ਦਸ਼ਮ ਪਿਤਾ ਦਸਮੇਸ਼ ਦੀ ਜੇ ਤੂੰ ਹੈ ਸੰਤਾਨ
ਆ ਜਾ ਮੇਰੇ ਦੋਸਤਾ ਕੁੱਝ ਕਰੀਏ ਕੰਮ ਮਹਾਨ।
ਨਸ਼ਿਆਂ ਤੋਂ ਮੂੰਹ ਮੋੜੀਏ ਤੇ ਦੇਈਏ ਬਦਲ ਰਿਵਾਜ
ਹਰ ਘਰ ਖੁਸ਼ੀਆਂ ਮੁੜ ਆਉਣ ਚਾਹੁੰਦਾ ਹੈ ਪੰਜਾਬ।
ਖੌਰੇ ਕਦ ਸੀ ਹੋਂਵਦਾ ਭਾਰਤ ਦੇਸ਼ ਮਹਾਨ
ਅੱਜਕਲ ਇਥੇ ਦੇਖ ਲੋ ਨਿੱਤ ਮਰਦਾ ਕਿਰਸਾਨ।
ਪੈਰ ਪੈਰ `ਤੇ ਮਿਲਦੇ ਗਿਆਨ ਵਹੂਣੇ ਸਾਧ
ਬੇੜਾ ਗਰਕ ਪੰਜਾਬ ਦਾ ਜਿਉਂ ਕਰਦੂ ਡੇਰਾਵਾਦ।
ਨੂਹਾ ਨਾਰਾ ਭਾਲਦਿਆਂ ਤੋਂ ਪੁੱਛਾਂ ਇਕ ਸਵਾਲ
ਧੀਆਂ ਦੇ ਬਿਨ ਲਵੋਗੇ ਲਾਵਾਂ ਕੀਹਦੇ ਨਾਲ।
ਹਰ ਰਿਸ਼ਤਾ ਧੀ ਨਾਲ ਹੈ ਜਿਉਂ ਨੂੰਹਾਂ ਨਾਲ ਮਾਸ
ਜੇ ਨਾ ਸੋਚਾਂ ਬਦਲੀਆਂ ਤਾਂ ਹੋ ਜਾਊ ਸੱਤਿਆਨਾਸ਼।
ਬਿ੍ਰਛਾਂ ਦੇ ਬਿਨ ਦੋਸਤੋ ਜੀਣਾ ਹੈ ਦੁਸ਼ਵਾਰ
ਸੁੱਟੋ ਪਰੇ ਕੁਹਾੜੀਆਂ ਜੇ ਬੇੜਾ ਲਾਉਣਾ ਪਾਰ।
ਆਪਣੇ ਦੁਸ਼ਮਣ ਬਣ ਜਾਣ ਫਿਰ ਕੀ ਜੀਣ ਦਾ ਹੱਜ
ਬਹੁਤਾ ਚਿਰ ਨਹੀਂ ਦੋਸਤੀ ਨਿਭਦੀ ਲਾ ਕੇ ਪੱਜ।
ਲੀਡਰ ਮੇਰੇ ਦੇਸ਼ ਦੇ ਕਰਦੇ ਵੇਖ ਕਲੋਲ
ਆਪਣੀ ਮਾਂ ਨੂੰ ਭੁੱਲ ਕੇ ਇੰਗਲਿਸ਼ ਰਹੇ ਨੇ ਬੋਲ।
ਕੀ ਕਹੀਏ ਸਰਕਾਰਾਂ ਨੂੰ ਹੈ ਕੁੱਤੀ ਚੋਰਾਂ ਨਾਲ
ਕਦੋਂ ਕਿਸੇ ਮਜ਼ਲੂਮ ਦਾ ਕਰਦੀ ਹੈ ਇਹ ਖਿਆਲ।
ਬਲਵਿੰਦਰ ਵੇ ਨਹੀਂ ਰਹਿੰਦੀ ਮੂੰਹ ਆਈ ਸੱਚੀ ਬਾਤ
ਥੋੜਾ ਸੱਚ ਸੁਨਾਉਣ `ਤੇ ਮੈਂ ਮਾਰੀ ਪੰਛੀ ਝਾਤ।
ਬਲਵਿੰਦਰ ਰਾਏ ਦੋਦਾ
ਪਿੰਡ ਦੋਦਾ, ਜਿਲਾ ਸ੍ਰੀ ਮੁਕਤਸਰ ਸਾਹਿਬ
ਮੋਬਾ : 93573-05252