ਲੰਡਨ ਤੇ ਲਾਹੌਰ ਤੋਂ ਇਲਾਵਾ ਖ਼ਾਲਸਾ ਕਾਲਜ ਲਾਇਬ੍ਰੇਰੀ ‘ਚ ਮੌਜ਼ੂਦ ਹੈ ਮੁਹੰਮਦ ਜ਼ਮਾਲ ਦੁਆਰਾ ਲਿਖਤ ‘ਸ਼ਾਹਨਾਮਾ’ – ਸ: ਛੀਨਾ
ਅੰਮ੍ਰਿਤਸਰ, 5 ਜੁਲਾਈ (ਪ੍ਰੀਤਮ ਸਿੰਘ) – ਇਤਿਹਾਸਕ ਖਾਲਸਾ ਕਾਲਜ ਵਿਖੇ ੮੩ ਸਾਲ ਪੁਰਾਣੇ ਸਿੱਖ ਖ਼ੋਜ ਲਾਇਬ੍ਰੇਰੀ ਅਤੇ ਮਿਊਜੀਅਮ, ਜਿਸ ‘ਚ ਪੁਰਾਤਨ ਸੈਂਕੜੇ ਅਣਮੁੱਲੇ ਦਸਤਾਵੇਜ, ਕਿਤਾਬਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਹੱਥ ਲਿਖਤ ਖਰੜੇ ਸੰਭਾਲੇ ਹੋਏ ਹਨ, ਨੂੰ ਹੁਣ ਡਿਜ਼ੀਟਲ ਤਰੀਕੇ ਨਾਲ ਸੰਭਾਲਿਆ ਜਾਵੇਗਾ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਇਸ ਲਾਇਬ੍ਰੇਰੀ ਦੇ ਡਿਜ਼ੀਟਾਈਜੇਸ਼ਨ ਦਾ ਉਦਘਾਟਨ ਕਰਦਿਆ ਕਿਹਾ ਕਿ ਇਸ ਮਿਊਜੀਅਮ ‘ਚ ੬੨੭੪ ਕਿਤਾਬਾਂ ਹਨ, ਜਿੰਨਾਂ ‘ਚ ੧੬ਵੀਂ ਅਤੇ ੧੭ਵੀਂ ਸ਼ਤਾਬਦੀ ਦੀਆਂ 442 ਤੋਂ ਵੱਧ ਕਿਤਾਬਾਂ ਅੰਗਰੇਜ਼ੀ, ਪਾਰਸੀ, ਸੰਸਕ੍ਰਿਤ ਅਤੇ ਊਰਦੂ ‘ਚ ਹਨ। ਸ: ਮਜੀਠੀਆ ਨੇ ਉੱਪ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲਕੇ ਇਸ ਮਿਊਜ਼ੀਅਮ ਦੇ ੬ ਮਹੀਨੇ ‘ਚ ਮੁਕੰਮਲ ਹੋਏ ਕੰਮ ਦਾ ਉਦਘਾਟਨ ਕਰਦਿਆ ਕਿਹਾ ਕਿ ਇਸ ਮਿਊਜ਼ੀਅਮ ਦੀ ਦੇਖ-ਭਾਲ ਸਿੱਖ ਹਿਸਟਰੀ ਰਿਸਰਚ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਲੰਧਰ ਸਥਿਤ ਇਕ ਪ੍ਰਾਈਵੇਟ ਕੰਪਨੀ ਵੱਲੋਂ ਪੌਣੇ ੨ ਲੱਖ ਦੇ ਕਰੀਬ ਸਫ਼ੇ ਡਿਜ਼ੀਟਲਾਈਜ਼ ਕੀਤੇ ਗਏ ਹਨ, ਜਿਸ ਤੋਂ ਹਜ਼ਾਰਾਂ ਹੀ ਸਿੱਖ ਵਿਦਵਾਨਾਂ ਅਤੇ ਖੋਜ ਵਿਦਿਆਰਥੀਆਂ ਫ਼ਾਇਦਾ ਉਠਾ ਸਕਦੇ ਹਨ।
ਇਸ ਲਾਇਬ੍ਰੇਰੀ ‘ਚ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕਈ ਅਣਮੁੱਲਾ ਖਜ਼ਾਨਾ ਸਾਂਭਿਆ ਹੋਇਆ ਹੈ ਅਤੇ ਨਵੇਂ ਤਕਨੀਕ ਦੀ ਮਦਦ ਨਾਲ ਇਸ ਸਮੁੱਚੇ ਇਤਿਹਾਸ ਦੀ ਸਾਂਭ-ਸੰਭਾਲ ਹੋਵੇਗੀ। ਸਿੱਖ ਇਤਿਹਾਸ ਦੇ ਦਸਤਾਵੇਜਾਂ ਤੋਂ ਇਲਾਵਾ ਇੱਥੇ ਖਾਲਸਾ ਆਰਮੀ ਅਤੇ ਸਿੱਖ ਜੰਗਾਂ ਦੇ ਨਾਲ ਸਬੰਧਿਤ ਬਹੁਤ ਸਾਰੀ ਲਿਖਤ ਸਮੱਗਰੀ ਅਤੇ ਪੁਰਾਣੇ ਹਥਿਆਰ ਵੀ ਪਏ ਹਨ। ਇਸ ਮਿਊਜੀਅਮ ‘ਚ ਸਿੱਖ ਵਿਦਵਾਨਾਂ ਅਤੇ ਸਿੱਖ ਰਾਜ, ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਹਨ, ਨਾਲ ਸਬੰਧਿਤ ਵਸਤਾਂ ਖੋਜਕਾਰਾਂ ਅਤੇ ਆਮ ਸੈਲਾਨੀਆਂ ਲਈ ਇੱਕ ਖਿੱਚ ਦਾ ਕੇਂਦਰ ਹਨ। ਸ: ਛੀਨਾ ਨੇ ਇਸ ਮੌਕੇ ਕਿਹਾ ਕਿ ਵੱਖਰੀਆਂ-ਵੱਖਰੀਆਂ ਸਿੱਖ ਲੜਾਈਆਂ ‘ਚ ਵਰਤੇ ਗਏ ਸੈਂਕੜੇ ਦੁਰਲੱਭ ਹਥਿਆਰ ਵੀ ਮਿਊਜੀਅਮ ‘ਚ ਸੁਸ਼ੋਭਿਤ ਹਨ ਅਤੇ ਕੁਝ ਦਸਤਾਵੇਜ ਦੁਨੀਆਂ ‘ਚ ਕਿਤੇ ਵੀ ਹੋਰ ਮੌਜ਼ੂਦ ਨਹੀਂ ਹਨ, ਜਿਨ੍ਹਾਂ ‘ਚ ‘ਸ਼ਾਹਨਾਮਾ’ ਮੁਹੰਮਦ ਜ਼ਮਾਲ ਦੁਆਰਾ ਲਿਖਤ ਹੈ, ਜਿਸ ਦੀਆਂ ਸਿਰਫ਼ ੨ ਹੀ ਹੋਰ ਕਾਪੀਆਂ ਮੌਜ਼ੂਦ ਹੈ, ਜਿੰਨ੍ਹਾਂ ‘ਚੋਂ ਇਕ ਲੰਡਨ ਮਿਊਜੀਅਮ ਅਤੇ ਦੂਸਰੀ ਲਾਹੌਰ ਮਿਊਜੀਅਮ ‘ਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੋ ਹੱਥ-ਲਿਖਤ ਬੀੜਾਂ ਸਿਰਫ ਇੱਥੇ ਹੀ ਮੌਜ਼ੂਦ ਹਨ।
ਸਿੱਖ ਇਤਿਹਾਸ ਖੋਜ਼ ਵਿਭਾਗ ਦੇ ਮੁੱਖੀ ਇੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਹਜ਼ਾਰਾਂ ਖੋਜ ਵਿਦਿਆਰਥੀ ਅਤੇ ਸਿੱਖ ਇਤਿਹਾਸ ‘ਚ ਦਿਲਚਸਪੀ ਲੈਣ ਵਾਲੇ ਆਮ ਲੋਕ ਹਰ ਸਾਲ ਆਉਂਦੇ ਹਨ ਅਤੇ ਮਿਊਜੀਅਮ ‘ਚ ਪਈਆਂ ਦੁਰਲਭ ਵਸਤਾਂ ਨੂੰ ਰਿਸਰਚ ਅਤੇ ਆਪਣੀ ਅਗਲੇਰੀ ਵਿੱਦਿਅਕ ਗਿਆਨ ਵਾਸਤੇ ਵਰਤਦੇ ਹਨ। ਇਸ ਮੌਕੇ ‘ਤੇ ਕੌਂਸਲ ਦੇ ਵਧੀਕ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਸੁਖਦੇਵ ਸਿੰਘ ਅਬਦਾਲ, ਸ: ਸਰਦੂਲ ਸਿੰਘ ਮੰਨਣ, ਸ: ਨਿਰਮਲ ਸਿੰਘ, ਮੈਂਬਰ ਸ: ਅਨੂਪ ਸਿੰਘ, ਐੱਸ. ਐੱਸ. ਸੇਠੀ, ਅਜੀਤ ਸਿੰਘ ਬਸਰਾ, ਗੁਰਮਹਿੰਦਰ ਸਿੰਘ, ਦਲਬੀਰ ਸਿੰਘ ਮੰਨਣਕੇ, ਲਖਵਿੰਦਰ ਸਿੰਘ ਢਿੱਲੋਂ, ਜੀ. ਐੱਸ. ਭੱਟੀ, ਪ੍ਰਿੰਸੀਪਲ ਡਾ. ਮਹਿਲ ਸਿੰਘ, ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਆਦਿ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।