ਜੀ.ਐਸ.ਪੀ ਸਰੂਪ ਖਾਸਾ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ)- ਅਜੋਕੇ ਸਮੇਂ ਵਿੱਚ ਜਿੰਨ੍ਹੇ ਨੋਜਵਾਨ ਵੀ ਨਸ਼ਿਆਂ ਦੇ ਸ਼ਿਕਾਰ ਹੋਏ ਹਨ, ਇਨ੍ਹਾਂ ਵਿੱਚੋਂ ਸਭ ਤੋਂ ਮੁੱਖ ਤੇ ਅਹਿਮ ਕਾਰਨ ਇਹ ਹੈ ਕਿ ਇਨ੍ਹਾਂ ਨੂੰ ਬਚਪਨ ਵਿੱਚ ਅਤੇ ਸਕੂਲਾਂ, ਕਾਲਜਾਂ ਚ ਗੁਰਮਤਿ ਨਾਲ ਜੋੜਨ ਅਤੇ ਨਸ਼ਿਆਂ ਤੇ ਹੋਣ ਵਾਲੇ ਨੁਕਸਾਨ ਬਾਰੇ ਸਮੇਂ-ਸਮੇਂ ਸਿਰ ਜਾਣੂੰ ਨਹੀਂ ਕਰਵਾਇਆ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਗੂ ਤੇ ਏਪੀਕੇਐਫ ਅੰਮ੍ਰਿਤਸਰ ਕੌਂਸਲ ਦੇ ਕਨਵੀਨਰ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਨੇ ਜੀਐਸਪੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਕਲੌਨੀ ਵਿਖੇ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਘੇ ਸਮਾਜ ਸੇਵਕ ਡਾਕਟਰ ਤਸਵੀਰ ਸਿੰਘ ਲਹੌਰੀਆ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਪਿੰਡਾਂ ਤੇ ਸਕੂਲਾਂ, ਕਾਲਜਾਂ ਚ ਸੈਮੀਨਾਰ ਕਰਵਾਉਣ ਦਾ ਇਹੀ ਹੈ ਕਿ ਜਿੰਦਗੀ ਦੇ ਅਹਿਮ ਮੋੜ ਤੇ ਖੜੇ ਨੋਜਵਾਨਾਂ ਨੂੰ ਸਹੀ ਸੇਧ ਦਿੱਤੀ ਜਾਵੇ ਅਤੇ ਨਸ਼ਿਆਂ ਕਾਰਨ ਹੋ ਰਹੇ ਆਰਥਿਕ, ਮਾਨਸਿਕ, ਪਰਿਵਾਰਕ, ਸਰੀਰਕ ਤੇ ਸਮਾਜਿਕ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਜਾਵੇ, ਕਿਉਂਕਿ ਇਸ ਉਮਰ ਵਿੱਚ ਨੌਜਵਾਨਾਂ ਂਚ ਚੰਗੀਆਂ ਗੱਲਾਂ ਦਾ ਅਸਰ ਘੱਟ ਤੇ ਗਲਤ ਸੋਸਾਇਟੀ ਦਾ ਅਸਰ ਜਲਦੀ ਹੁੰਦਾ ਹੈ। ਇਸ ਮੌਕੇ ਬਾਬਾ ਕੰਵਲਜੀਤ ਸਿੰਘ ਚੱਕ ਮੁਕੰਦ ਨੇ ਕਿਹਾ ਕਿ ਸਾਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀ ਰੋਜਾਨਾ ਗੁਰਬਾਣੀ ਪੜਾਂਗੇ ਤਾਂ ਸਾਡਾ ਮਨ ਬਿਲਕੁਲ ਭਟਕੇਗਾ ਨਹੀ ਤੇ ਅਸੀ ਗਲਤ ਸੰਗਤ ਦਾ ਸ਼ਿਕਾਰ ਨਹੀ ਹੋਵਾਂਗੇ। ਸਕੂਲ ਦੇ ਪ੍ਰਿੰਸੀਪਲ ਮੈਡਮ ਦਰਸ਼ਨ ਕੋਰ ਨੇ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਚੰਗੇ ਗੁਣਾਂ ਨੂੰ ਧਾਰਨ ਕਰਨ ਦੀ ਅਪੀਲ ਕੀਤੀ ਤੇ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ ਛਿੱਡਣ ਵੱਲੋਂ ਸਟੇਜ ਸੈਕਟਰੀ ਦੀ ਡਿਊਟੀ ਨਿਭਾਈ ਗਈ। ਇਸ ਮੌਕੇ ਚੇਅਰਮੈਨ ਮਹਿਤਾਬ ਸਿੰਘ ਪੰਨੂ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।