦ ਹੋਣ ਦੇ ਆਖ਼ਰੀ ਦਿਨ ਬਠਿੰਡਾ ਵਿਖ਼ੇ ਕੁੱਲ ਹਿੰਦ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਕੀਤੇ ਜਾ ਰਹੇ ਚੋਣ ਪ੍ਰਚਾਰ ਨੂੰ ਕਾਂਗਰਸੀਆਂ ਅਤੇ ਸਿਆਸੀ ਆਗੂਆਂ ਵਲੋਂ ਸ਼ਿਖਰ ਦੱਸਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਤੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਸ਼ਕੀਲ ਅਹਿਮਦ, ਹਰੀਸ਼ ਚੌਧਰੀ, ਹਰਿਆਣਾ ਕਾਂਗਰਸ ਦੇ ਪ੍ਰਧਾਨ ਡਾ: ਅਸ਼ੋਕ ਤੰਵਰ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਲਈ ਚੋਣ ਪ੍ਰਚਾਰ ਕਰ ਚੁੱਕੇ ਹਨ।28 ਅਪ੍ਰੈਲ ਨੂੰ ਚੋਣ ਪ੍ਰਚਾਰ ਰੁਕਣ ਕਾਰਨ ਬੰਦ ਹੋਏ ਸ਼ੋਰ ਸ਼ਰਾਬੇ ਕਾਰਨ ਆਮ ਲੋਕ ਖੁਸ਼ ਨਜ਼ਰ ਆ ਰਹੇ ਹਨ ਕਿਉਕਿ ਚੋਣਾਂ ਦੋਰਾਨ ਸਮੂਹ ਕਾਰੋਬਾਰ ਬੰਦ ਹੋਏ ਪਏ ਸਨ।