ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਪਿੰਡ ਦਾ ਚੱਪਾ ਚੱਪਾ ਖੰਗਾਲਿਆ – ਲੱਖਾਂ ਲੀਟਰ ਕੱਚੀ ਲਾਹਣ ਕੀਤੀ ਨਸ਼ਟ
ਫਾਜਿਲਕਾ, 2 ਜੁਲਾਈ (ਵਿਨੀਤ ਅਰੋੜਾ) – ਨਜਾਇਜ ਸ਼ਰਾਬ ਕੱਢਣ ਦੇ ਮਾਮਲੇ ‘ਚ ਪੰਜਾਬ ਪ੍ਰਸਿੱਧ ਪਿੰਡ ਮਹਾਲਮ ਦੇ ਸ਼ਰਾਬ ਤਸਕਰਾਂ ਵੱਲੋਂ ਪਿਛਲੇ ਕੁੱਝ ਦਿਨ੍ਹਾਂ ‘ਚ ਪਹਿਲਾਂ ਥਾਣਾ ਸਦਰ ਦੇ ਸਾਬਕਾ ਮੁਖੀ ਹਰਿੰਦਰ ਸਿੰਘ ਚਮੇਲੀ ਦੀ ਕੁੱਟਮਾਰ ਕਰਨ ਅਤੇ ਬੀਤੇ ਕੱਲ ਆਬਕਾਰੀ ਵਿਭਾਗ ਦੀ ਟੀਮ ‘ਤੇ ਹਮਲਾ ਕਰਨ ਤੋਂ ਬਾਅਦ ਹਰਕਤ ‘ਚ ਆਈ ਪੁਲਿਸ ਨੇ ਜ਼ਿਲਾ ਪੁਲਿਸ ਮੁਖੀ ਸ਼੍ਰੀ ਸਵਪਨ ਸ਼ਰਮਾ ਦੀ ਅਗੁਵਾਈ ਵਿੱਚ ਸੈਂਕੜੇ ਪੁਲਿਸ ਮੁਲਾਜ਼ਮਾਂ ਸਮੇਤ ਅੱਜ ਸਵੇਰੇ ਤੜਕਸਾਰ ਪਿੰਡ ਮਹਾਲਮ ‘ਚ ਛਾਪਾਮਾਰੀ ਕੀਤੀ ਅਤੇ ਪਿੰਡ ਦੇ ਵਿੱਚ ਅਤੇ ਆਸ ਪਾਸ ਢਾਣੀਆਂ ‘ਤੇ ਪਾਈ ਲੱਖਾਂ ਲੀਟਰ ਨਜਾਇਜ ਸ਼ਰਾਬ ਨਸ਼ਟ ਕੀਤੀ ਅਤੇ ਇਸ ਧੰਦੇ ‘ਚ ਸ਼ਾਮਲ ਹੋਣ ਦੇ ਸ਼ੱਕ ‘ਚ ਦਰਜਨਾਂ ਮਰਦ ਔਰਤਾਂ ਨੂੰ ਹਿਰਾਸਤ ‘ਚ ਲਿਆ। ਦਰਜਨਾਂ ਵਾਹਨਾਂ ‘ਚ ਸਵਾਰ ਹੋ ਕੇ ਆਏ ਪੁਲਿਸ ਮੁਲਾਜ਼ਮਾਂ, ਜਿਨ੍ਹਾਂ ਵਿੱਚ ਔਰਤ ਪੁਲਿਸ ਮੁਲਾਜ਼ਮਾਂ ਵੀ ਸ਼ਾਮਲ ਸਨ, ਨੇ ਪਿੰਡ ਨੂੰ ਚਾਰਾਂ ਪਾਸੇ ਤੋਂ ਘੇਰਾ ਪਾ ਲਿਆ ਅਤੇ ਇਕ ਇਕ ਘਰ, ਖੇਤ ਅਤੇ ਇੱਥੋਂ ਤੱਕ ਕਿ ਖੇਤਾਂ ਨੂੰ ਜਾਂਦੇ ਰਸਤਿਆਂ ਦੀ ਤਲਾਸ਼ੀ ਲਈ। ਪੁਲਿਸ ਨੂੰ ਇਸ ਅਭਿਆਨ ਦੌਰਾਨ ਵੱਡੀ ਸਫਲਤਾ ਹਾਸਲ ਲੱਗੀ, ਜਿਸ ਵਿੱਚ ਲੱਖਾਂ ਲੀਟਰ ਸ਼ਰਾਬ ਨਸ਼ਟ ਕਰਨ ਤੋਂ ਇਲਾਵਾ ਪੁਲਿਸ ਨੇ ਸ਼ਰਾਬ ਕੱਢਣ ਲਈ ਵਰਤੇ ਜਾਂਦੇ ਸੰਦਾਂ ਨੂੰ ਨਸ਼ਟ ਕੀਤਾ ਅਤੇ ਨਾਲ ਹੀ ਬਹੁਤ ਸਾਰੇ ਸੰਦ ਚੁੱਕ ਕੇ ਥਾਣੇ ਲਿਆਂਦੇ। ਪਿੰਡ ਦੇ ਸ਼ਰਾਬ ਤਸਕਰਾਂ ਨੇ ਆਪਣੇ ਆਪਣੇ ਟਿਕਾਣਿਆਂ ‘ਤੇ ਡਿੱਗੀਆਂ ਬਣਾ ਕੇ ਸ਼ਰਾਬ ਪਾਈ ਹੋਈ ਸੀ ਅਤੇ ਨਾਲ ਹੀ ਮਿੰਨੀ ਫ਼ੈਕਟਰੀਆਂ ਖੇਤਾਂ ‘ਚ ਲਗਾਈਆਂ ਹੋਈਆਂ ਸਨ। ਪੁਲਿਸ ਨੇ ਪਿੰਡ ਦਾ ਚੱਪਾ ਚੱਪਾ ਖਗਾਲਿਆ ਅਤੇ ਜਿੱਥੇ ਕਿਤੇ ਵੀ ਪੁਲਿਸ ਨੂੰ ਸ਼ੱਕ ਸੀ, ਉਥੇ ਇਹ ਸਰਚ ਅਭਿਆਨ ਵੱਡੇ ਪੱਧਰ ‘ਤੇ ਕੀਤਾ ਗਿਆ। ਛਾਪਾਮਾਰੀ ਟੀਮ ‘ਚ ਆਬਕਾਰੀ ਵਿਭਾਗ ਦੇ ਇੰਸਪੈਕਟਰ ਹਰਜੀਤ ਸਿੰਘ ਸਮੇਤ ਹੋਰ ਮੁਲਾਜ਼ਮ ਵੀ ਨਾਲ ਸਨ। ਉਧਰ ਐਸ. ਐਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਦੋ ਤਿੰਨ ਲੱਖ ਲੀਟਰ ਕੱਚੀ ਲਾਹਣ ਅੱਜ ਦੇ ਇਸ ਅਭਿਆਨ ‘ਚ ਬਰਬਾਦ ਕੀਤੀ ਗਈ ਹੈ ਅਤੇ ਅੱਗੇ ਵੀ ਇਹ ਅਭਿਆਨ ਇਸੇ ਤਰ੍ਹਾਂ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੀ ਇਹ ਵੱਡੀ ਸਫਲਤਾ ਹੈ।