ਹਰ ਸਾਲ ਹੀ ਜਦ ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਦਾ ਹੈ ਤਾ ਹਰ ਸੰਸਥਾ, ਕਲੱਬ, ਸਕੂਲ ਤੇ ਸਰਕਾਰ ਇਹ ਹੋਕਾ ਦਿੰਦੀ ਹੈ ਕਿ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਮੁਕਤ ਮਨਾਈਏ ਤੇ ਨਾਲ ਹੀ ਵਾਤਾਵਰਣ ਬਚਾਉਣ ਵਿੱਚ ਬਣਦਾ ਹਿੱਸਾ ਪਾਈਏ।ਪਰ ਹੁੰਦਾ ਇਸ ਦੇ ਹਮੇਸ਼ਾਂ ਹੀ ਉਲਟ ਹੈ, ਜਾਂ ਤਾਂ ਸਮਾਜ ਨੂੰ ਸਮਝਾਉਣ ਵਿੱਚ ਕਿਤੇ ਕੋਤਾਹੀ ਹੋਈ ਹੁੰਦੀ ਜਾਂ ਅਸੀਂ ਕਿਸੇ ਦੀ ਚੰਗੀ ਗੱਲ ਮੰਨਣ ਦੇ ਆਦੀ ਨਹੀਂ, ਤੇ ਇਸ ਵਾਰ ਵੀ ਇਕ ਅਖਬਾਰ ਨੇ ਆਪਣੇ ਅੰਕੜੇ ਇਕੱਠੇ ਕਰਕੇ ਦੱਸਿਆ ਹੈ ਕਿ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਸਾਲ 2017 ਦੀ ਦੀਵਾਲੀ ਵਿਚ ਪ੍ਰਦੂਸ਼ਣ ਵੱਧ ਹੋਵੇਗਾ।ਕਹਿਣ ਤੋ ਭਾਵ ਕੇ ਅਸੀ ਆਪ ਹੀ ਆਪਣੀ ਕਬਰ ਪੁੱਟ ਰਹੇ ਹਾਂ।ਭਾਵੇਂ ਇਹ ਤਿਉਹਾਰ ਸੰਸਾਰ ਭਰ ਵਿਚ ਹਰ ਧਰਮ ਦੇ ਲੋਕ ਖੁਸ਼ੀਆਂ ਨਾਲ ਮਨਾਉਦੇ ਹਨ, ਤੇ ਪੁਰਾਣੇ ਸਮੇਂ ਵਿੱਚ ਲੋਕ ਘਿਉ, ਤੇਲ ਆਦਿ ਦੇ ਦੀਵੇ ਆਪਣੇ ਘਰਾਂ ਦੇ ਬਨੇਰਿਆਂ `ਤੇ ਜਗਾਉਦੇ ਸਨ, ਕਿਸੇ ਕਿਸਮ ਦਾ ਸ਼ੋਰ ਸ਼ਰਾਬਾ ਨਹੀ ਸੀ ਹੁੰਦਾ ਬੀਤੇ ਵਰੇ ਕੁੱਝ ਇਲਾਕਿਆਂ ਵਿੱਚ ਰਹਿੰਦ ਖੂੰਹਦ ਸਾੜਨ, ਪਟਾਕਿਆਂ ਦੇ ਪ੍ਰਦੂਸ਼ਣ ਨਾਲ ਹਵਾ ਵਿਚ ਇਕ ਗੁਬਾਰ ਜਿਹਾ ਬਣ ਗਿਆ ਸੀ ਤੇ ਵਾਤਾਵਰਣ ਮਾਹਰਾਂ ਨੇ ਇਸ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਕਿਹਾ ਸੀ ਕੇ ਜੇ ਭਵਿੱਖ ਵਿਚ ਇਸ ਤੇ ਪਾਬੰਦੀ ਨਾ ਲਗਾਈ ਤਾਂ ਵਾਤਾਵਰਣ ਗੰਦਲਾ ਹੀ ਨਹੀਂ ਹੋਵੇਗਾ ਸਗੋਂ ਕਈ ਤਰਾਂ ਦੀਆਂ ਬਿਮਾਰੀਆਂ ਵੀ ਮਨੁੱਖ ਨੂੰ ਲੱਗ ਸਕਦੀਆਂ ਹਨ। ਪ੍ਰਦੂਸ਼ਣ ਕੰਟਰੌਲ ਬੋਰਡ ਵੱਲੋ ਹਦਾਇਤਾਂ ਕਰਨ ਦੇ ਬਾਵਜੂਦ ਵੀ ਕਿਸੇ ਨੇ ਇਕ ਨਹੀਂ ਸੁਣੀ ਤੇ ਪ੍ਰਦੂਸ਼ਣ ਦਾ ਸਤਰ ਵੱਧ ਹੋ ਗਿਆ।
ਆਤਿਸ਼ਬਾਜੀਆਂ, ਪਟਾਖੇ, ਬੰਬ, ਲੜੀਆਂ, ਅਨਾਰ ਆਦਿ ਕਿਸਮ ਦੇ ਪਟਾਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੀ ਨਹੀ ਕਰਦੇ ਸਗੋਂ ਇਸ ਨਾਲ ਕਈ ਵਾਰ ਹਾਦਸਾ ਹੋਣ ਨਾਲ ਜਿੰਦਗੀ ਭਰ ਵਾਸਤੇ ਅਪੰਗ ਹੋ ਜਾਂਦਾ ਹੈ, ਕਈ ਵਾਰ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ।ਇਹ ਸਭ ਕੁੱਝ ਪਟਾਕਿਆਂ ਕਾਰਨ ਹੀ ਹੁੰਦਾ ਹੈ ।ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇਕ ਪਟਾਕਾ ਜਿਸ ਨੂੰ ਅਨਾਰ ਕਹਿੰਦੇ ਹਨ, ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਕਰਨ ਦਾ ਕਾਰਨ ਬਣਦਾ ਹੈ, ਬੱਚਾ ਜਾਂ ਆਪਹੁਦਰੀ ਕਰਕੇ ਇਸ ਨੂੰ ਚਲਾਉਦਾ ਹੈ ਤਾਂ ਮਾਤਾ ਪਿਤਾ ਆਤਿਸ਼ਬਾਜੀ ਚਲਾਉਣ ਵੇਲੇ ਆਪਣੇ ਜਿਗਰ ਦੇ ਟੋਟਿਆਂ ਵੱਲ ਧਿਆਨ ਨਹੀਂ ਦਿੰਦੇ, ਆਖਰਕਾਰ ਜਿਸ ਬੱਚੇ ਨੇ ਬੁਢਾਪੇ ਦਾ ਸਹਾਰਾ ਬਣਨਾ ਹੁੰਦਾ ਹੈ, ਉਹ ਸਾਰੀ ਉਮਰ ਵਾਸਤੇ ਅਪੰਗ ਹੋ ਜਾਂਦਾ ਹੈ।ਦੀਵਾਲੀ ਦੀ ਰਾਤ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ, ਖਾਸ ਕਰਦੇ ਆਤਿਸ਼ਬਾਜੀ, ਪਟਾਕਿਆਂ ਦੇ ਧੂੰਏ ਦਾ ਅਸਰ ਬਜੱੂਰਗਾਂ, ਸਾਹ ਦੇ ਮਰੀਜਾਂ ਵਾਸਤੇ ਬਹੁਤ ਹਾਨੀਕਾਰਕ ਹੁੰਦਾ ਹੈ।ਸਾਡੇ ਕੰਨ ਵੀ ਇਕ ਮਾਤਰਾ ਤੱਕ ਹੀ ਅਵਾਜ਼ ਸੁਣ ਸਕਦੇ ਹਨ, ਜਿਆਦਾ ਸ਼ੋਰ ਸਰਾਬਾ ਵਧਾਉਣ ਨਾਲ ਕੰਨਾਂ ਦੀਆਂ ਬਿਮਰੀਆਂ, ਚਿੜਚਿੜਾਪਨ, ਗੁੱਸਾ ਆਦਿ ਵੀ ਇਕ ਕਾਰਨ ਬਣਦਾ ਹੈ।ਦੀਵਾਲੀ ਕਾਰਨ ਪੰਜਾਬ ਸਿੱਖਿਆ ਵਿਭਾਗ ਨੇ ਇੱਕ ਪੱੱਤਰ ਜਾਰੀ ਕਰਕੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਵਾਸਤੇ ਕਿਹਾ ਹੈ, ਇਸ ਵਿਚ ਸਕੂਲਾਂ ਦੇ ਪਿ੍ਰੰਸੀਪਲ, ਕਲਾਸ ਇੰਚਾਰਜ ਵਧੀਆ ਯੋਗਦਾਨ ਪਾ ਸਕਦੇ ਹਨ, ਬੱਚਿਆਂ ਨੂੰ ਸਵੇਰ ਦੀਆਂ ਸਭਾਵਾਂ ਵਿਚ ਸਮਝਾਇਆ ਜਾ ਸਕਦਾ ਹੈ ਕਿ ਕਰੋੜਾਂ ਰੂਪੈ ਮਿੰਟਾਂ ਸਕਿੰਟਾ ਵਿੱਚ ਫੂਕ ਦਿਤੇ ਜਾਦੇ ਹਨ।
ਦੀਵਾਲੀ ਪਿਆਰ ਭਾਵਨਾ ਨਾਲ ਪ੍ਰਦੂਸ਼ਣ ਰਹਿਤ ਮਨਾਉਣੀ ਚਾਹੀਦੀ ਹੈ, ਘਰ ਵਿੱਚ ਰੰਗੋਲੀ ਬਣਾਈ ਜਾਵੇ, ਮਠਿਆਈਆਂ ਵੰਡੀਆਂ ਜਾਣ, ਤੋਹਫੇ ਦਿਤੇ ਜਾਣ, ਗੱਲ ਕੀ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ ਤੇ ਪਟਾਕਿਆਂ ਦੀ ਵਰਤੋ ਬਿਲਕੁੱਲ ਹੀ ਨਾ ਕੀਤੀ ਜਾਵੇ।ਹਰ ਸਾਲ ਇਹ ਹੋਕਾ ਦਿਤਾ ਜਾਂਦਾ ਹੈ, ਪ੍ਰਦਸ਼ਣ ਰਹਿਤ ਦੀਵਾਲੀ ਮਨਾਈ ਜਾਵੇ।ਪਰ ਧਾਰਮਿਕ ਸਥਾਨਾਂ ਵੱਲ ਵੀ ਜੇ ਧਿਆਨ ਕਰੀਏ ਤਾ ਉਹ ਵੀ ਪ੍ਰਦੂਸ਼ਣ ਫੈਲਾਊਣ ਵਿਚ ਭਰਪੂਰ ਯੋਗਦਾਨ ਪਾਉਂਦੇ ਹਨ, ਤੇ ਆਤਿਸ਼ਬਾਜ਼ੀ ਚਲਾ ਕੇ ਲੱਖਾਂ ਰੂਪੈ ਮਿੰਟਾਂ ਵਿੱਚ ਹੀ ਫੂਕ ਦਿਤੇ ਜਾਂਦੇ ਹਨ।ਗਰੀਨ ਦੀਵਾਲੀ ਮਨਾਉਣ ਵਿਚ ਧਾਰਮਿਕ ਸਥਾਨਾਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਜੇਕਰ ਹਰ ਪਾਸੇ ਵਿਚਾਰ ਕਰਦਿਆਂ ਮੰਥਨ ਕੀਤਾ ਜਾਵੇ ਤਾਂ ਪਟਾਕਿਆਂ ਦੇ ਬਣਾਉਣ ਤੇ ਪਾਬੰਦੀ ਹੋਣੀ ਚਾਹੀਦੀ ਹੈ, ਸਮਾਜ ਨੂੰ ਹੌਲੀ ਹੌਲੀ ਮਰਨ ਤਾਂ ਹੀ ਬਚਾਇਆ ਜਾ ਸਕਦਾ ਹੈ। ਆਓ ਸਾਰੇ ਅੱਗ ਦੀ ਖੇਡ ਨਾਂ ਖੇਡ ਕੇ ਆਪਣੇ ਆਪ ਨੂੰ ਤੇ ਸੰਸਾਰ ਨੂੰ ਬਚਾਈਏ।
ਨਰਿੰਦਰ ਸਿੰਘ ਬਰਨਾਲ, ਲੈਕਚਰਾਰ ਪੰਜਾਬੀ
ਸਰਕਾਰੀ ਸੀਨੀਅਰ ਸੈਕੰਡੀ ਸਕੂਲ
ਭੁੱਲਰ (ਗੁਰਦਾਸਪੁਰ)
ਫੋਨ – 9501001303