ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ)- ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਆਯੋਜਿਤ ਰੰਗਮੰਚ ਵਰਕਸ਼ਾਪ ਉਤਸਵ ਦੌਰਾਨ ਚੌਥੇ ਦਿਨ ਦੋ ਨਾਟਕ ‘ਸੁਪਨੀਂਦੇ’ ਅਤੇ ‘ਯੁੱਧ ਦਾ ਅੰਤ’ ਦਾ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮੰਚਨ ਕੀਤਾ ਗਿਆ। ਸੁਪਨੀਂਦੇ ਨਾਟਕ ਨੂੰ ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ ਨੇ ਲਿਖਆਿ ਅਤੇ ਇਹਨਾਂ ਦੋਵਾਂ ਨਾਟਕਾਂ ਨੂੰ ਕੇਵਲ ਧਾਲੀਵਾਲ ਨੇ ਨਿਰਦੇਸ਼ਤ ਕੀਤਾ। ਇਸ ਮੌਕੇ ਡਾ. ਸਵਰਾਜਬੀਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਪਹਿਲੇ ਨਾਟਕ ”ਯੁੱਧ ਦਾ ਅੰਤ’ ਵਿੱਚ ਪਰਗਟ ਸਿੰਘ ਸਤੌਜ ਦੀ ਲਿੱਖੀ ਕਹਾਣੀ ਵਿੱਚ ਥੁੜਾਂ ਮਾਰੇ ਸਮਾਜ ਦੀ ਹੋਣੀ ਅਤੇ ਗੁਰਭਤ ਹੰਢਾਉਣ ਲਈ ਮਜਬੂਰ ਜ਼ਿੰਦਗੀ ਦੀ ਬੇਬਸੀ ਦਾ ਬਿਆਨ ਹੈ। ਜਿਸ ਨੂੰ ਕਲਾਕਾਰ ਗੁਰਤੇਜ ਮਾਨ, ਗਗਨਦੀਪ ਅਤੇ ਜਗਦੀਪ ਸਿੰਘ ਨੇ ਖੂਬਸੁਰਤ ਅਦਾਕਾਰੀ ਨਾਲ ਪੇਸ਼ ਕੀਤਾ। ਦੂਜੀ ਕਾਵਿ ਨਾਟ ਪੇਸ਼ਕਾਰੀ ‘ਸੁਪਨੀਂਦੇ’ ਨੂੰ ਰੰਗਾਂ, ਰੋਸ਼ਨੀ ਅਤੇ ਖੂਬਸੁਰਤ ਵਿਜ਼ੂਊਲ ਰਾਹੀ ਕਲਾਤਮਕ ਤਰੀਕੇ ਨਾਲ ਪੇਸ਼ ਕੀਤਾ ਗਿਆ। ਜਿਸ ਵਿੱਚ ਦਰਸਾਇਆ ਗਿਆ ਹੈ ਕਿ ਸੁਪਨਿਆਂ ਬਾਰੇ ਮਨੋਵਿਗਿਆਨੀਆਂ ਨੇ ਬਹੁਤ ਕੁਝ ਕਹਿ ਦਿੱਤਾ ਹੈ, ਪਰ ਅੰਤਮ ਨਿਰਣੇ ਦਾ ਦ੍ਰਿਸ਼ ਅਜੇ ਵੀ ਪੂਰੀ ਤਰ੍ਹਾਂ ਉਜ਼ਾਗਰ ਨਹੀਂ ਹੋਇਆ। ਸੁਪਨਾ ਲੈਣ ਤੇ ਸੁਪਨੇ ਵੇਖਣ ਦੀ ਅਕਸਰ ਗੱਲ ਕੀਤੀ ਜਾਂਦੀ ਹੈ। ਮਨੁੱਖ ਨੂੰ ਵੱਡੇ ਤੇ ਸੋਹਣੇ ਸੁਪਨੇ ਵੇਖਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ, ਜਦ ਕਿ ਸਾਰਿਆਂ ਨੂੰ ਪਤਾ ਹੈ ਕਿ ਸੁਪਨੇ ਸੋਚ ਕੇ ਜਾਂ ਮਿਥ ਕੇ ਨਹੀਂ ਵੇਖੇ ਜਾਂ ਲਏ ਜਾ ਸਕਦੇ। ਸੁਪਨੇ ਹਰ ਵਾਰ ਸੋਹਣੀ ਮਨੁੱਖੀ ਤੇ ਕੋਮਲਮੁਖੀ ਦਿੱਖ ਵਾਲੇ ਵੀ ਨਹੀਂ ਹੁੰਦੇ, ਸੁਪਨਿਆਂ ਦੀ ਆਪਣੀ ਵਿਕਰਾਲਤਾ ਤੇ ਭੈਭੀਤ ਕਰਨ ਵਾਲੀ ਨੁਹਾਰ ਵੀ ਹੁੰਦੀ ਹੈ। ਸੁਪਨੇ ਨਿਰਸੰਦੇਹ ਕਿਸੇ ਕਲਪਿਤ ਸੰਸਾਰ ਦੀ ਵਿਆਖਿਆ ਤਾਂ ਹੁੰਦੇ ਹਨ ਪਰ ਉਸ ਕਲਪਿਤ ਵਿਆਖਿਆ ਵਿਚ ਸਾਰਾ ਕੁਝ ਸਹਿਜ ਚਿਤ ਤੇ ਪੂਰਨਤਾ ਦੀ ਸਥਿਤੀ ਵਰਗਾ ਨਹੀਂ ਹੁੰਦਾ। ਸੁਪਨਾ ਅਣਵੇਖੇ, ਅਣਸੋਚੇ, ਅਣਲਿਖੇ, ਅਣਹੰਢਾਏ ਨੂੰ ਦ੍ਰਿਸ਼ਮਈ ਤਾਂ ਬਣਾਉਂਦਾ ਹੀ ਹੈ ਪਰ ਉਹ ਦ੍ਰਿਸ਼ਮਈ ਝਾਓਲੇ ਕਈ ਵਾਰ ਬੇਚੈਨੀਆਂ, ਵੀਰਾਨੀਆਂ, ਮਾਯੂਸੀਆਂ, ਅਤ੍ਰਿਪਤੀਆਂ, ਲਾਲਸਾਵਾਂ, ਤਿਸ਼ਨਗੀਆਂ ਦੀ ਦ੍ਰਿਸ਼ਕਾਰੀ ਵੀ ਕਰਦੇ ਹਨ। ਅਜੇਹੇ ਸੁਪਨਿਆਂ ਬਾਰੇ ਕਈ ਵਾਰ ਸੁਪਨਾ ਟੱਟ ਜਾਣ ਬਾਅਦ ਸੋਚਣਾ ਵੀ ਬੋਝਲਤਾ ਦਾ ਅਹਿਸਾਸ ਕਰਾਉਂਦਾ ਹੈ। ਸੁਪਨੇ ਜੀਵਨ ਦੇ ਬਹੁਰੰਗੇ ਯਥਾਰਥ ਤੇ ਮਨੁੱਖ ਦੀਆਂ ਸੋਚਾਂ ਦੀਆਂ ਪਰਤਾਂ ਵੀ ਖੋਲ੍ਹਦੇ ਹਨ। ਕਈ ਵਾਰ ਕਈ ਮਾਨਸਿਕ ਗੁੰਝਲਾਂ ਸੁਲਝ ਜਾਂਦੀਆਂ ਹਨ, ਪਰ ਕਈ ਵਾਰ ਨਵੀਆਂ ਗੁੰਝਲਾਂ ਪੈ ਵੀ ਜਾਂਦੀਆਂ ਹਨ। ਸੁਪਨਿਆਂ ਵਿਚ ਵੀ ਹਰ ਵਾਰ ਸੁਰਨਾਦ ਹੀ ਨਹੀਂ ਗੂੰਜਦਾ, ਬੇਚੈਨੀਆਂ ਦੇ ਵਾਵਰੋਲੇ ਵੀ ਸ਼ੂਕਦੇ ਹਨ। ਸੁਪਨੇ ਮਾਨਸਿਕ ਸੁੱਚਤਾ ਨੂੰ ਪਲੀਤ ਵੀ ਕਰ ਜਾਂਦੇ ਹਨ ਤੇ ਹਰਿਆਲੀਆਂ ਜੂਹਾਂ ਵਿਚ ਵੀ ਲੈ ਜਾਂਦੇ ਹਨ। ਸੁਪਨੇ ਦੇਹ ਦੀ ਉਡਾਨ ਵੀ ਹਨ ਤੇ ਦੇ ‘ਚ ਵਾਪਰਦਾ ਕੋਹਰਾਮ ਵੀ । ਸੁਪਨੇ ਦੇਹ ਦਾ ਰੁਦਨ ਵੀ ਸੁਣਦੇ ਹਨ ਤੇ ਕੋਸੀ ਰੁੱਤ ਦਾ ਗੀਤ ਵੀ। ਮਨੁੱਖ ਦੀ ਮਾਨਸਿਕਤਾ ਹੀ ਸੁਪਨਿਆਂ ਦਾ ਸੰਸਾਰ ਸਿਰਜਦੀ ਹੈ। ਇਹ ‘ਸੁਪਨੀਂਦੇ’ ਸੁਪਨਿਆਂ ਦੀ ਅਸੀਮਤਾ ਵਿਚ ਉਤਰਨ ਦੀ ਭੋਰਾ ਕੁ ਕੋਸ਼ਿਸ਼ ਕਹੀ ਜਾ ਸਕਦੀ ਹੈ। ਇਨ੍ਹਾਂ ਨਾਟਕਾਂ ਵਿੱਚ ਭਾਗ ਲੈਣ ਵਾਲੇ ਕਲਾਕਾਰ ਗੁਰਤੇਜ ਮਾਨ, ਜਤਿੰਦਰ ਸਿੰਘ, ਜਗਦੀਪ ਸਿੰਧੂ, ਵਿਕਾਸ ਜੋਸ਼ੀ, ਬੱਗਾ ਸਿੰਘ, ਰਮਨਦੀਪ ਕੌਰ, ਗੁਰਬਾਜ ਸਿੰਘ, ਗਗਨਦੀਪ ਕੌਰ, ਜਗਦੀਪ ਸਿੰਘ, ਅਮਨਦੀਪ ਧਾਲੀਵਾਲ, ਜਤਿੰਦਰ, ਖੁਸ਼ਵਿੰਦਰ ਸਿੰਘ, ਦਵਿੰਦਰ ਸਿੰਘ, ਸਮੀਰ ਮਾਨ, ਗੌਰਵ ਸਿੰਗਲਾ, ਜਸਪਾਲ ਸਿੰਘ ਗੈਰੀ, ਨਰਿੰਦਰ ਸੇਠੀ, ਜਸਵਿੰਦਜ ਸਿੰਘ, ਜੰਗ ਬਹਾਦਰ ਸਿੰਘ, ਅੰਗ੍ਰੇਜ਼ ਸਿੰਘ, ਸੰਦੀਪ ਸਿੰਘ ਆਦਿ ਨੇ ਨਾਟਕ ਵਿੱਚ ਆਪਣੇ ਕਲਾ ਦੇ ਜੌਹਰ ਦਿਖਾਏ। ਨਾਟਕ ਦਾ ਆਨੰਦ ਮਾਨਣ ਵਿੱਚ ਸੀ੍ਰਮਤੀ ਜਤਿੰਦਰ ਕੌਰ, ਸ੍ਰੀਮਤੀ ਗੁਰਮੀਤ ਬਾਵਾ, ਜਗਦੀਸ਼ ਸਚਦੇਵਾ, ਪ੍ਰਮਿੰਦਰਜੀਤ, ਡਾ. ਹਰਿਭਜਨ ਸਿੰਘ ਭਾਟੀਆ, ਜਸਵੰਤ ਸਿੰਘ ਜੱਸ, ਸ੍ਰੀਮਤੀ ਅਰਵਿੰਦਰ ਕੌਰ ਧਾਲੀਵਾਲ, ਰਛਪਾਲ ਸਿੰਘ ਰੰਧਾਵਾ, ਗੁਰਦੇਵ ਸਿੰਘ ਮਹਿਲਾਂਵਾਲਾ, ਦੀਪ ਦਵਿੰਦਰ ਸਿੰਘ, ਸਰਬਜੀਤ ਲਾਡਾ, ਮਨਦੀਪ ਘਈ, ਮੰਚਪ੍ਰੀਤ, ਤੇਜਿੰਦਰ ਬਾਵਾ ਆਦਿ ਵੱਡੀ ਗਿਣਤੀ ਕਲਾ ਪ੍ਰੇਮੀ ਅਤੇ ਨਾਟ ਪ੍ਰੇਮੀ ਹਾਜ਼ਰ ਸਨ।
4.7.14 ਨੂੰ ਸ਼ਾਮ 6.30 ਵਜੇ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤਸਵੀਰਾਂ’ ਪੇਸ਼ ਕੀਤਾ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …