ਭੱਟ ਹਰਮਿੰਦਰ ਸਿੰਘ
ਸਾਡੇ ਦੇਸ਼ ਅੰਦਰ ਮਿਲਾਵਟ ਖੋਰੀ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ।ਅੱਜ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦਾ ਤੁਸੀਂ ਟੈੱਸਟ ਕਰਵਾ ਲਓ ਤਾਂ 99 ਪ੍ਰਤੀਸ਼ਤ ਉਸ ਦੀ ਰਿਪੋਰਟ ਫ਼ੇਲ੍ਹ ਹੀ ਆਵੇਗੀ।ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਰੋਜ਼ਮੱਰਾ ਦੀਆਂ ਵਸਤੂਆਂ ਵਿਕਦੀਆਂ ਹਨ,ਉਸੇ ਹੀ ਤਰ੍ਹਾਂ ਦੁੱਧ ਵੀ ਮਿਲਾਵਟ ਵਾਲਾ ਖੁੱਲ੍ਹੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ।ਤਿਉਹਾਰਾਂ ਦੇ ਦਿਨਾਂ ‘ਚ ਆ ਕੇ ਦੁੱਧ ਦੀ ਮੰਗ ਵੱਧ ਜਾਂਦੀ ਹੈ, ਕਿਉਂਕਿ ਦੁੱਧ ਤੋਂ ਹੀ ਦੁਕਾਨਦਾਰ ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਬਣਾ ਕੇ ਖਪਤਕਾਰਾਂ ਨੂੰ ਵੇਚਦੇ ਹਨ।ਅਬਾਦੀ ਜ਼ਿਆਦਾ ਹੈ ਅਤੇ ਇਸ ਦੇ ਮੁਕਾਬਲੇ ਦੁਧਾਰੂ ਪਸ਼ੂਆਂ ਦੀ ਗਿਣਤੀ ਬਹੁਤ ਹੀ ਘੱਟ ਹੈ।ਜਿਸ ਕਾਰਨ ਦੁੱਧ ਦੀ ਬਹੁਤੀ ਪੂਰਤੀ ਸਿੰਥੈਟਿਕ ਦੁੱਧ ਜਾਂ ਪੈਕਟ ਵਾਲੇ ਦੁੱਧ ਰਾਹੀ ਹੀ ਹੁੰਦੀ ਹੈ।ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਅਸੀਂ ਆਮ ਹੀ ਪੜ੍ਹਦੇ ਹਾਂ ਕਿ ਫਲਾਣੇ ਥਾਂ ਸਿਹਤ ਵਿਭਾਗ ਨੇ ਛਾਪੇਮਾਰੀ ਕਰ ਕੇ ਵੱਡੀ ਮਾਤਰਾ ‘ਚ ਨਕਲੀ ਕੈਮੀਕਲ ਪਾਊਡਰ ਵਾਲਾ ਦੁੱਧ ਬਰਾਮਦ ਕੀਤਾ ਗਿਆ ਹੈ।ਜ਼ਿਨ੍ਹੇ ਕੁ ਪੰਜਾਬ ‘ਚ ਦੁਧਾਰੂ ਪਸ਼ੂ ਹਨ, ਉਨ੍ਹਾਂ ਨਾਲ ਤਾਂ ਸਿਰਫ਼ ਮਹਿਜ਼ ਸੂਬੇ ਦੇ 10ਵੇਂ ਹਿੱਸੇ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੀ ਹੁੰਦਾ ਹੋਵੇਗਾ।ਸਵਾਲ ਇੱਥੇ ਖੜ੍ਹਾ ਹੁੰਦਾ ਹੈ ਕਿ ਤਿਉਹਾਰਾਂ ਦੇ ਦਿਨਾਂ ‘ਚ ਸੈਂਕੜੇ ਕੁਇੰਟਲ ਮਿਠਾਈਆਂ ਬਣਾਉਣ ਲਈ ਦੁੱਧ ਦੀ ਪੈਦਾਇਸ਼ ਕਿਥੋਂ ਹੁੰਦੀ ਹੈ ? ਕੀ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਹੈ? ਕੀ ਮਿਠਾਈਆਂ ਨਕਲੀ ਦੁੱਧ ਤੋਂ ਤਿਆਰ ਹੁੰਦੀਆਂ ਹਨ? ਦੁੱਧ ਦੀ ਘਾਟ ਇਹ ਗੱਲ ਤਾਂ ਸ਼ੀਸ਼ੇ ਵਾਂਗ ਸਾਫ਼ ਕਰਦੀ ਹੈ ਕਿ ਤਿਉਹਾਰਾਂ ਦੇ ਸੀਜ਼ਨ ਵੇਲੇ ਜ਼ਿਆਦਾਤਰ ਮਿਠਾਈਆਂ ਨਕਲੀ ਦੁੱਧ ਤੋਂ ਹੀ ਤਿਆਰ ਹੁੰਦੀਆਂ ਹਨ।ਅਜਿਹੇ ਮੌਕੇ ‘ਤੇ ਸਿਹਤ ਵਿਭਾਗ ਨੂੰ ਚੌਕਸ ਹੋ ਕੇ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ।ਨਕਲੀ ਦੁੱਧ ਤੋਂ ਤਿਆਰ ਮਿਠਾਈਆਂ ਹਜ਼ਾਰਾਂ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡਦੀਆਂ ਹਨ। ਵੈਸੇ ਨਕਲੀ ਦੁੱਧ ਬਣਾਉਣ ਦੇ ਖ਼ਿਲਾਫ਼ ਇੱਕ ਵਧੀਆ ਐਕਟ ਵੀ ਹੈ ਜਿਸ ਅਧੀਨ ਮਿਲਾਵਟ ਖੋਰਾਂ ਨੂੰ ਸਖ਼ਤ ਸਜਾ ਹੋ ਸਕਦੀ ਹੈ।ਪਰ ਆਮ ਲੋਕਾਂ ਨੂੰ ਵੀ ਨਕਲੀ ਮਿਠਾਈਆਂ ਦੇ ਪਰਹੇਜ਼ ਕਰਦੇ ਹੋਏ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਖ਼ਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਭੱਟ ਹਰਮਿੰਦਰ ਸਿੰਘ
ਬਿਸਨਗੜ੍ਹ (ਬਈਏਵਾਲ) ਸੰਗਰੂਰ
9914062205