ਪੁਰਸ਼ਾਂ ‘ਚ ਜਦੋਂ ਛਾਤੀ ਦੇ ਟਿਸ਼ੂ ਸੁੱਜ ਜਾਂਦੇ ਹਨ ਤਾਂ ਇਸ ਨੂੰ ਗਾਈਨੇਕੋਮੇਜ਼ਿਆ ਕਿਹਾ ਜਾਂਦਾ ਹੈ।ਇਹ ਮਰਦਾਂ ਵਿਚ ਪੈ ਜਾਣ ਵਾਲੀ ਇਕ ਬਿਮਾਰੀ ਹੈ, ਜੋ ਟੇਸਟੋਸਟੇਰਾਂ ਅਤੇ ਐਸਟਰੋਜੇਨ ਹਾਰਮੋਨ ਦੀ ਗੜਬੜੀ ਹੋਣ ਕਰਕੇ ਹੁੰਦੀ ਹੈ।ਇਸ ਬਿਮਾਰੀ ‘ਚ ਮਰਦਾਂ ਦੀ ਛਾਤੀ ਦੇ ਟਿਸ਼ੂ ਬਹੁਤ ਵੱਧ ਜਾਂਦੇ ਹਨ।ਅੱਜ ਦੀ ਦੌੜਭਜ ਵਾਲੀ ਜ਼ਿੰਦਗੀ, ਕਸਰਤ ਨਾ ਕਰਨਾ, ਸਰੀਰਕ ਕੰਮ ਜ਼ਿਆਦਾ ਨਾ ਕਰਨਾ ਅਤੇ ਫਾਸਟ-ਫੂਡ ਇਸ ਦਾ ਮੁੱਖ ਕਾਰਣ ਹਨ।ਗਾਈਨੇਕੋਮੇਜ਼ਿਆ ਲਈ ਕਾਫੀ ਹੱਦ ਤੱਕ ਖਾਨਦਾਨੀ ਕਾਰਣ ਜ਼ਿਮੇਦਾਰ ਹੁੰਦੇ ਹਨ।ਪਰ ਜੇਕਰ ਇਹ ਬਿਮਾਰੀ ਖਾਨਦਾਨੀ ਨਾ ਹੋਵੇ ਤਾਂ ਕੁੱਝ ਗੱਲਾਂ ਨੂੰ ਧਿਆਨ ‘ਚ ਰੱਖ ਕੇ ਇਸ ਤੋਂ ਬਚਿਆ ਜਾ ਸਕਦਾ ਹੈ ।
ਕੀ ਹੈ ਗਾਈਨੇਕੋਮੇਜ਼ਿਆ
ਮਰਦਾਂ ਵਿਚ ਪੈ ਜਾਣ ਵਾਲੀ ਇਹ ਬਿਮਾਰੀ ਹਾਰਮੋਨ ਦੀ ਗੜਬੜੀ ਕਰਕੇ ਹੁੰਦੀ ਹੈ।ਗਾਈਨੇਕੋਮੇਜ਼ਿਆ ਹੋਣ ‘ਤੇ ਮਰਦਾਂ ਦੀ ਛਾਤੀ ਵਧ ਜਾਂਦੀ ਹੈ।ਇਹ ਇਕ ਜਾਂ ਦੋਵਾਂ ਛਾਤੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।ਦੇਖਣ ‘ਚ ਮਰਦਾਂ ਦੀ ਛਾਤੀ ਔਰਤਾਂ ਦੀ ਛਾਤੀ ਵਰਗੀ ਲਗਦੀ ਹੈ।ਜਦੋਂ ਬੱਚੇ ਵੱਡੇ ਹੁੰਦੇ ਹਨ ਅਰਥਾਤ ਜਵਾਨ ‘ਚ ਪੈਰ ਧਰਦੇ ਹਨ, ਤਾਂ ਇਹ ਸਮੱਸਿਆ ਹੋ ਸਕਦੀ ਹੈ ਅਤੇ ਢੱਲਦੀ ਉਮਰ ‘ਚ ਵੀ ਪੁਰਸ਼ ਇਸ ਦਾ ਸ਼ਿਕਾਰ ਹੋ ਸਕਦੇ ਹਨ, ਕਿਓਂਕਿ ਇਸ ਦੌਰਾਨ ਹਾਰਮੋਨ ਤਬਦੀਲੀ ਹੁੰਦੀ ਹੈ।ਹਾਲਾਂਕਿ ਇਹ ਕੋਈ ਬਹੁਤ ਗੰਭੀਰ ਬਿਮਾਰੀ ਨਹੀਂ ਹੈ, ਪਰ ਇਸ ਹਾਲਤ ਤੋਂ ਬਾਹਰ ਨਿਕਲਣਾ ਬਹੁਤ ਔਖਾ ਹੁੰਦਾ ਹੈ।ਗਾਈਨੇਕੋਮੇਜ਼ਿਆ ਦੇ ਕਾਰਣ ਮਰਦਾਂ ਦੀਆਂ ਛਾਤੀਆਂ ‘ਚ ਦਰਦ ਹੋ ਸਕਦਾ ਹੈ। ਇਸਦੇ ਕਾਰਣ ਆਦਿ ਹੀਣ-ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਜਨਤਕ ਥਾਵਾਂ ‘ਤੇ ਕਪੜੇ ਉਤਾਰਨ ‘ਚ ਸ਼ਰਮ ਮਹਿਸੂਸ ਕਰਦਾ ਹੈ।ਕਈ ਵਾਰ ਤਾਂ ਯਾਰ-ਬੇਲੀ ਅਤੇ ਹੋਰ ਆਸ-ਪਾਸ ਦੇ ਲੋਕ ਉਸ ਦਾ ਮਜ਼ਾਕ ਉਡਾਉਣਾ ਵੀ ਸ਼ੁਰੂ ਕਰ ਦੇਂਦੇ ਹਨ ਅਤੇ ਪੀੜਿਤ ਮਰਦ ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਕਈ ਵਾਰ ਤਾਂ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹੈ।
ਗਾਈਨੇਕੋਮੇਜ਼ਿਆ ਤੋਂ ਬਚਾਓ
ਉਮਰ ਦਾ ਪੜਾਓ
ਜਦੋਂ ਬੱਚਾ ਜਵਾਂਨੀ ‘ਚ ਪੈਰ ਧਰਦਾ ਹੈ ਤਾਂ ਗਾਈਨੇਕੋਮੇਜ਼ਿਆ ਦੀ ਸਮੱਸਿਆ ਹੋ ਸਕਦੀ ਹੈ ਕਿਓਂਕਿ ਇਸੇ ਦੌਰਾਨ ਹਾਰਮੋਨ ਤਬਦੀਲੀ ਹੋ ਰਹੀ ਹੁੰਦੀ ਹੈ ਅਤੇ ਇਹ ਬਿਮਾਰੀ ਹਾਰਮੋਨ ਤਬਦੀਲੀ ਦੇ ਕਾਰਣ ਹੀ ਹੁੰਦੀ ਹੈ।ਇਸੇ ਤਰਾਂ 50 ਦੀ ਉਮਰ ਤੋਂ ਬਾਅਦ ਵੀ ਗਾਈਨੇਕੋਮੇਜ਼ਿਆ ਪ੍ਰਤੀ ਸੁਚੇਤ ਰਹੋ।ਜੇਕਰ ਤੁਹਾਨੂੰ ਆਪਣੀਆਂ ਛਾਤੀਆਂ ‘ਚ ਕੋਈ ਤਬਦੀਲੀ ਦਿਖੇ ਤਾਂ ਬਿਨਾ ਦੇਰੀ ਇਸ ਦਾ ਇਲਾਜ਼ ਕਰਾਓ।ਵੱਡੀ ਉਮਰ ਦੇ ਮਰਦਾਂ ‘ਚ ਗਾਈਨੇਕੋਮੇਜ਼ਿਆ ਦੇ ਕਾਰਣ ਛਾਤੀ ਦੇ ਕੈੰਸਰ (ਬ੍ਰੈਸਟ ਕੈੰਸਰ) ਦੀ ਸੰਭਾਵਨਾ ਵੀ ਹੋ ਸਕਦੀ ਹੈ।ਇਸ ਬਿਮਾਰੀ ਨੂੰ ਹੋਣ ਤੋਂ ਰੋਕਣ ਲਈ ਨਸ਼ਿਆਂ ਦਾ ਸੇਵਨ ਨਾ ਕਰੋ, ਜ਼ਿਆਦਾ ਸ਼ਰਾਬ ਨਾ ਪੀਓ, ਬਿਨਾ ਡਾਕਟਰ ਦੀ ਸਲਾਹ ਦਵਾਈ ਨਾ ਖਾਓ।
ਖਾਨਦਾਨੀ ਇਤਿਹਾਸ
ਗਾਈਨੇਕੋਮੇਜ਼ਿਆ ਖਾਨਦਾਨੀ ਬਿਮਾਰੀ ਵੀ ਹੈ।ਜੇਕਰ ਤੁਹਾਡੇ ਪਰਿਵਾਰ ‘ਚ ਪਹਿਲਾਂ ਕਿਸੇ ਨੂੰ ਇਹ ਬਿਮਾਰੀ ਹੋਈ ਹੈ ਤਾਂ ਇਹ ਤੁਹਾਂੂੰ ਵੀ ਹੋ ਸਕਦੀ ਹੈ।ਇਸ ਤੋਂ ਇਲਾਵਾ ਇਹ ਬਿਮਾਰੀ ਬੱਚੇ ਨੂੰ ਮਾਂ ਦੇ ਜ਼ਰੀਏ ਵੀ ਹੋ ਸਕਦੀ ਹੈ।ਗਰਭ-ਅਵਸਥਾ ਦੌਰਾਨ ਹਾਰਮੋਨ ਤਬਦੀਲੀ ਹੁੰਦੀ ਹੈ ਅਤੇ ਇਸ ਤਬਦੀਲੀ ਦੇ ਕਾਰਣ ਬੱਚੇ ਨੂੰ ਗਾਈਨੇਕੋਮੇਜ਼ਿਆ ਹੋ ਸਕਦਾ ਹੈ।
ਵਜ਼ਨ ਘਟਾਓ
ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੈ ਤਾਂ ਇਸ ਦੇ ਕਾਰਣ ਵੀ ਗਾਈਨੇਕੋਮੇਜ਼ਿਆ ਹੋ ਸਕਦਾ ਹੈ।ਇਸ ਲਈ ਅਣਚਾਹੇ ਫ਼ੈਟ ਨੂੰ ਸ਼ਰੀਰ ‘ਚੋ ਘੱਟ ਕਰੋ, ਕਿਓਂਕਿ ਮੋਟਾਪੇ ਦੇ ਕਾਰਣ ਮਰਦਾਂ ਦੀਆਂ ਛਾਤੀਆਂ ਦੇ ਆਸ-ਪਾਸ ਫ਼ਾਲਤੂ ਚਰਬੀ ਜਮਾਂ ਹੋ ਜਾਂਦੀ ਹੈ ਅਤੇ ਇਹ ਗਾਈਨੇਕੋਮੇਜ਼ਿਆ ਦੀ ਵਜ੍ਹਾ ਬਣ ਸਕਦੀ ਹੈ।
ਲੱਛਣ
ਇਸ ਦੇ ਲੱਛਣ ਦੇਖਣ ਲਈ ਤੁਸੀਂ ਆਪਣੇ ਆਪ ਦੀ ਖੁਦ ਜਾਂਚ ਕਰੋ।ਜੇਕਰ ਤੁਹਾਨੂੰ ਆਪਣੀ ਛਾਤੀ ਆਮ ਨਾਲੋਂ ਜ਼ਿਆਦਾ ਵੱਡੀ ਲੱਗੇ ਜਾਂ ਔਰਤਾਂ ਵਰਗੀ ਛਾਤੀ ਲੱਗੇ ਅਰਥਾਤ ਕੋਈ ਤਬਦੀਲੀ ਦਿਖੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਇਲਾਜ਼
ਗਾਈਨੇਕੋਮੇਜ਼ਿਆ ਦਾ ਇਲਾਜ਼ ਇੱਕ ਮਾਮੂਲੀ ਜਿਹੀ ਸਰਜਰੀ ਨਾਲ ਹੀ ਸੰਭਵ ਹੈ।ਪੁਰਾਣੇ ਸਮੇਂ ‘ਚ ਸਰਜਰੀ ਤੋਂ ਬਾਅਦ ਬਹੁਤ ਵੱਡੇ-ਵੱਡੇ ਨਿਸ਼ਾਨ ਰਹਿ ਜਾਂਦੇ ਸਨ, ਜੋ ਦੇਖਣ ‘ਚ ਬਹੁਤ ਬੁਰੇ ਲਗਦੇ ਸਨ।ਹੁਣ ਇਸ ਦਾ ਇਲਾਜ਼ ਆਧੁਨਿਕ ਤਕਨੀਕ ਲਿਪੋਸਕਸ਼ਨ ਸਰਜਰੀ ਨਾਲ ਕੀਤਾ ਜਾਂਦਾ ਹੈ, ਜਿਸ ਦੇ ਨਿਸ਼ਾਨ ਨਾ ਦੇ ਬਰਾਬਰ ਹੁੰਦੇ ਹਨ ਅਤੇ ਮਰੀਜ਼ ਬਹੁਤ ਜਲਦੀ ਠੀਕ ਹੋ ਜਾਂਦਾ ਹੈ।ਜ਼ਿਆਦਾਤਰ ਮਾਮਲਿਆਂ ‘ਚ ਤਾਂ ਡੇਅ-ਕੇਅਰ ਸਰਜਰੀ ਕਰਕੇ ਮਰੀਜ਼ ਨੂੰ ਉਸੇ ਦਿਨ ਵਾਪਿਸ ਘਰ ਭੇਜ ਦਿੱਤਾ ਜਾਂਦਾ ਹੈ।
– ਡਾ. ਰਵੀ ਮਹਾਜਨ,
ਮੁਖੀ ਪਲਾਸਟਿਕ ਸਰਜਰੀ ਵਿਭਾਗ,
ਅਮਨਦੀਪ ਹਸਪਤਾਲ, ਅੰਮ੍ਰਿਤਸਰ