ਗੀਤ ਅਤੇ ਨਾਟਕ ਵਿਭਾਗ ਵੱਲੋਂ ਅਟਾਰੀ ਵਿਖੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ
ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ – ਮਨਜੀਤ ਸਿੰਘ) – ਕੇਂਦਰੀ ਸੂਚਨਾ ਤੇ ਪ੍ਰਸਰਾਨ ਮੰਤਰਾਲੇ ਦੇ ਗੀਤ ਤੇ ਨਾਟਕ ਵਿਭਾਗ ਵਲੋ ਸਰਹੱਦੀ ਸੁਰਖਿਆ ਬਲਾਂ ਦੇ ਸਹਿਯੋਗ ਨਾਲ ਅਟਾਰੀ ਸਰਹੱਦ ਵਿਖੇ ‘ਏਕ ਭਾਰਤ ਸ਼੍ਰੇਸ਼ਟ ਭਾਰਤ’ ਅਤੇ
‘ਬੇਟੀ ਬਚਾਓ ਬੇਟੀ ਪੜ੍ਹਾਓ’ ਤੇ ਕੇਂਦਰਿਤ ਇਕ ਵਿਸ਼ੇਸ਼ ਸਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਪ੍ਰਦੇਸ਼ਾਂ ਦੇ ਲੋਕ ਨਾਚਾਂ ਨਾਲ ਸਜੇ ਇਸ ਪ੍ਰੋਗਰਾਮ ਦਾ ਬੀ.ਐਸ.ਐਫ ਅੰਮ੍ਰਿਤਸਰ ਸੈਕਟਰ ਦੇ ਡੀ.ਆਈ.ਜੀ ਜੇ.ਐਸ ਓਬਰਾਏ ਤੇ ਹੋਰਨਾਂ ਅਧਿਕਾਰੀਆਂ ਨੇ ਸ਼ਮਾ ਰੋਸ਼ਨ ਕਰਕੇ ਰਸਮੀ ਉਦਘਾਟਨ ਕੀਤਾ।ਪ੍ਰੋਗਰਾਮ ਦੌਰਾਨ ਜਿਥੇ ਬੇਟੀ ਬਚਾਓ ਬਾਈਟ ਪੜ੍ਹਾਓ ਤੇ ਅਧਾਰਿਤ ਇਕ ਨਾਟਕ ਪੇਸ਼ ਕੀਤਾ ਗਿਆ ਉਥੇ ਜੰਮੂ-ਕਸਮੀਰ, ਪੰਜਾਬ, ਰਾਜਸਥਾਨ ਤੇ ਆਧਰਾ ਪ੍ਰਦੇਸ਼ ਦੇ ਲੋਕ ਨਾਚਾਂ ਨੇ ਸਮਾਂ ਬੰਨ ਦਿੱਤਾ।ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਅਟਾਰੀ ਸਰਹੱਦ ਤੇ ਝੰਡਾ ਉਤਾਰਨ ਦੀ ਰਸਮ ਵੇਖਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਡੀ.ਆਈ.ਜੀ ਜੇ.ਐਸ ਓਬਰਾਏ ਨੇ ਮੰਤਰਾਲੇ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਊਨ੍ਹਾਂ ਕਿਹਾ ਕਿ ਬੇਟੀਆਂ ਸਮਾਜ ਸਿਰਜਦੀਆਂ ਹਨ ਤੇ ਸਾਲ 2015 ਵਿਚ ਸ਼ੁਰੂ ਕੀਤੇ ਗਏ ‘ਬੇਟੀ ਬਚਾਓ ਬੇਟੀ ਪੜ੍ਹਾਓ’ ਮੁਹਿੰਮ ਤੋਂ ਬਾਅਦ ਧੀਆਂ ਦੀ ਗਿਣਤੀ `ਚ ਵਾਧਾ ਹੋਇਆ ਹੈ ।
ਇਸ ਮੌਕੇ ਸਰਹੱਦੀ ਪਿੰਡਾਂ ਦੀ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਮਹਿਲਾ ਖਿਡਾਰਨਾਂ ਦੇ ਨਾਲ ਨਾਲ ਸਰਹੱਦੀ ਪਿੰਡਾਂ ਚੱਕ ਅੱਲਾ ਬਖਸ਼, ਰਤਨ ਖੁਰਦ ਤੇ ਰੋੜਾਂ ਵਾਲਾ ਖੁਰਦ ਦੀਆਂ ਪਹਿਲੀ ਵਾਰ ਚੁਣੀਆਂ ਗਈਆਂ ਮਹਿਲਾ ਸਰਪੰਚਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੀਤ ਤੇ ਨਾਟਕ ਵਿਭਾਗ ਦੇ ਸਹਾਇਕ ਨਿਰਦੇਸ਼ਕ ਬਲਜੀਤ ਸਿੰਘ ਅਤੇ ਖੇਤਰੀ ਪ੍ਰਚਾਰ ਅਧਿਕਾਰੀ ਰਜੇਸ਼ ਬਾਲੀ ਵੀ ਹਾਜਿਰ ਸ਼ਨ।