ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿਮਘ ਖੁਰਮਣੀਆ) – ਪੰਜਾਬ ਭਾਜਪਾ ਦੇ ਸੂਬਾਈ ਐਗਜੈਕਟਿਵ ਮੈਂਬਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਕੈਪਟਨ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਸੂਬੇ ਨੂੰ ਆਰਥਿਕ ਐਮਰਜੈਂਸੀ ’ਚ ਧਕੇਲ੍ਹਣ ਲਈ ਜ਼ਿੰਮੇਵਾਰ ਠਹਿਰਾਇਆ ਹੈ।ਉਨ੍ਹਾਂ ਕਿਹਾ ਕਿ ਹਾਲਤ ਇੰਨ੍ਹੇ ਮਾੜੇ ਹੋ ਗਏ ਹਨ ਕਿ ਸਰਕਾਰ ਮੁਲਾਜ਼ਮਾਂ ਨੂੰ ਅੱਧੀਆਂ ਤਨਖਾਹਾਂ ਦੇਣ ਦੀ ਤਿਆਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੇ ਹਾਲ ਹੀ ’ਚ ਵਿਭਾਗਾਂ ਦੇ ਮੁਖੀਆਂ ਦੀਆਂ ਮੀਟਿੰਗਾਂ ਕਰਕੇ ਮੁਲਾਜ਼ਮਾਂ ਦੀਆਂ ਅੱਧੀਆਂ ਤਨਖ਼ਾਹਾਂ ਜਾਰੀ ਕਰਨ ਲਈ ਫ਼ਰਮਾਨ ਸੁਣਾ ਦਿੱਤਾ ਹੈ। ਕੁੱਝ ਸਰਕਾਰੀ ਵਿਭਾਗਾਂ ’ਚ ਤਾਂ ਤਨਖਾਹ ਕਈ ਮਹੀਨ੍ਹਿਆਂ ਤੋਂ ਜਾਰੀ ਹੀ ਨਹੀਂ ਹੋਈ ਹੈ।ਇਸ ਤਰ੍ਹਾਂ ਹਾਲਾਤ ਐਮਰਜੈਂਸੀ ਵਾਲੇ ਪੈਦਾ ਹੋ ਰਹੇ ਹਨ ਅਤੇ ਸਰਕਾਰ ਦੇ ਅੰਦਰੂਨੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਆਉਣ ਵਾਲੇ ਮਹੀਨ੍ਹਿਆਂ ’ਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ।
ਅੱਜ ਇੱਥੇ ਜਾਰੀ ਆਪਣੇ ਪ੍ਰੈੱਸ ਬਿਆਨ ’ਚ ਛੀਨਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਭਾਸ਼ਣ ’ਚ ਸੂਬੇ ਦੀ ਆਰਥਿਕਤਾ ਨੂੰ ਸੁਧਾਰਨ ਲਈ ਜਨਤਾ ਨਾਲ ਝੂਠੇ ਵਾਅਦੇ ਕੀਤੇ ਸਨ, ਕਿਉਂਕਿ ਇਕ ਸਾਲ ਦੇ ਸੱਤਾ ’ਚ ਆਉਣ ਤੋਂ ਬਾਅਦ ਵੀ ਆਰਥਿਕ ਹਾਲਤਾਂ ਨੂੰ ਮਜ਼ਬੂਤ ਕਰਨ ਲਈ ਅਜੇ ਤੱਕ ਕੋਈ ਉਚਿੱਤ ਕਦਮ ਨਹੀਂ ਚੁੱਕਿਆ ਗਿਆ।ਇਸ ਦੀ ਬਜਾਏ ਸਰਕਾਰ ਦੀ ਸੂਬੇ ਪ੍ਰਤੀ ਨਜ਼ਰਅੰਦਾਜ਼ੀ ਅਤੇ ਲਾਪ੍ਰਵਾਹੀ ਦੀਆਂ ਮਾੜੀਆਂ ਨੀਤੀਆਂ ਕਾਰਨ ਰਾਜ ’ਚ ਅਰਥ ਵਿਵਸਥਾ ਡਾਂਵਾਡੋਲ ਹੋ ਚੁੱਕੀ ਹੈ ਅਤੇ ਸੂਬੇ ਵਿਚ ਐਮਰਜੈਂਸੀ ਵਰਗੀ ਸਥਿਤੀ ਪੈਦਾ ਹੁੰਦੀ ਜਾ ਰਹੀ ਹੈ।
ਛੀਨਾ ਨੇ ਕਿਹਾ ਕਿ ਰਾਜ ਦੇ ਅਰਥਚਾਰੇ ਦੀ ਮਾੜੀ ਹਾਲਤ ਕਾਰਨ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਅਤੇ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ ਅਤੇ ਵਿੱਦਿਅਕ ਸੰਸਥਾਵਾਂ ਨੂੰ ਬੰਦ ਕੀਤਾ ਜਾ ਰਿਹਾ ਹੈ।ਸੂਬਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਕਾਰਨ ਕੋਈ ਨਿਵੇਸ਼ ਨਹੀਂ ਹੋਇਆ, ਪੈਨਸ਼ਨਾਂ ਨੂੰ ਸਮੇਂ ’ਤੇ ਜਾਰੀ ਨਹੀਂ ਕੀਤਾ ਜਾ ਰਿਹਾ ਹੈ ਅਤੇ ਰੋਜ਼ਗਾਰ ਪੈਦਾ ਕਰਨ ਸਮੇਤ ਹੋਰ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ।
ਛੀਨਾ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਮੁਸ਼ਕਿਲਾਂ ਦੇ ਬਾਵਜੂਦ ਵਿੱਤੀ ਚੁਣੌਤੀ ਦਾ ਸਾਹਮਣਾ ਕੀਤਾ ਸੀ ਪਰ ਕੈਪਟਨ ਨੇ ਵਿੱਤੀ ਹਾਲਾਤ ਦਾ ਮਾਖੌਲ ਉਡਾਇਆ ਹੈ ਕਿਉਂਕਿ ਉਹ ਜਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਇਕੋ-ਇਕ ਮੰਤਵ ਪ੍ਰੋਜੈਕਟਾਂ ਨੂੰ ਬੰਦ ਕਰਨਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਨਕਾਰਾਤਮਕ ਅਤੇ ਤਰਸਯੋਗ ਫ਼ੈਸਲਾ ਇਕ ਸ਼ਾਨਦਾਰ ਵਿੱਦਿਅਕ ਪ੍ਰੋਜੈਕਟ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਬੰਦ ਕਰਨਾ ਸੀ, ਜਿਸ ਨਾਲ ਸਰਹੱਦੀ ਖੇਤਰ ਦੀ ਆਰਥਿਕਤਾ ਅਤੇ ਵਿੱਦਿਅਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਛੀਨਾ ਕਿਹਾ ਕਿ ਇਸ ਸਰਕਾਰ ਨੇ ਵਿਦਿਆਰਥੀਆਂ, ਕਿਸਾਨਾਂ ਅਤੇ ਸਮਾਜ ਦੇ ਹਰ ਵਰਗ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਵਰਤਮਾਨ ਸਰਕਾਰ ਜਨਤਾ ਨੂੰ ਮੂਰਖ ਬਣਾ ਰਹੀ ਹੈ।ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਨੇਤਾਵਾਂ ਦੁਆਰਾ ਕੀਤੇ ਜਾ ਰਹੇ ਝੂਠੇ ਵਾਅਦੇ ਕਾਰਨ ਲੋਕ ਅੱਕ ਚੁੱਕੇ ਹਨ। ਮੰਤਰੀ ਸਿੱਧੂ ਜਿਸ ਨੇ ਤਾਂ ਸਰਕਾਰ ਦੇ ਕੰਮਕਾਜ ਨੂੰ ਸਰਕਸ ਬਣਾ ਕੇ ਰੱਖ ਦਿੱਤਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …