ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ) – ਦਲਿਤ ਭਾਈਚਾਰੇ ਨਾਲ ਕੋਈ ਵਧੀਕੀ ਵੀ ਸਹਿਣ ਨਹੀਂ ਕੀਤੀ ਜਾਵੇਗੀ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਸੰਗਠਨ ਵਿਚ ਸ਼ਾਮਲ ਸੰਸਥਾਵਾਂ ਦੀ ਕੋਰ ਕਮੇਟੀ ਨੇ ਐਲਾਨ ਕੀਤਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਅੰਦੋਲਨਾਂ ਕਾਰਣ ਤਨਾਅ ਭਰਪੂਰ ਸਥਿਤੀ ਬਣੀ ਹੋਈ ਹੈ।ਉੱਤਰ ਪ੍ਰਦੇਸ਼ ਤੋਂ ਭਾਜਪਾ ਆਗੂ ਦਯਾਸ਼ੰਕਰ ਸਿੰਘ ਨੇ ਬਸਪਾ ਸੁਪਰੀਮੋ ਮਾਇਆਵਤੀ ਵਿਰੁੱਧ ਭੱਦੀ ਟਿੱਪਣੀ ਕਰਕੇ ਭਾਂਬੜ ਮਚਾ ਦਿੱਤਾ ਹੈ।ਗੁਜਰਾਤ ਵਿਚ ਪੈਂਦੇ ਸ਼ਹਿਰ ਊਨਾ ਵਿਚ ਇਕ ਮਰੀ ਗਊ ਦੀ ਖੱਲ ਲਾਹੁਣ ਕਾਰਣ ਦਲਿਤ ਨੌਜਵਾਨਾਂ ਦੀ ਬੁਰੀ ਤਰਾਂ੍ਹ ਕੁੱਟ ਮਾਰ, ਉਤਰ ਪ੍ਰਦੇਸ਼ ਦੇ ਕਸਬਾ ਦਾਦਰੀ ਦੇ ਮੁਹੰਮਦ ਅਖਲਾਕ ਦੀ ਰਸੋਈ ਵਿਚ ਗਊ ਮਾਸ ਹੋਣ ਦੇ ਸ਼ੱਕ ਵਿਚ ਕੁੱਟ ਕੇ ਮਾਰ ਦੇਣਾ ਅਤੇ ਪੰਜਾਬ ਵਿਚ ਵੀ ਗਊ ਰੱਖਿਆ ਦੇ ਨਾਮ ‘ਤੇ ਦਲਿਤਾਂ, ਕਿਸਾਨਾਂ, ਡੇਅਰੀ ਕਿਰਤੀਆਂ, ਪਸ਼ੂ ਵਪਾਰੀਆਂ, ਟਰੱਕ ਡਰਾਈਵਰਾਂ ਅਤੇ ਸਾਬਣ ਚਮੜੇ ਦੇ ਕਾਰੋਬਾਰੀਆਂ ਨਾਲ ਧੱਕੇਸ਼ਾਹੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਜੰਗਲ ਰਾਜ ਦੀ ਗਵਾਹੀ ਭਰਦੀਆਂ ਹਨ।ਇਸੇ ਤਰ੍ਹਾਂ ਔਰਤਾਂ ਨਾਲ ਹੁੰਦੇ ਬਲਾਤਕਾਰ ਨੂੰ ਕੇਵਲ ਦਲਿਤ ਔਰਤਾਂ ਤੇ ਜਾਤ ਪਾਤ ਨਾਲ ਜੋੜ ਕੇ ਦੇਖਣ ਵਾਲਾ ਨਜ਼ਰੀਆ ਅਪਰਾਧ ਵਿਰੁੱਧ ਸੀਮਤ ਘੇਰਾ ਘੱਤੀ ਬੈਠਾ ਹੈ।ਜਦ ਕਿ ਇਹ ਅਪਰਾਧ ਔਰਤ ਅਤੇ ਇਨਸਾਨੀਅਤ ਨਾਲ ਹੋ ਰਹੇ ਹਨ। ਇਸ ਮੁੱਦੇ ‘ਤੇ ਵੀ ਸਾਂਝੀ ਲੜਾਈ ਲੜਨ ਦੀ ਭਾਵਨਾ ਦੀ ਪੂਰੀ ਘਾਟ ਵੀ ਭਾਰੀ ਚਿੰਤਾ ਦਾ ਵਿਸ਼ਾ ਹੈ।
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਹੈ ਕਿ ਇਸ ਸਾਰੇ ਵਰਤਾਰੇ ਉੱਪਰ ਬੜੀ ਗੰਭੀਰਤਾ ਨਾਲ ਚਿੰਤਨ ਕੀਤਾ ਜਾਵੇਗਾ।ਉਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਔਰਤ ਵਿਰੁੱਧ ਗਾਲੀ ਗਲੋਚ ਦੀ ਪ੍ਰਥਾ ਨਾ ਸ਼ੁਰੂ ਕੀਤੀ ਜਾਵੇ। ਇਹ ਅਸੱਭਿਅਕ ਅਤੇ ਅਨੈਤਿਕ ਵਰਤਾਰਾ ਔਰਤ ਤੇ ਸਮੁੁੱਚੇ ਸਮਾਜ ਨੂੰ ਸ਼ਰਮਸ਼ਾਰ ਕਰਦਾ ਹੈ। ਸੰਗਠਨ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਲੋਕਾਂ ਦੇ ਦਰਦ ਅਤੇ ਮੰਗਾਂ ਨੂੰ ਸਮਝਣ ਦੀ ਥਾਂ ਤੇ ਭਾਰਤੀ ਸੁਰਖਿਆਂ ਬਲਾਂ ਵਲੋਂ ਢਾਹਿਆ ਜਾ ਰਿਹਾ ਕਹਿਰ ਮਨੁੱਖੀ ਹੱਕਾਂ ‘ਤੇ ਵਾਰ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਸ਼ਾਂਤੀ ਦੀ ਥਾਂ ਹਿੰਸਾ ਪੈਦਾ ਕੀਤੀ ਜਾ ਰਹੀ ਹੈ। ਜੋ ਕਿ ਕਿਸੇ ਵੀ ਦੇਸ਼ ਕੌਮ ਦੀ ਸਿਹਤਮੰਦੀ ਨਾਲ ਦੁਸ਼ਮਣੀ ਦੇ ਤੁਲ ਹੁੰਦੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …