ਨਵੇਂ ਸਾਲ `ਤੇ ਵਿਸ਼ੇਸ਼
366 ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2017 ਸਾਡੇ ਬੂਹੇ ਤੇ ਦਸਤਕ ਦੇ ਰਿਹਾ ਹੈ। ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜੇ ਜਾਣ ਤੱਕ ਨਵਾਂ ਸਾਲ ਚੜ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ ਘਰ ਵਿੱਚ ਚਾਨਣ ਖਿਲਾਰ ਰਹੀਆਂ ਹੋਣ।ਪਤਾ ਹੀ ਨਹੀ ਚੱਲਿਆ ਕਿ ਕਦੋਂ ਕੰਲੈਡਰ ਤੋਂ ਤਰੀਖ਼ਾ ਬਦਲਦਿਆਂ -ਬਦਲਦਿਆਂ ਕੰਲੈਡਰ ਹੀ ਬਦਲ ਗਿਆ ਅਤੇ ਉਸ ਦੀ ਜਗਾਂ ਨਵੇਂ ਸਾਲ ਦੇ ਕੰਲੈਡਰ ਨੇ ਲੈ ਲਈ। ਬਦਲਾਓ ਪ੍ਰਕਿਰਤੀ ਦਾ ਨਿਯਮ ਹੈ।ਚਾਹੇ ਉਹ ਅੱਤ ਦੀ ਗਰਮੀ ਤੋਂ ਬਾਅਦ ਹੱਡ ਚੀਰਵੀ ਠੰਡ ਦਾ ਅਹਿਸਾਸ ਹੋਵੇ ਜਾਂ ਫਿਰ ਪਤਝੜ ਦੀ ਰੁੱਤ ਤੋਂ ਬਾਅਦ ਬਹਾਰ ਦਾ ਆਉਣਾ।ਅਸੀਂ ਹਮੇਸ਼ਾ ਇਹੀ ਉੁਮੀਦ ਕਰਦੇ ਹਾਂ ਕਿ ਕੋਈ ਵੀ ਬਦਲਾਓ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਹੀ ਲੈ ਕੇ ਆਵੇ। ਬੇਸ਼ੱਕ ਸਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹਰ ਦਿੱਨ ਦੋਬਾਰਾ ਨਹੀਂ ਆਉਣਾ ਹੁੰਦਾ। ਪਰ ਅਸੀਂ ਦਿਨ ਜਾਂ ਮਹੀਨਿਆਂ ਨੂੰ ਉਹ ਮਹੱਤਤਾ ਨਹੀਂ ਦਿੰਦੇ ਜੋ ਸਾਲ ਨੂੰ ਦਿੰਦੇ ਹਾਂ।
ਸਾਲ ਸ਼ੁਰੂ ਹੋਣ ਤੋਂ ਪਹਿਲਾ ਹੀ ਸ਼ੁਰੂ ਹੋ ਜਾਂਦਾ ਹੈ ਸ਼ੁਭਕਾਮਨਾਵਾ ਦਾ ਸਿਲਸਿਲਾ ਜੋ ਨਵੇਂ ਸਾਲ ਦੇ ਆ ਜਾਣ ਤੋਂ ਬਾਅਦ ਵੀ ਚਲਦਾ ਰਹਿੰਦਾ ਹੈ। ਨਵੇਂ ਵਰੇ ਨਾਲ ਸਾਡੀਆਂ ਬਹੁਤ ਸਾਰੀਆਂ ਉਮੀਦਾਂ ਜੁੜ ਜਾਂਦੀਆ ਹਨ।ਇੱਥੋਂ ਤੱਕ ਕੇ ਕੁੱਝ ਲੋਕ ਤਾਂ ਆਪਣੀ ਕਿਸਮਤ ਦੀ ਡੋਰ ਵੀ ਨਵੇਂ ਸਾਲ ਦੇ ਹੱਥ ਫੜਾ ਸ਼ੁਰਖਰੂ ਹੋ ਜਾਂਦੇ ਹਨ। ਅਜਿਹੇ ਲੋਕਾਂ ਵਿੱਚ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਸਕਦੇ ਹਾਂ, ਜ਼ੋ ਕਿ ਕਿਸੇ ਵੀ ਖੇਤਰ ਵਿੱਚ ਬਿਨਾਂ ਮਿਹਨਤ ਕੀਤੇ ਸਫ਼ਲਤਾ ਹਾਸਿਲ ਕਰਨਾ ਚਾਹੁੰਦੇ ਹਨ। ਅਜਿਹੇ ਲੋਕ ਆਪਣੀ ਅਸਫਲਾ ਦਾ ਦੋਸ਼ ਕਿਸਮਤ ਜਾਂ ਬੀਤੇ ਵਰੇ ਨੂੰ ਦਿੰਦੇ ਹੋਏ ਅਕਸਰ ਦੇਖੇ ਜਾਂ ਸਕਦੇ ਹਨ। ਨਵੇਂ ਵਰੇ ਨਾਲ ਕਿਸਮਤ ਬਦਲਣ ਅਤੇ ਕਾਮਯਾਬੀ ਹਾਸਿਲ ਕਰਨ ਦੇ ਸੁਪਨੇ ਵੇਖਣਾ ਬੁਰੀ ਗੱਲ ਨਹੀਂ। ਲੋੜ ਹੈ ਤਾਂ ਉਸ ਅਣਥੱਕ ਮਿਹਨਤ ਦੀ ਜੋ ਸਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕੇ। ਸਾਲ ਦੇ ਬਦਲਣ ਨਾਲ ਅਸੀਂ ਆਪਣੇ ਕੰਮ ਕਰਨ ਦੇ ਤਰੀਕਿਆਂ ਵਿੱਚ ਬਦਲਾਓ ਲਿਆ ਸਕਦੇ ਹਾਂ।ਆਪਣੀ ਜ਼ਿੰਦਗੀ ਵਿੱਚ ਕੋਈ ਟੀਚਾ ਮਿੱਥ ਕੇ ਉਸ ਨੂੰ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਹਾਸਿਲ ਕਰ ਸਕਦੇ ਹਾਂ।ਜਿਹੜੇ ਲੋਕ ਮਿਹਨਤ ਕਰਦੇ ਹਨ ਮੰਜ਼ਿਲ ਵੀ ਉਹਨਾਂ ਦੇ ਹੀ ਪੈਰ ਚੁੰਮਦੀ ਹੈ।
ਬੀਤੇ ਵਰੇ ਦੌਰਾਨ ਬਹੁਤ ਸਾਰੇ ਰਿਸ਼ਤੇਦਾਰ , ਸਾਕ-ਸਨੇਹੀ, ਸੱਜਣ ਮਿੱਤਰ ਸਾਡਾ ਸਾਥ ਛੱਡ ਇਸ ਦੁਨੀਆਂ ਤੋਂ ਸਦਾ ਲਈ ਰੁਖਸਤ ਹੋ ਗਏ। ਉਹਨਾਂ ਦਾ ਸਾਡੇ ਨਾਲ ਸਾਥ ਬੱਸ ਇੰਨਾਂ ਹੀ ਹੋੋਵੇਗਾ।ਧੁਰ ਦਰਗਾਹੋ ਲਿਖਿਆ ਨੂੰ ਅਸੀਂ ਮਿਟਾ ਨਹੀਂ ਸਕਦੇ।ਹੁਤ ਸਾਰੇ ਸੱਜਣ ਮਿੱਤਰ ਅਜਿਹੇ ਹੋਣਗੇ ਜਿੰਨਾਂ ਜ਼ਿੰਦਗੀ ਦੇ ਪੰਧ ਤੇ ਚਲਦਿਆਂ ਅਚਾਨਕ ਹੀ ਆਪਣਾ ਰਸਤਾ ਬਦਲ ਲਿਆ ਹੋਣਾ।ਜਹਾਨੋਂ ਤੁਰ ਜਾਣ ਵਾਲਿਆ ਨੂੰ ਜਾਂ ਜ਼ਿੰਦਗੀ `ਚੋ ਚਲੇ ਜਾਣ ਵਾਲਿਆਂ ਨੂੰ ਤਾਂ ਅਸੀਂ ਵਾਪਿਸ ਨਹੀਂ ਲਿਆ ਸਕਦੇ। ਪਰ ਕੋਸ਼ਿਸ਼ ਕਰੋ ਜੋ ਰੁੱਸ ਗਏ ਹਨ ਉਹਨਾਂ ਨਾਲ ਗਿਲੇ ਸ਼ਿਕਵੇ ਦੂਰ ਕਰ ਨਵੇਂ ਵਰੇ ਵਿੱਚ ਮਨਾ ਲਿਆ ਜਾਵੇ।
ਆਪਣੇ ਨਿੱਜ ਤੋਂ ਉਪਰ ਉਠ ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਆਸ-ਪਾਸ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਸਾਡੀ ਰੂਹ ਨੂੰ ਛੱਲਣੀ ਕਰ ਦਿੰਦੀਆਂ ਹਨ।ਸਾਲ 2016 ਦੇ ਦੌਰਾਨ ਸ਼ਾਇਦ ਹੀ ਕੋਈ ਅਜਿਹਾ ਦਿਨ ਬੀਤਿਆਂ ਹੋਵੇ ਜਿਸ ਦਿਨ ਸਾਨੂੰ ਅਖ਼ਬਾਰ ਵਿੱਚ ਕਿਸੇ ਕਰਜ਼ਾਈ ਕਿਸਾਨ ਦੀ ਖ਼ਦਕੁਸ਼ੀ ਦੀ ਖ਼ਬਰ ਪੜਨ ਨੂੰ ਨਾ ਮਿਲੀ ਹੋਵੇ, ਜਾਂ ਫਿਰ ਕੋਈ ਨਾਬਾਲਗ ਬਲਾਤਕਾਰ ਦਾ ਸ਼ਿਕਾਰ ਨਾ ਹੋਈ ਹੋਵੇ। ਸ਼ਰਾਰਤੀ ਅਨਸਰਾਂ ਵੱਲੋ ਧਰਮ ਅਤੇ ਫਿਰਕਾਪ੍ਰਸਤੀ ਦੇ ਨਾਮ ਤੇ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਦਿੱਤਾ ਗਿਆ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ ।ਅੱਜ ਵੀ ਨਵ-ਵਿਆਹੀਆਂ ਦਾਜ ਦੀ ਬਲੀ ਚੜ ਰਹੀਆਂ ਹਨ। ਨੌਜਵਾਨ ਕੁੜੀਆਂ ਮੁੰਡੇ ਨਸ਼ਿਆ ਦੇ ਛੇਵੇ ਦਰਿਆ ਵਿੱਚ ਡੁੱਬਦੇ ਜਾ ਰਹੇ ਹਨੇ। ਦਿੱਨ-ਬ-ਦਿੱਨ ਵੱਧਦੀ ਬੇਰੁਜ਼ਗਾਰੀ ਨੌਜਵਾਨ ਪੀੜੀ ਨੂੰ ਸੜਕਾ ਰੋਕਣ, ਧਰਨੇ ਲਾਉਣ ਅਤੇ ਆਤਮਦਾਹ( ਆਤਮਹੱਤਿਆ) ਕਰਨ ਲਈ ਮੰਜਬੂਰ ਕਰ ਰਹੀ ਹੈ।
ਨਵੇਂ ਵਰੇ ਵਿਚ ਜਿੱਥੇ ਲੋਕਾਂ ਨੂੰ ਆਪਣੀ ਸੋਚ ਵਿੱਚ ਬਦਲਾਓ ਲਿਆਉਣ ਦੀ ਲੋੜ ਹੈ, ਉਥੇ ਹੀ ਸਮੇਂ ਦੀ ਸਰਕਾਰ ਵੱਲੋ ਨਵੀਆਂ ਨੀਤੀਆਂ ਘੜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਵੇਂ ਕੰਨੂਨ ਬਣਾਏ ਜਾਣੇ ਚਾਹੀਦੇ ਹਨ ਜਿੰਨਾਂ ਦੇ ਅਧੀਨ ਭ੍ਰਿਸ਼ਟਾਚਾਰ, ਚੋਰਬਜ਼ਾਰੀ, ਬਲਾਤਕਾਰ , ਨਸ਼ਾਖੋਰੀ, ਆਤਮਹੱਤਿਆਂ, ਬੇਰੋਜ਼ਗਾਰੀ ਵਰਗੀਆਂ ਅਣਗਿਣਤ ਸਮੱਸਿਆਵਾਂ ਨੂੰ ਰੋਕਿਆ ਜਾ ਸਕੇ।
ਸਾਲ 2016 ਦੇ ਅੰਤ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਜੀ ਵੱਲੋ ਦੇਸ਼ ਵਿਚਲੇ ਕਾਲੇ ਧਨ ਨੂੰ ਬਾਹਰ ਕੱਢਣ ਲਈ ਅਤੇ ਦੇਸ਼ ਨੂੰ ਡੀਜੀਟਲ ਇੰਡੀਆ ਬਣਾਉਣ ਲਈ ਇੱਕ ਸਖਤ ਫੈਸਲਾ ਲੈਂਦੇ ਹੋਏ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ। ਇਸ ਨਾਲ ਅਮੀਰ ਵਰਗ ਨੂੰ ਤਾਂ ਇੱਕ ਜਬਰਦਸਤ ਝਟਕਾ ਲੱਗਾ ਹੀ ਉੱਥੇ ਹੀ ਗਰੀਬ ਵਰਗ ਨੂੰ ਵੀ ਪ੍ਰੇਸ਼ਾਨੀ ਨਾਲ ਜੂਝਣਾ ਪੈ ਰਿਹਾ ਹੈ। ਬੈਂਕਾ ਵਿੱਚ ਕੈਸ਼ ਦੀ ਕਮੀ ਦੇ ਚਲਦਿਆਂ ਲੋਕ ਰੋਜ਼ ਹੀ ਜਰੂਰੀ ਕੰਮ ਛੱਡ ਬੈਂਕ ਦੀਆਂ ਲਾਈਨਾਂ ਵਿੱਚ ਲੱਗੇ ਦਿਖਾਈ ਦਿੰਦੇ ਹਨ, ਬਹੁਤ ਸਾਰੇ ਬਜ਼ੁਰਗ ਅਪਣੀ ਜਾਨ ਗੁਆ ਚੁਕੇ ਹਨ ਅਤੇ ਕਈ ਜਗਾਂ ਤੇ ਬੈਂਕ ਕਰਮਚਾਰੀ ਤੇ ਆਮ ਜਨਤਾ ਆਪਸ ਵਿੱਚ ਹੱਥੋਪਾਈ ਵੀ ਹੋ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਵਰੇ ਵਿੱਚ ਇਸ ਸਮੱਸਿਆਂ ਦਾ ਕੋਈ ਪੁਖਤਾ ਹੱਲ ਮਿਲ ਜਾਵੇ।
ਪ੍ਰਮਾਤਮਾ ਕਰੇ ਕਿ ਨਵੇਂ ਵਰੇ ਵਿੱਚ ਕਿਸੇ ਕਿਸਾਨ ਦੀ ਖ਼ੁਦਕੁਸ਼ੀ ਦੀ ਖਬਰ ਅਖ਼ਬਾਰ ਦੀ ਸੁਰਖੀ ਨਾ ਬਣੇ। ਧਰਮ ਦੇ ਨਾ ਤੇ ਕਤਲੋਗਾਰਤ ਨਾ ਹੋਵੇ।ਕੋਈ ਮਸੂਮ ਬਲਾਤਕਾਰ ਦਾ ਸ਼ਿਕਾਰ ਨਾ ਹੋਵੇ।ਕਿਸੇ ਬੇਰੁਜ਼ਗਾਰ ਨੂੰ ਪਾਣੀ ਵਾਲੀ ਟੈਂਕੀ ਤੇ ਚੜ ਆਪਣੇ ਆਪ ਨੂੰ ਅੱਗ ਨਾ ਲਾਉਣੀ ਪਵੇ।ਕੋਈ ਬੁੱਢਾ ਬਾਪ ਆਪਣੇ ਜਵਾਨ ਪੁੱਤ ਦੀ ਚਿਤਾ ਨੂੰ ਲਾਬੂ ਨਾ ਲਾਵੇ।ਰੱਬ ਕਰੇ ਕੇ ਆਉਣ ਵਾਲਾ ਵਰਾਂ ਸਾਰੀਆਂ ਸਮੱਸਿਆਵਾ ਦਾ ਹੱਲ ਹੋਵੇ ਅਤੇ ਸਾਡੇ ਸੱਭ ਲਈ ਖੁਸ਼ੀਆਂ ਲੈ ਕੇ ਆਵੇ, ਆਮੀਨ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231