ਤਰਸਿੱਕਾ, 10 ਜੁਲਾਈ (ਕਵਲਜੀਤ ਸਿੰਘ)- ਪੁਲੀਸ ਵੱਲੋਂ ਪਰਚਾ ਦਰਜ ਕਰਨ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕਸਬਾ ਟਾਂਗਰਾ ਦੀ ਵਸਨੀਕ ਬਲਵਿੰਦਰ ਕੌਰ ਪਤਨੀ ਦਲਜੀਤ ਸਿੰਘ ਨੇ ਅਗਜੈਟਿਵ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਪੱਤਰਕਾਰਾਂ ਸਾਹਮਣੇ ਥਾਣਾ ਤਰਸਿੱਕਾ ਦੀ ਪੁਲੀਸ ਵੱਲੋਂ ਐੱਫ.ਆਈ.ਆਰ ਨੰ:-65 ਮਿਤੀ 24.6.2014 ਨੂੰ ਧਾਰਾ ੩੮੦ ਆਈ.ਪੀ.ਸੀ ਤਹਿਤ ਪਰਚਾ ਦਰਜ ਕਰਕੇ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮਿਤੀ 18.6.14 ਨੂੰ ਮੈਂ ਆਪਣੇ ਘਰ ਨੂੰ ਜਿੰਦਰੇ ਲਗਾ ਕੇ ਬੱਚਿਆਂ ਸਮੇਤ ਆਪਣੇ ਪੇਕੇ ਗਈ ਹੋਈ ਸੀ ਤਾਂ ਮੇਰੀ ਗੈਰ ਹਾਜਰੀ ਵਿੱਚ ਮਨਜੀਤ ਸਿੰਘ ਪੁੱਤਰ ਭਜਨ ਸਿੰਘ ਅਤੇ ਉਸਦੀ ਪਤਨੀ ਬਲਰਾਜ ਕੌਰ ਵਾਸੀ ਜਲੰਧਰ, ਜਸਕਰਨ ਸਿੰਘ ਪੁੱਤਰ ਅਮਰੀਕ ਸਿੰਘ, ਰਾਜਕਰਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅੰਮ੍ਰਿਤਸਰ, ਕੁਲਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਛੱਜਲਵੱਡੀ ਅਤੇ 20-25 ਅਣਪਛਾਤੇ ਵਿਅਕਤੀਆਂ ਨੇ ਘਰ ਦੇ ਜਿੰਦਰੇ ਤੋੜ ਕੇ ਘਰ ਵਿੱਚੋਂ ਡਬਲ ਬੈੱਡ, ਅਲਮਾਰੀ ਜਿਸ ਵਿੱਚ ਸੋਨੇ ਦੇ ਗਹਿਣੇ ਅਤੇ 22000 ਰੁਪੈ ਨਕਦ, ਵਾਸ਼ਿੰਗ ਮਸ਼ੀਨ, ਕੂਲਰ,ਏ.ਸੀ, ਫਰਿੱਜ, ਗੈਸ ਸਿਲੰਡਰ, ਪੱਖੇ ਆਦਿ ਘਰ ਦਾ ਹੋਰ ਘਰੇਲੂ ਵਰਤੋਂ ਦਾ ਸਮਾਨ ਦਿਨ ਦਿਹਾੜੇ ਲੋਕਾਂ ਦੇ ਸਾਹਮਣੇ ਲੁੱਟ ਲਿਆ ।ਮੈਨੂੰ ਪਤਾ ਲੱਗਣ ਤੇ ਮੈਂ ਪੁਲੀਸ ਥਾਣਾ ਤਰਸਿੱਕਾ ਵਿਖੇ ਮਿਤੀ 19.6.14 ਨੂੰ ਰਿਪੋਰਟ ਲਿਖਵਾਈ ਕਿ ਮੇਰੇ ਘਰ ਡਾਕਾ ਮਾਰਨ ਤੋਂ ਪਹਿਲਾਂ ਉਪਰੋਕਤ ਵਿਅਕਤੀਆਂ ਨੇ ਮੇਰੇ ਪਤੀ ਦਲਜੀਤ ਸਿੰਘ ਨੂੰ ਵੀ ਗਾਇਬ ਕਰ ਦਿੱਤਾ ਮੇਰਾ ਪਤੀ ਅੱਜ ਤੱਕ ਘਰ ਨਹੀਂ ਆਇਆ।ਸਾਨੂੰ ਸ਼ੱਕ ਹੈ ਕਿ ਉਸਦਾ ਕਿਧਰੇ ਕਤਲ ਨਾ ਕਰ ਦਿੱਤਾ ਗਿਆ ਹੋਵੇ।ਪੁਲੀਸ ਕਾਰਵਾਈ ਕਰਨ ਲਈ ਮੇਰੇ ਪਾਸੋਂ ਚੋਰੀ ਦੇ ਸਮਾਨ ਦਾ ਬਿੱਲ ਸਬੂਤ ਮੰਗ ਰਹੀ ਹੈ ਜਦੋਂ ਕਿ ਲੋਕਾਂ ਦੇ ਸਾਹਮਣੇ ਘਰ ਦਾ ਸਾਰਾ ਸਮਾਨ ਹੀ ਚੁੱਕ ਲਿਆ ਅਤੇ ਸਾਰੇ ਸਬੂਤ ਵੀ ਨਾਲ ਲੈ ਗਏ ਹਨ ਪੁਲੀਸ ਜਾਣ-ਬੁੱਝ ਕੇ ਕਾਰਵਾਈ ਨਹੀਂ ਕਰ ਰਹੀ।ਇਸ ਸਬੰਧੀ ਥਾਣਾ ਤਰਸਿੱਕਾ ਦੇ ਐੱਸ.ਐੱਚ.ਓ ਸ੍ਰ: ਨਿਰਮਲ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਅਸੀਂ ਸ਼ਿਕਾਇਤ ਕਰਤਾ ਪਾਸੋਂ ਚੋਰੀ ਕੀਤੇ ਗਏ ਸਮਾਨ ਦੀ ਮਾਲਕੀ ਦੇ ਸਬੂਤ ਮੰਗ ਰਹੇ ਹਾਂ ਸਾਨੂੰ ਕੋਈ ਵੀ ਦਸਤਾਵੇਜ ਸਬੂਤ ਵਜੋਂ ਨਹੀਂ ਦਿੱਤੇ ਜਾ ਰਹੇ ਅਤੇ ਉਸ ਦਾ ਪਤੀ ਦਲਜੀਤ ਸਿੰਘ ਨਸ਼ਿਆਂ ਦਾ ਆਦੀ ਹੋਣ ਕਾਰਨ ਪੁਲੀਸ ਤੋਂ ਲੁਕਿਆ ਹੋਇਆ ਹੈ ਜਿਸਦੀ ਪੁਲੀਸ ਭਾਲ ਕਰ ਰਹੀ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …