Monday, December 23, 2024

ਗੁਰਦੁਆਰਾ ਸੰਤ ਖ਼ਾਲਸਾ ਦੇ ਉਦਘਾਟਨ `ਚ ਪੁੱਜੀਆਂ ਸੰਗਤਾਂ ਦਾ ਦਮਦਮੀ ਟਕਸਾਲ ਮੁਖੀ ਵਲੋਂ ਧੰਨਵਾਦ

ਮੋਗਾ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਚੌਧਵੇ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ PPN2602201805ਭਿੰਡਰਾਂਵਾਲਿਆਂ ਦੇ ਪਾਵਨ ਜਨਮ ਅਸਥਾਨ ਪਿੰਡ ਰੋਡੇ ਵਿਖੇ ਉੱਸਾਰੇ ਗਏ ਗੁਰਦਵਾਰਾ ਸੰਤ ਖ਼ਾਲਸਾ ਦਾ ਪੂਰੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਉਦਘਾਟਨ ਕੀਤਾ ਗਿਆ।ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀ ਸੰਗਤ ਦਾ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਧੰਨਵਾਦ ਕੀਤਾ ਗਿਆ।
ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅਰਦਾਸ ਉਪਰੰਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੁਖਵਾਕ ਦੀ ਕਥਾ ਕਰਦਿਆਂ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਸੰਗਤ ਦੀ ਸਾਂਝ ਪਵਾਈ।ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਸਟੇਡੀਅਮ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਦੌਰਾਨ ਗੁ: ਸਾਹਿਬ ਦੀ ਉੱਸਾਰੀ ’ਚ ਯੋਗਦਾਨ ਪਾਉਣ ਲਈ ਸੰਗਤ ਦਾ ਰੋਮ ਰੋਮ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਮਹਾਨ ਯੋਧੇ ਦੇ ਜਨਮ ਅਸਥਾਨ ਦੀ ਉਸਾਰੀ ’ਤੇ ਅੱਜ ਪੰਥ ਅੰਦਰ ਖੁਸ਼ੀ ਅਤੇ ਪ੍ਰਸੰਨਤਾ ਹੈ।ਉਹਨਾਂ ਕਿਹਾ ਕਿ ਸੰਗਤ ਨੇ ਭਾਰੀ ਗਿਣਤੀ ’ਚ ਅੱਜ ਦੇ ਸਮਾਗਮਾਂ ’ਚ ਹਿੱਸਾ ਲੈ ਕੇ ਕੌਮੀ ਏਕਤਾ ਦਾ ਦੁਨੀਆਂ ਨੂੰ ਸੁਨੇਹਾ ਦਿੱਤਾ ਹੈ।ਉਹਨਾਂ ਪਿੰਡ ਰੋਡੇ ਵਿਖੇ ਹਰ ਸਾਲ 2 ਜੂਨ ਨੂੰ ਸੰਤਾਂ ਦਾ ਜਨਮ ਦਿਹਾੜਾ ਅਤੇ 22 ਫਰਵਰੀ ਨੂੰ ਸੰਤਾਂ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੇ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ।ਉਹਨਾਂ ਕਿਹਾ ਕਿ ਸੰਤਾਂ ਨੇ ਕੌਮ ਦੀ ਬਤੌਰ ਜਰਨੈਲ ਅਗਵਾਈ ਕਰਦਿਆਂ ਜਬਰ ਜ਼ੁਲਮ ਖ਼ਿਲਾਫ਼ ਸੰਘਰਸ਼ ਕੀਤਾ ਸ੍ਰੀ ਦਰਬਾਰ ਸਾਹਿਬ ’ਤੇ ਜਾਬਰ ਹਕੂਮਤ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਹਨਾਂ ਜਾਨ ਬਚੇ ਜਾਂ ਨਾ ਬਚੇ ਸ਼ਾਨ ਸਲਾਮਤ ਰਹਿਣੀ ਚਾਹੀਦੀ ਹੈ ’ਤੇ ਪਹਿਰਾ ਦਿੱਤਾ ਅਤੇ ਜੂਝਦਿਆਂ ਆਪਣੇ ਸਾਥੀ ਸਿੰਘਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਸ਼ਹਾਦਤ ਦਿੱਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਘਰ-ਘਰ ਸ਼ਸਤਰ ਰੱਖਣ ਦੀ ਵੀ ਅਪੀਲ ਕੀਤੀ।ਉਹਨਾਂ ਦਮਦਮੀ ਟਕਸਾਲ ਨੂੰ ਪੰਥ ਦੀ ਰੀੜ੍ਹ ਦੀ ਹੱਡੀ ਕਰਾਰ ਦਿੱਤਾ ਤੇ ਕਿਹਾ ਕਿ ਦਮਦਮੀ ਟਕਸਾਲ ਦੀ ਮਜ਼ਬੂਤੀ ਹੀ ਪੰਥ ਦੀ ਮਜ਼ਬੂਤੀ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥਕ ਸੇਵਾ ’ਚ ਨਿਭਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।ਉਹਨਾਂ ਦਮਦਮੀ ਟਕਸਾਲ ਨੂੰ ਹਰ ਤਰਾਂ ਸਹਿਯੋਗ ਦਾ ਭਰੋਸਾ ਦਿੱਤਾ।ਉਹਨਾਂ ਸਜਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਨਾ ਕੀਤੇ ਜਾਣ ’ਤੇ ਸਵਾਲ ਉਠਾਇਆ ਕਿ ਕੀ ਅਜਿਹੇ ਕਾਲੇ ਕਾਨੂੰਨ ਸਿਰਫ਼ ਸਿੱਖਾਂ ਲਈ ਹੀ ਕਿਉਂ ਹਨ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤ ਜੀ ਨੇ ਸਿੱਖ ਸੰਗਤਾਂ ਨੂੰ ਕੁਰੀਤੀਆਂ ਨਾਲੋਂ ਤੋੜ ਕੇ ਸਿੱਖੀ ਰਵਾਇਤਾਂ ਨਾਲ ਜੋੜਿਆ।
ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਨੇ ਸੰਤਾਂ ਦੇ ਜੀਵਨ ’ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸੰਤ ਜੀ ਟਕਸਾਲ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਪਹਿਲਾਂ ਆਮ ਇਨਸਾਨ ਦੀ ਤਰਾਂ ਖੇਤੀਬਾੜੀ ਦਾ ਪਰਿਵਾਰ ਕੰਮ ਕਰਦੇ ਹੋਏ ਵੀ ਬਾਣੀ ਅਤੇ ਬਾਣੇ ਪ੍ਰਤੀ ਪਰਪੱਕਤਾ ਨੂੰ ਪਹਿਲ ਦਿੰਦੇ ਸਨ।ਜਥੇਦਾਰ ਸ੍ਰੀ ਅਕਾਲ ਤਖ਼ਤ ਸਮੇਤ ਹਾਜ਼ਰ ਸਾਰੇ ਸਿੰਘ ਸਾਹਿਬਾਨਾਂ ਨੇ ਪੰਥਕ ਯੋਗਦਾਨ ਲਈ ਬਾਬਾ ਹਰਨਾਮ ਸਿੰਘ ਨੂੰ ਸਨਮਾਨਿਤ ਕੀਤਾ।ਇਸ ਮੌਕੇ ਬੱਬਰ ਖ਼ਾਲਸਾ ਦੇ ਮੁਖੀ ਭਾਈ ਪਰਮਜੀਤ ਸਿੰਘ ਭਿਓਰਾ ਵਲੋਂ ਸੰਤ ਬਾਬਾ ਹਰਨਾਮ ਸਿੰਘ ਨੂੰ ਵਧਾਈ ਦਿੱਤੀ ਗਈ ਅਤੇ ਬੱਬਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਭ ਸੰਗਤਾਂ ਨੂੰ ਫ਼ਤਿਹ ਬੁਲਾਈ ਗਈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ,ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਭਾਈ ਮਲਕੀਤ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਭਾਈ ਰਾਮ ਸਿੰਘ ਤਖ਼ਤ ਹਜ਼ੂਰ ਸਾਹਿਬ, ਭਾਈ ਭਾਗ ਸਿੰਘ ਗ੍ਰੰਥੀ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੁ: ਬੰਗਲਾ ਸਾਹਿਬ ਦਿਲੀ, ਭਾਈ ਈਸ਼ਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਸਪੁੱਤਰ ਸੰਤ ਭਿੰਡਰਾਂਵਾਲੇ, ਜਥੇ: ਤੋਤਾ ਸਿੰਘ ਸੀ: ਮੀਤ ਪ੍ਰਧਾਨ ਅਕਾਲੀ ਦਲ, ਗਿਆਨੀ ਗੁਰਵਿੰਦਰ ਸਿੰਘ, ਗੁਰਬਚਨ ਸਿੰਘ ਕਰਮੂਵਾਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਭਾਈ ਅਜੈਬ ਸਿੰਘ ਅਭਿਆਸੀ, ਭਾਈ ਮਨਜੀਤ ਸਿੰਘ, ਕੈਪਟਨ ਹਰਚਰਨ ਸਿੰਘ ਰੋਡੇ, ਚੇਅਰਮੈਨ ਪਰਮਜੀਤ ਸਿੰਘ ਰਾਣਾ ਦਿਲੀ ਕਮੇਟੀ, ਬਾਬਾ ਕਰਨੈਲ ਸਿੰਘ ਹਜ਼ੂਰ ਸਾਹਿਬ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਬਾਬਾ ਧਰਮ ਸਿੰਘ ਦਮਦਮੀ ਟਕਸਾਲ ਅਮਰੀਕਾ, ਸੰਤ ਬਾਬਾ ਦਵਿੰਦਰ ਸਿੰਘ ਸ਼ਾਹ ਪੁਰ, ਸੰਤ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ, ਸੰਤ ਬਾਬਾ ਬੀਰ ਸਿੰਘ, ਬਾਬਾ ਮਨਮੋਹਨ ਸਿੰਘ ਭੰਗਾਲੀ, ਬਾਬਾ ਬੰਤਾ ਸਿੰਘ ਮੁੰਡਾਪਿੰਡ, ਗਿਆਨੀ ਸਰੂਪ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ ਭਾਈ ਜਗਰੂਪ ਸਿੰਘ, ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲੇ ਤੇ ਹੋਰ ਸੰਤ ਮਹਾਪੁਰਸ਼ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply