ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਕਾਰਪੋਰੇਸ਼ਨ ਵੱਲੋਂ ਗੁਰੂ ਕੀ ਵਡਾਲੀ, ਘਣੂੰਪਾਰ ਕਾਲ ਦੇ ਸੈਟੇਲਾਈਟ ਹਸਪਤਾਲ ਅਤੇ ਬਾਬੇ ਸ਼ਹੀਦਾਂ ਨੇੜੇ ਪੈਂਦੀ ਡਿਸਪੈਂਸਰੀ ਦੀ ਹਾਲਤ ਸੁਧਾਰਨ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਕਮਿਸ਼ਨਰ ਕਾਰਪਰੇਸ਼ਨ ਮੈਡਮ ਸੋਨਾਲੀ ਗਿਰੀ, ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕੀਤਾ। ਉਨਾਂ ਦੱਸਿਆ ਕਿ ਉਕਤ ਅਬਾਦੀਆਂ ਵਿਚ ਸਥਿਤ ਇੰਨਾਂ ਸਿਹਤ ਕੇਂਦਰਾਂ ਦੀ ਇਮਾਰਤ, ਦਵਾਈਆਂ ਦੀ ਥੁੜ ਅਤੇ ਸਟਾਫ ਦੀ ਘਾਟ ਦੀ ਆ ਰਹੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਦਾ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਸ੍ਰੀ ਰੂਜਮ ਨੇ ਦੱਸਿਆ ਕਿ ਘਣੁੂੰਪੁਰ ਕਾਲੇ ਦੇ ਹਸਪਤਾਲ ਦੀ ਇਮਾਰਤ ਵਾਲੀ ਥਾਂ ਦੂਸਰੇ ਇਲਾਕੇ ਨਾਲੋਂ ਨੀਵੀਂ ਹੋ ਗਈ ਹੋਣ ਕਾਰਨ ਮੀਂਹ ਅਤੇ ਸੀਵਰੇਜ ਦਾ ਪਾਣੀ ਇਸ ਦੇ ਵਿਹੜੇ ਵਿਚ ਆ ਖੜਦਾ ਹੈ, ਜੋ ਕਿ ਇਮਾਰਤ ਲਈ ਖ਼ਤਰਾ ਬਣ ਗਿਆ ਹੈ। ਉਨਾਂ ਦੱਸਿਆ ਕਿ ਇਸ ਪਾਣੀ ਨੂੰ ਬਾਈਪਾਸ ਦੇ ਦੂਸਰੇ ਪਾਸੇ ਨਾਲੇ ਵਿਚ ਸੁੱਟਣ ਦਾ ਪ੍ਰੋਗਰਾਮ ਹੈ, ਪਰ ਅਜੇ ਤੱਕ ਰਾਸ਼ਟਰੀ ਰਾਜ ਮਾਰਗ ਅਥਾਰਟੀ ਵੱਲੋਂ ਪ੍ਰਵਾਨਗੀ ਨਾ ਮਿਲਣ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪਾਣੀ ਨੂੰ ਨਾਲੇ ਵਿਚ ਪਾ ਕੇ ਪੱਕਾ ਹੱਲ ਕੀਤਾ ਜਾਵੇ ਅਤੇ ਇਸ ਲਈ ਅਥਾਰਟੀ ਕੋਲੋਂ ਆਗਿਆ ਲੈਣ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣਗੀਆਂ ਅਤੇ ਉਦੋਂ ਤੱਕ ਆਰਜ਼ੀ ਪ੍ਰਬੰਧ ਵੱਲੋਂ ਮੋਟਰਾਂ ਲਗਾ ਕੇ ਇਥੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਕਾਰਪੋਰੇਸ਼ਨ ਦੀਆਂ 8 ਡਿਸਪੈਂਸਰੀਆਂ ਵਿਚ ਦਵਾਈ ਦੀ ਘਾਟ ਦਾ ਮੁੱਦਾ ਜਦ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨਾਂ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਨੂੰ ਇਸ ਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ, ਜਿੰਨਾਂ ਨੇ ਉਸੇ ਵੇਲੇ ਸਕੱਤਰ ਸਿਹਤ ਵਿਭਾਗ ਨਾਲ ਫੋਨ ‘ਤੇ ਗੱਲ ਕਰਕੇ ਕਾਰਪੋਰੇਸ਼ਨ ਦੀਆਂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਦਵਾਈ ਦੀ ਸਪਲਾਈ ਕਰਨ ਦੀ ਹਾਮੀ ਭਰ ਦਿੱਤੀ।ਡਾ. ਚਾਵਲਾ ਨੇ ਦੱਸਿਆ ਕਿ ਇਸ ਸਬੰਧੀ ਲਿਖਤੀ ਆਗਿਆ ਮਿਲਦੇ ਹੀ ਅਗਲੇ ਹਫ਼ਤੇ ਕਾਰਪੋਰੇਸ਼ਨ ਦੀਆਂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਵੱਲੋਂ ਦਵਾਈ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਕਾਰਪੋਰੋਸ਼ਨ ਕਮਿਸ਼ਨਰ ਮੈਡਮ ਗਿਰੀ ਨੇ ਕਿਹਾ ਕਿ ਉਹ ਇੰਨਾਂ ਡਿਸਪੈਂਸਰੀਆਂ ਦੀ ਹਾਲਤ ਸੁਧਾਰਨ ਲਈ ਦ੍ਰਿੜ ਹਨ ਅਤੇ ਆਸ ਹੈ ਕਿ ਆਰਜ਼ੀ ਪ੍ਰਬੰਧਾਂ ਨਾਲ ਥੋੜ੍ਹੇ ਸਮੇਂ ਵਿਚ ਹੀ ਇਥੋਂ ਪਾਣੀ ਕੱਢ ਕੇ ਸਥਾਈ ਹੱਲ ਕਰਨ ਦਾ ਪ੍ਰਬੰਧ ਕਰ ਲਿਆ ਜਾਵੇਗਾ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …