ਜ਼ਿੰਮੇਵਾਰੀਆਂ ਭਰਪੂਰ ਹੈ ਰਾਹ, ਪਰ ਕਠਿਨ ਨਹੀਂ – ਸ: ਛੀਨਾ
ਅੰਮ੍ਰਿਤਸਰ, 23 ਜੂਨ (ਪ੍ਰੀਤਮ ਸਿੰਘ) – ਪੰਜਾਬੀ ਦੇ ਉੱਘੇ ਵਿਦਵਾਨ ਡਾ. ਮਹਿਲ ਸਿੰਘ ਨੇ ਅੱਜ ਇਤਿਹਾਸਕ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਵਜੋਂ ਅਹੁੱਦਾ ਸੰਭਾਲਣ ਉਪਰੰਤ ਜਿੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਧੰਨਵਾਦ ਕੀਤਾ, ਉੱਥੇ ਕਾਲਜ ਦੀ ਤਰੱਕੀ ਤੇ ਵਿਕਾਸ ਲਈ ਅਣਥੱਕ ਮਿਹਨਤ ਕਰਨ ਦਾ ਭਰੋਸਾ ਜਾਹਿਰ ਕੀਤਾ। ਉਨ੍ਹਾਂ ਨੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਉੱਪ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਅਤੇ ਸਮੂੰਹ ਮੈਨੇਜਮੈਂਟ ਦੀ ਅਗਵਾਈ ਹੇਠ ਕਾਰਜਭਾਰ ਸੰਭਾਲਿਆ। ਡਾ. ਮਹਿਲ ਸਿੰਘ ਨੂੰ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਦੀ ਪ੍ਰਧਾਨਗੀ ਹੇਠ ਗਠਿਤ ਚੋਣ ਕਮੇਟੀ ਨੇ 14 ਜੂਨ ਨੂੰ ਯੋਗ ਉਮੀਦਵਾਰ ਐਲਾਨਿਆ ਸੀ, ਜਿਸ ਉਪਰੰਤ ਉਨ੍ਹਾਂ ਨੇ ਆਪਣੀਆਂ ਪਹਿਲੇ ਅਹੁੱਦੇ ‘ਤੇ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਣ ਬਾਅਦ ਅੱਜ ਪ੍ਰਿੰਸੀਪਲ ਵਜੋਂ ਸੇਵਾਵਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਮੈਨੇਜ਼ਮੈਂਟ ਦੇ ਮੈਂਬਰਾਂ ਤੋਂ ਇਲਾਵਾ ਸਮੂੰਹ ਸਟਾਫ਼ ਅਤੇ ਅਧਿਆਪਕਾਂ ਨੇ ਉਨ੍ਹਾਂ ਨੂੰ ਫ਼ੁੱਲ ਮਾਲਾਵਾਂ ਪਾ ਕੇ ਜੀ ਆਇਆ ਕਿਹਾ।
ਡਾ. ਮਹਿਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਵੇਰਕਾ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਰਹੇ ਸਨ ਅਤੇ ਉਹ ਪੰਜਾਬੀ ਭਾਸ਼ਾ ‘ਚ ੭ ਪੁਸਤਕਾਂ ਤੋਂ ਇਲਾਵਾ ਬਹੁਤ ਸਾਰੇ ਖੋਜ਼ ਪੱਤਰ ਵੀ ਲਿਖ ਚੁੱਕੇ ਹਨ। ਉਨ੍ਹਾਂ ਦਾ ਪ੍ਰਿੰਸੀਪਲ ਦੇ ਅਹੁੱਦੇ ‘ਤੇ ਕੰਮ ਕਰਨ ਦਾ 16 ਸਾਲ ਦਾ ਲੰਮਾ ਤਜ਼ਰਬਾ ਹਾਸਲ ਹੈ ਅਤੇ ਉਹ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਸਰਹਾਲੀ ‘ਚ ਪ੍ਰੋਫ਼ੈਸਰ ਅਤੇ ਪ੍ਰਿੰਸੀਪਲ ਦੇ ਅਹੁੱਦੇ ‘ਤੇ ਕੰਮ ਕਰ ਚੁੱਕੇ ਹਨ। ਪੰਜਾਬੀ ‘ਚ ਐੱਮ. ਏ. ਤੋਂ ਇਲਾਵਾ ਡਾ. ਮਹਿਲ ਸਿੰਘ ਪੀ. ਐੱਚ. ਡੀ. ਦੀ ਡਿਗਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰ ਚੁੱਕੇ ਹਨ। ਇਸ ਮੌਕੇ ‘ਤੇ ਨਵਨਿਯੁਕਤ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੈਨੇਜ਼ਮੈਂਟ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀ ਇਹ ਪਹਿਲਕਦਮੀ ਹੋਵੇਗੀ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਸੁੱਖ-ਸਹੂਲਤ ਦਾ ਖ਼ਾਸ ਧਿਆਨ ਰੱਖਦਿਆ ਕਾਲਜ ਦੇ ਅਕਾਦਮਿਕ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ, ਜਿਸ ਲਈ ਕਾਲਜ ‘ਚ ਨਵੇਂ ਕੋਰਸਾਂ ਦੀ ਸ਼ੁਰੂਆਤ ਇਸੇ ਸੈਸ਼ਨ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਹਾ ਕਿ ਉਹ ਕਾਲਜ ਦੀ ਚੜ੍ਹਦੀ ਕਲਾ ਅਤੇ ਉਨਤੀ ਤੇ ਤਰੱਕੀ ਲਈ ਦਿਨ-ਰਾਤ ਇਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੌਂਸਲ ਨੂੰ ਜੋ ਉਮੀਦਾਂ ਉਨ੍ਹਾਂ ਤੋਂ ਹਨ, ਉਹ ਉਸ ‘ਤੇ ਖਰਾ ਉਤਰਣ ਲਈ ਸਖ਼ਤ ਤੋਂ ਸਖ਼ਤ ਮਿਹਨਤ ਕਰਕੇ ਕਾਲਜ ਲਈ ਨਵੀਆਂ ਉਪਲਬੱਧੀਆ ਲਈ ਯਤਨਸ਼ੀਲ ਰਹਿਣਗੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਕੌਂਸਲ ਦੇ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ, ਜੁਆਇੰਟ ਸਕੱਤਰ ਸ: ਨਿਰਮਲ ਸਿੰਘ, ਸ: ਸਰਦੂਲ ਸਿੰਘ ਮੰਨਣ, ਸ: ਰਾਜਬੀਰ ਸਿੰਘ, ਸ: ਅਨੂਪ ਸਿੰਘ ਮੈਂਬਰ, ਸ: ਮੰਗਲ ਸਿੰਘ, ਸ: ਹਰਮਿੰਦਰ ਸਿੰਘ, ਸ: ਸੰਤੋਖ ਸਿੰਘ ਸੇਠੀ, ਸ: ਸਰਬਜੀਤ ਸਿੰਘ ਛੀਨਾ, ਪ੍ਰਿੰਸੀਪਲ ਸ: ਜਗਦੀਸ਼ ਸਿੰਘ, ਮੁਖ਼ਤਿਆਰ ਸਿੰਘ, ਐੱਚ. ਐੱਸ. ਬਰਾੜ, ਜੇ. ਐੱਸ. ਬਰਾੜ, ਸ਼ਿਵਦੇਵ ਸਿੰਘ, ਡੀ. ਪੀ. ਓ. ਸ਼ੇਰਜੰਗ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਡਾ. ਮਹਿਲ ਸਿੰਘ ਦੀ ਧਰਮਪਤਨੀ ਡਾ. ਰਮਿੰਦਰ ਕੌਰ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ ਸੁਰਿੰਦਰਪਾਲ ਕੌਰ ਢਿੱਲੋਂ, ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ, ਪ੍ਰੋ: ਜੇ. ਐੱਸ. ਰੰਧਾਵਾ, ਪ੍ਰੋ: ਰਾਕੇਸ਼ ਮੋਹਨ ਸ਼ਾਮ, ਪ੍ਰੋ: ਸ਼ਰਨਜੀਤ ਢਿੱਲੋਂ ਆਦਿ ਤੋਂ ਇਲਾਵਾ ਸਮੂੰਹ ਕਾਲਜ ਸਟਾਫ਼, ਪ੍ਰੋਫ਼ੈਸਰ ਵੀ ਮੌਜ਼ੂਦ ਸਨ। ਵਰਨਣਯੋਗ ਹੈ ਖ਼ਾਲਸਾ ਕਾਲਜ ਨੂੰ ਖ਼ੁਦ ਮੁਖ਼ਤਿਆਰ ਸੰਸਥਾ ਦਾ ਦਰਜਾ ਯੂ. ਜੀ. ਸੀ. ਪਾਸੋਂ ਹਾਸਲ ਹੋ ਚੁੱਕਾ ਹੈ ਅਤੇ ਇਸਦੇ ਅਕਾਦਮਿਕ, ਵਿੱਤੀ ਅਤੇ ਪ੍ਰਸ਼ਾਸ਼ਨਿਕ ਸੁਤੰਤਰਤਾ ਬਹਾਲ ਹੋਣ ਕਾਰਨ ਇੱਥੇ ਪ੍ਰਿੰਸੀਪਲ ਦੇ ਅਹੁੱਦੇ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ੁਦ ਮੁਖ਼ਤਿਆਰ ਸੰਸਥਾ ਦੇ ਬਾਵਜੂਦ ਵੀ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਿਤ ਹੈ ਅਤੇ ਡਿਗਰੀਆਂ ਯੂਨੀਵਰਸਿਟੀ ਵੱਲੋਂ ਹੀ ਦਿੱਤੀਆਂ ਜਾਣੀਆ ਹਨ। ਜ਼ਿਕਰਯੋਗ ਹੈ ਕਿ ਡਾ. ਦਲਜੀਤ ਸਿੰਘ 2005 ਤੋਂ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਰਹੇ ਸਨ ਅਤੇ 9 ਸਾਲ ਦੀ ਸਰਵਿਸ ਉਪਰੰਤ ਸੇਵਾਮੁਕਤ ਹੋ ਗਏ ਸਨ।