Wednesday, August 6, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਹਰਿਭਜਨ ਸਿੰਘ ਭਾਟੀਆ ਭਾਸ਼ਾ ਫ਼ੈਕਲਟੀ ਦੇ ਡੀਨ ਨਿਯੁੱਕਤ

PPN020707
ਅੰਮ੍ਰਿਤਸਰ, 2  ਜੁਲਾਈ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫ਼ੈਸਰ ਅਜਾਇਬ ਸਿੰਘ ਬਰਾੜ ਨੇ ਪ੍ਰੋਫ਼ੈਸਰ ਹਰਿਭਜਨ ਸਿੰਘ ਭਾਟੀਆ ਨੂੰ ਭਾਸ਼ਾ ਫ਼ੈਕਲਟੀ ਦਾ ਡੀਨ ਨਿਯੁਕਤ ਕੀਤਾ ਹੈ। ਪ੍ਰੋਫ਼ੈਸਰ ਹਰਿਭਜਨ ਸਿੰਘ ਭਾਟੀਆ ਪਿਛਲੇ ਪੈਂਤੀ ਵਰ੍ਹਿਆਂ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਵੱਖ ਵੱਖ ਅਹੁਦਿਆਂ ਉੱਪਰ ਕੰਮ ਕਰ ਰਹੇ ਹਨ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ਼ ਕਾਲਿਜ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀਆਂ ਖੋਜ ਅਤੇ ਆਲੋਚਨਾ ਦੇ ਕਾਰਜ ਨਾਲ ਸੰਬੰਧਿਤ ਬਾਈ ਪੁਸਤਕਾਂ ਮੌਲਿਕ ਅਤੇ ਸੰਪਾਦਿਤ ਵੱਖ ਵੱਖ ਸੰਸਥਾਵਾਂ, ਅਦਾਰਿਆਂ ਅਤੇ ਯੂਨੀਵਰਸਿਟੀਆਂ ਦੁਆਰਾ ਪ੍ਰਕਾਸ਼ਿਤ ਹੋ ਚੁੱਕੀਆਂ ਹਨ।  ਭਾਸ਼ਾਵਾਂ ਨਾਲ ਸੰਬੰਧਿਤ ਵੱਖ ਵੱਖ ਰਾਸ਼ਟਰੀ ਸੰਸਥਾਵਾਂ ਜਿਵੇਂ ਗਿਆਨਪੀਠ ਅਵਾਰਡ ਕਮੇਟੀ, ਸਰਸਵਤੀ ਪੁਰਸਕਾਰ ਕਮੇਟੀ ਅਤੇ ਸਾਹਿਤ ਅਕੈਡਮੀ ਸਲਾਹਕਾਰ ਬੋਰਡ ਦੇ ਉਹ ਮੈਂਬਰ/ਚੇਅਰਪਰਸਨ ਰਹਿ ਚੁੱਕੇ ਹਨ। ਉਨ੍ਹਾਂ ਦੁਆਰਾ ਕੀਤੇ ਖੋਜ ਅਤੇ ਆਲੋਚਨਾ ਕਾਰਜਾਂ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਸੰਸਥਾ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੁਆਰਾ ਸ਼ਿਰੋਮਣੀ ਸਾਹਿਤ ਆਲੋਚਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਹੁਤ ਸਾਰੀਆਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੰਸਥਾਵਾਂ ਜਿਵੇਂ ਪੰਜਾਬ ਸਾਹਿਤ ਕਲਾ ਪਰਿਸ਼ਦ, ਲੋਕ ਸਾਹਿਤ ਮੰਚ, ਰਵੀ ਯਾਦਗਾਰੀ ਟਰੱਸਟ, ਸਾਊਥ ਏਸ਼ੀਆ ਰਿਵਿਊ ਬੀ.ਸੀ.ਕੈਨੇਡਾ, ਯੂਨੀਵਰਸਿਟੀ ਆਫ਼ ਗੁਜਰਾਤ (ਪਾਕਿਸਤਾਨ), ਪੰਜਾਬੀ ਅਕੈਡਮੀ ਨੋਟਿੰਘਮ (ਯੂ.ਕੇ.), ਪੰਜਾਬੀ ਅਕੈਡਮੀ ਵੁਲਵਰਹੈਂਪਨ (ਯੂ.ਕੇ.) ਅਤੇ ਪਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਯੂ.ਕੇ. ਆਦਿ ਦੁਆਰਾ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ. ਭਾਟੀਆ ਵੱਖ ਵੱਖ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੰਸਥਾਵਾਂ ਦੁਆਰਾ ਕਰਵਾਏ ਵੱਖ ਵੱਖ ਸੈਮੀਨਾਰਾਂ ਅਤੇ ਕਾਨਫਰੰਸਾਂ ਵਿਚ ਇਕ ਸੌ ਪੰਜਾਹ ਦੇ ਲਗਭਗ ਖੋਜ ਪੱਤਰ ਪ੍ਰਸਤੁਤ ਕਰ ਚੁੱਕੇ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply