ਵਿਅੰਗ
ਘੀਲੇ ਕੇ ਲਾਣੇ ‘ਚੋਂ ਘੁੱਕਰ ਮੁੱਛ ਫੁੱਟ ਗੱਭਰੂ ਆਵਦੀ ਜਵਾਨੀ ਨੂੰ ਵੇਖ-ਵੇਖ ਕੇ ਬੜਾ ਮਾਣ ਕਰਦਾ, ਮੁੱਛਾਂ ਤਾਂ ਭਾਵੇਂ ਹਾਲੇ ਭਰਮੀਆਂ ਨਹੀਂ ਸੀ ਆਈਆਂ, ਪਰ ਐਵੇਂ ਹੀ ਵੱਟ ਚਾੜੀ ਜਾਣਾ, ਪਸਰ ਪਸਰ ਕੇ ਤੁਰਣਾ ਉਸ ਦੀ ਆਦਤ ਬਣ ਚੁੱਕਾ ਸੀ।ਬਣੇ ਵੀ ਕਿਉਂ ਨਾ, ਉੱਚਾ ਲੰਮਾ ਕੱਦ, ਗੁੰਦਵਾਂ ਸਰੀਰ, ਧੂਵਾਂ ਚਾਦਰਾ, ਲੜ ਛੱਡਵੀਂ ਪੱਗ ਜੋ ਬੰਨਦਾ ਸੀ। ਪਿੰਡ ਦੇ ਹਾਣੀ ਮੁੰਡੇ ਉਸ ਤੋਂ ਟਾਲਾ ਹੀ ਵੱਟਦੇ ਸਨ ਕਿ ਕਿਤੇ ਕੋਈ ਅਵਾ ਤਵਾ ਈ ਨਾ ਬੋਲ ਪਵੇ।ਇਕ ਦਿਨ ਅਚਾਨਕ ਇਕ ਗਲੀ ਦੇ ਮੋੜ ਤੋਂ ਲੰਘਣ ਲੱਗੇ ਦਾ ਮੋਢਾ ਨੰਬਰਦਾਰ ਗੁਰਮੇਲ ਸਿੰਘ ਨਾਲ ਖਹਿ ਗਿਆ।ਧੂਵਾਂ ਚਾਦਰਾ ਬੰਨ ਕੇ ਲੜ ਛੱਡਵੀਂ ਪੱਗ ਸੰਵਾਰਦੇ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਨੰਬਰਦਾਰ ਵਿੱਚ ਵੱਜ ਗਿਆ।ਗੁਰਮੇਲ ਸਿੰਘ ਨੇ ਕਿਹਾ ਕਿ ਕਾਕਾ ਐਵੇਂ ਵਿੱਚ ਵੱਜਦਾ ਫਿਰਦੈਂ, ਕਿੰਨੀ ਖੁੱਲੀ ਗਲੀ ਹੈ ਥੋੜਾ ਪਾਸੇ ਦੀ ਲੰਘ ਜਾਹ।ਅੱਗੋਂ ਘੁੱਕਰ ਬੋਲਿਆ ‘ਜਵਾਨੀ ਦੇ ਟਾਹਣ ਨੇ, ਐਵੇਂ ਈ ਇੱਕ ਅੱਧਾ ਫ਼ਸ ਜਾਂਦਾ।
ਸਮਾਂ ਬੀਤਦਾ ਗਿਆ ਘੁੱਕਰ ਦਾ ਵਿਆਹ ਹੋ ਗਿਆ ਤੇ ਤਿੰਨ ਜਵਾਕ ਵੀ ਹੋ ਗਏ ਸੁੱਖ ਨਾਲ।ਇਕ ਦਿਨ ਘੁੱਕਰ ਸਹੁਰਿਆਂ ਤੋਂ ਵਿਆਹ ਜਾ ਕੇ ਵਾਪਸ ਜਿਉਂ ਹੀ ਬੱਸ ਸਟੈਂਡ ਤੋਂ ਉਤਰ ਕੇ ਘਰ ਨੂੰ ਤੁਰਨ ਲੱਗਾ ਤਾ ਸਭ ਤੋਂ ਛੋਟਾ ਜਵਾਕ ਉਸ ਦੇ ਘਰ ਵਾਲੀ ਨੇ ਗੋਦੀ ਚੁੱਕ ਲਿਆ, ਵੱਡੀ ਕੁੜੀ ਮਾਂ ਦੇ ਮਗਰ ਤੁਰ ਪਈ ‘ਤੇ ਤੀਜੇ ਨੂੰ ਘੁੱਕਰ ਚੱਕ ਕੇ, ਭਾਜੀ ਸਿਰ `ਤੇ ਰੱਖ ਕੇ ਜਿਉਂ ਉਸ ਗਲੀ ਵਿੱਚ ਪਹੁੰਚਿਆ ਜਿੱਥੇ ਨੰਬਦਾਰ ਦੇ ਮੋਢੇ ਨਾਲ ਮੋਢਾ ਵੱਜਾ ਸੀ, ਤਾਂ ਕੁਦਰਤੀ ਅੱਗੋਂ ਉਹੀ ਨੰਬਰਦਾਰ ਲੰਘਿਆ ਤਾਂ ਘੁੱਕਰ ਨੂੰ ਪਛਾਣ ਕੇ ਪਿੱਛੋਂ ਅਵਾਜ ਮਾਰ ਕੇ ਕਿਹਾ, ‘ਓ ਮੁੰਡਿਆਂ ਅੱਜ ਕੋਈ ਟਾਹਣਾ-ਟੂਹਣਾ ਨੀ ਫਸਿਆ? ਘੁੱਕਰ ਥੱਕੀ ਤੇ ਦੱਬੀ ਅਵਾਜ਼ ‘ਚ ਬੋਲਿਆ, ‘‘ਓ ਜਿਹੜੀ ਮੂਹਰੇ ਹਨੇਰੀ ਜਾਂਦੀ ਆ ਓਹਨੇ ਸਭ ਝਾੜ ਤੇ, ਹੁਣ ਤਾਂ ਬੱਸ ‘ਮੁੱਚਰ’ ਜਿਹਾ ਰਹਿ ਗਿਆ, ਕਹਿ ਕਿ ਨੀਵੀਂ ਪਾ ਕੇ ਘਰ ਨੂੰ ਤੁਰ ਪਿਆ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾ : 94176-22046