Saturday, November 23, 2024

ਭਾਰੀ ਪੁਲਸ ਫੋਰਸ, ਡਿੱਚ ਮਸ਼ੀਨਾਂ, ਬੁਲਡੋਜ਼ਰ ਤੇ ਸੈਂਕੜੇ ਮਜਦੂਰਾਂ ਦੀ ਸਹਾਇਤਾ ਨਾਲ ਦੁਰਗਿਆਣਾ ਸੁੰਦਰਤਾ ਯੋਜਨਾ ਲਈ ਜਮੀਨ ਦਾ ਲਿਆ ਕਬਜਾ

PPN120612

ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ)-  ਨਗਰ ਸੁਧਾਰ ਟਰੱਸਟ ਵਲੋਂ 4 ਕਨਾਲ 15 ਮਰਲੇ ਤੇ 46 ਸਕੇਅਰ ਫੁੱਟ ਜ਼ਮੀਨ ਦਾ ਕਬਜ਼ਾ ਲੈਣ ਲਈ  ਨਗਰ ਸੁਧਾਰ ਟਰੱਸਟ ਵਲੋਂ ਭਾਰੀ ਪੁਲਸ ਫੋਰਸ, ਡਿੱਚ ਮਸ਼ੀਨਾਂ, ਬੁਲਡੋਜ਼ਰਾਂ, ਟਰਾਲੀਆਂ ਤੇ ਸੈਂਕੜੇ ਲੇਬਰ ਨੂੰ ਲੈ ਕੇ ਦੁਰਗਿਆਣਾ ਕੰਪਲੈਕਸ ਦੇ ਨਾਲ ਲੱਗਦੇ 37  ਦੇ ਲਗਭਗ ਮਕਾਨਾਂ ਅਤੇ ਦੁਕਾਨਾਂ ਨੂੰ ਢਹਿ ਢੇਰੀ ਕਰ ਦਿੱਤਾ ਗਿਆ।21  ਮਈ 2008੮ ਨੂੰ ਨਗਰ ਸੁਧਾਰ ਟਰੱਸਟ ਨੂੰ ਕਬਜਾ ਲੈਣ ਦੀ ਹਰੀ ਝੰਡੀ ਮਿਲ ਗਈ ਸੀ, ਪ੍ਰੰਤੂ ਸਾਲਾਂ ਤੋਂ ਕਾਬਜ਼ ਮਕਾਨ ਮਾਲਕਾਂ, ਕਿਰਾਏਦਾਰਾਂ ਤੇ ਦੁਕਾਨਦਾਰਾਂ ਨੂੰ ਮੁਆਵਜ਼ਾ ਨਾ ਮਿਲਣ ਕਾਰਨ ਦੁਰਗਿਆਣਾ ਤੀਰਥ ਦੇ ਸੁੰਦਰੀਕਰਨ ਦੇ ਲਈ ਇਹ ਜਮੀਨ ਦਾ ਕਬਜਾ ਲੈਣ ਲਈ ਟਰੱਸਟ ਨੂੰ 6 ਸਾਲ ਦਾ ਲੰਮਾਂ ਇੰਤਜਾਰ ਕਰਨਾ ਪਿਆ।ਲੈਂਡ ਐਕਵੀਜੀਸ਼ਨ ਕੁਲੈਕਟਰ ਅਨੁਸਾਰ ਭਾਰੀ ਗਿਣਤੀ ‘ਚ ਪੁਲਸ ਫੋਰਸ ਦੀ ਮੌਜੂਦਗੀ ਵਿਚ ਹੋਈ ਕਾਰਵਾਈ ਲਈ ਮੁਆਵਜ਼ਾ ਦੇ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ 15 ਦਿਨ ਪਹਿਲਾਂ ਹੀ ਉਕਤ ਥਾਂ ਨੂੰ ਖਾਲੀ ਕਰਨ ਲਈ ਨੋਟਿਸ ਭੇਜ ਦਿੱਤੇ ਗਏ ਸਨ। ਤੜਕੇ 6 ਵਜੇ ਨਿਰਧਾਰਤ ਯੋਜਨਾ ਅਨੁਸਾਰ ਤਹਿਸੀਲਦਾਰ, ਪਟਵਾਰੀ ਕਾਨੂੰਗੋ, ਡਿਪਟੀ ਡਾਇਰੈਕਟਰ ਲੋਕਲ ਬਾਡੀਜ਼-ਕਮ-ਲੈਂਡ ਐਕਵੀਜੀਸ਼ਨ ਕੁਲੈਕਟਰ ਦਲਜੀਤ ਕੌਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸੰਦੀਪ ਰਿਸ਼ੀ, ਰਾਕੇਸ਼ ਕੁਮਾਰ ਸਵਾਮੀ, ਦਿਨੇਸ਼ ਸੂਰੀ ਦੀ ਹਾਜ਼ਰੀ ਵਿਚ ਨਗਰ ਸੁਧਾਰ ਟਰੱਸਟ ਦੇ ਸੁਪਰੀਡੈਂਟ ਇੰਜੀਨੀਅਰ ਭਾਰਤ ਭੂਸ਼ਨ ਸ਼ਰਮਾ, ਸੁਪਰਡੈਂਟ ਐੱਲ. ਏ. ਸੀ. ਸੋਹਨ ਸਿੰਘ, ਸਕੀਮ ਦੇ ਇੰਚਾਰਜ ਐਕਸਅਨ ਪ੍ਰਦੀਪ ਜਸਵਾਲ ਦੀ ਅਗਵਾਈ ਵਿਚ ਟਰੱਸਟ ਦੇ ਕਾਰਜਕਾਰੀ ਅਧਿਕਾਰੀ ਅਰਵਿੰਦ ਸ਼ਰਮਾ, ਐੱਮ. ਟੀ. ਪੀ. ਸੋਨੂੰ ਮਹਿੰਦਰੂ, ਐੱਸ. ਡੀ. ਓ. ਰਾਜੀਵ ਵਾਸਲ, ਬਰਜਿੰਦਰ ਮੋਹਨ, ਰਵਿੰਦਰ ਕੁਮਾਰ, ਸੁਖਪਾਲ ਸਿੰਘ ਬਾਬਾ, ਬਲਜੀਤ ਸਿੰਘ, ਲਖਵਿੰਦਰ ਸਿੰਘ ਬਲ, ਜੇ. ਈ. ਕੇਵਲ ਕੁਮਾਰ, ਸੁਪਰੀਡੈਂਟ ਅਵਤਾਰ ਸਿੰਘ ਤੇ ਹੋਰ ਸਟਾਫ ਭਾਰੀ ਗਿਣਤੀ ਵਿਚ ਲੇਬਰ, ਡਿੱਚ ਮਸ਼ੀਨਾਂ, ਟਿੱਪਰ ਟਰਾਲੀਆਂ ਨੂੰ ਨਾਲ ਲੈ ਕੇ ਏ. ਸੀ. ਪੀ. ਗੁਰਚਰਨ ਸਿੰਘ, ਪੁਲਸ ਥਾਣਾ ਸਿਵਲ ਲਾਈਨਜ਼ ਦੇ ਇੰਚਾਰਜ ਇੰਸਪੈਕਟਰ ਵਰਿੰਦਰ ਮਹਾਜਨ, ਦੁਰਗਿਆਣਾ ਚੌਕੀ ਇੰਚਾਰਜ ਤੇ ਭਾਰੀ ਪੁਲਸ ਫੋਰਸ ਕਬਜ਼ਾ ਲੈਣ ਲਈ ਪੁੱਜੀ। ਸਭ ਤੋਂ ਪਹਿਲਾਂ ਇਲਾਕੇ ਦੀ ਬਿਜਲੀ ਕੱਟ ਦਿੱਤੀ ਗਈ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਨਾ ਵਾਪਰ ਸਕੇ। ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਵਲੋਂ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕੀਤੇ ਜਾਣ ਕਾਰਨ ਜ਼ਿਆਦਾਤਰ ਲੋਕਾਂ ਵਲੋਂ ਕਾਰਵਾਈ ਤੋਂ ਪਹਿਲਾਂ ਹੀ ਆਪਣਾ ਸਾਮਾਨ ਆਦਿ ਕੱਢ ਕੇ ਮਕਾਨਾਂ ਤੇ ਦੁਕਾਨਾਂ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਗਿਆ ਸੀ।ਨਗਰ ਸੁਧਾਰ ਟਰੱਸਟ ਦੀ ਲੇਬਰ ਵਲੋਂ ਡਿੱਚ ਮਸ਼ੀਨਾਂ ਤੇ ਟਰੈਕਟਰ ਟਰਾਲੀਆਂ ਸਮੇਤ ਉਕਤ ਸਥਾਨ ‘ਤੇ ਬਣੀਆਂ ੩੭ ਦੇ ਲਗਭਗ ਬਿਲਡਿੰਗਾਂ ਨੂੰ 11 ਘੰਟੇ ਦੀ ਸਖਤ ਮਸ਼ੱਕਤ ਦੇ ਬਾਅਦ ਡੇਗ ਕੇ ਕਬਜ਼ਾ ਹਾਸਲ ਕਰ ਲਿਆ ਗਿਆ।ਅੱਜ ਸਵੇਰੇ ਨਗਰ ਸੁਧਾਰ ਟਰੱਸਟ ਵਲੋਂ ਜਦੋਂ ਮੁੱਖ ਮੰਦਰ ਦੇ ਬਾਹਰ ਸਥਿਤ ਜੋੜਾ ਘਰ ਨੂੰ ਡਿੱਚ ਮਸ਼ੀਨਾਂ ਨਾਲ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਨਾਲ ਲੱਗਦੇ ਪ੍ਰਾਚੀਨ ਭੈਰੋਂ ਮੰਦਰ ਦੇ ਮਹੰਤਾਂ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕਬਜ਼ਾ ਲੈਣ ਪਹੁੰਚੀ ਟੀਮ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਉਕਤ ਭੈਰੋਂ ਮੰਦਰ ਲਗਭਗ 600 ਸਾਲ ਪੁਰਾਣਾ ਤੇ ਇਤਹਾਸਕ ਤਪ ਅਸਥਾਨ ਹੈ। ਲੋਕਾਂ ਨੇ ਕਬਜ਼ਾ ਲੈਣ ਆਈ ਟੀਮ ਦਾ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਬਾਹਰ ਛੱਡੇ ਗਏ ਪਰਸ਼ੂਰਾਮ ਮੰਦਰ ਦਾ ਕਬਜ਼ਾ ਲਿਆ ਜਾਵੇ, ਫਿਰ ਇਸ ਪ੍ਰਾਚੀਨ ਮੰਦਰ ਨੂੰ ਹੱਥ ਲਾਉਣ ਦਿੱਤਾ ਜਾਵੇਗਾ। ਚੇਅਰਮੈਨ ਸੰਦੀਪ ਰਿਸ਼ੀ ਅਤੇ ਲੈਂਡ ਐਕਵੀਜੀਸ਼ਨ ਕੁਲੈਕਟਰ ਵਲੋਂ ਮਹੰਤਾਂ ਨੂੰ ਅਵਾਰਡ ਤੇ ਨਕਸ਼ਾ ਦਿਖਾਉਂਦੇ ਹੋਏ ਕਿਹਾ ਗਿਆ ਕਿ ਉਹ ਹਰ ਧਰਮ ਦਾ ਪੂਰਾ ਸਨਮਾਨ ਕਰਦੇ ਹਨ ਤੇ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੀ ਉਨ੍ਹਾਂ ਦੀ ਕੋਈ ਨਿਜੀ ਇੱਛਾ ਨਹੀਂ ਹੈ। ਕਬਜ਼ਾ ਲੈਣ ਆਈ ਟੀਮ ਵਲੋਂ ਜੋੜੇ ਘਰ ਨੂੰ ਡਿੱਚ ਮਸ਼ੀਨਾਂ ਦੀ ਸਹਾਇਤਾ ਨਾਲ ਢਾਹ ਦਿੱਤਾ ਗਿਆ, ਜਿਸ ਦੇ ਚਲਦਿਆਂ ਹਾਲਤ ਤਨਾਅ ਪੂਰਨ ਹੁੰਦੇ ਵੇਖ ਪੁਲਸ ਪ੍ਰਸ਼ਾਸਨ ਵਲੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply