ਸਮਰਾਲਾ 5 ਮਾਰਚ (ਪੰਜਾਬ ਪੋਸਟ- ਕੰਗ) – ਵਣ-ਮੰਡਲ ਅਫ਼ਸਰ ਵਿਸਥਾਰ ਪਟਿਆਲਾ ਜੁਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਅਰ ਪਾਰਕ ਨੀਲੋਂ ਵਿਖੇ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਗਿਆ।ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੰਗਲੀ ਜੀਵਾਂ ਦੀ ਹੋਂਦ ਬਚਾਉਣ ਸਬੰਧੀ ਡਰਾਇੰਗ ਅਤੇ ਲੇਖ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰਾਇਮਰੀ ਸਕੂਲ ਘੁਲਾਲ ਦੀ ਹਰਪ੍ਰੀਤ ਕੌਰ ਨੇ ਲੇਖ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਅਤੇ ਡਰਾਇੰਗ ਮੁਕਾਬਲਿਆਂ ਵਿੱਚੋਂ ਜਸਵੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਜੇਤੂ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਵਣ ਰੇਂਜ ਅਫ਼ਸਰ ਸ਼ਮਿੰਦਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਅੱਜ ਸਾਡੇ ਸਮਾਜ ਵਿੱਚ ਜੰਗਲੀ ਜੀਵਾਂ ਦੀ ਹੋਂਦ ਖਤਮ ਹੋ ਰਹੀ ਹੈ।ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।ਸਾਨੂੰ ਇਨ੍ਹਾਂ ਜੀਵਾਂ ਨੂੰ ਬਚਾਉਣ ਲਈ ਵਿਸ਼ੇਸ਼ ਉੁਪਰਾਲੇ
ਕਰਨੇ ਚਾਹੀਦੇ ਹਨ।ਡੀਅਰ ਪਾਰਕ ਵਿਖੇ ਵਿਦਿਆਰਥੀਆਂ ਨੂੰ ਜੰਗਲੀ ਜਾਨਵਰਾਂ ਅਤੇ ਪੰਛੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।ਮਾਸਟਰ ਸੰਜੀਵ ਕੁਮਾਰ ਸਟੇਟ ਅਵਾਰਡੀ ਨੇ ਕਿਹਾ ਕਿ ਸਾਡੀ ਜ਼ਿੰਦਗੀ ਇੱਕ ਫੂਡ ਚੇਨ ਸਿਸਟਮ ਤੇ ਅਧਾਰਿਤ ਹੈ।ਜਿਸ ਤਰ੍ਹਾਂ ਚੂਹਿਆਂ ਨੂੰ ਖਾਣ ਲਈ ਬਿੱਲੀ ਦੀ ਹੋਂਦ ਹੋਣੀ ਜਰੂਰੀ ਹੈ, ਅਗਰ ਸਮਾਜ ਵਿੱਚ ਚੂਹਿਆਂ ਦੀ ਮਾਤਰਾ ਵੱਧਦੀ ਗਈ ਤਾਂ ਇਸ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲ ਜਾਣਗੀਆਂ।ਇਸ ਲਈ ਹਰ ਇੱਕ ਜੀਵ ਦੀ ਹੋਂਦ ਦਾ ਹੋਣਾ ਸਾਡੇ ਲਈ ਲਾਭਦਾਇਕ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਉਪਰਾਲੇ ਕਰਨੇ ਚਾਹੀਦੇ ਹਨ।ਇਸ ਮੌਕੇ ਵਣ ਗਾਰਡ ਕੁਲਦੀਪ ਸਿੰਘ, ਪ੍ਰਵੀਨ ਕੁਮਾਰ, ਹਰਨੇਕ ਸਿੰਘ, ਰਣਜੀਤ ਕੌਰ, ਹਰਜੀਤ ਕੌਰ ਆਦਿ ਹਾਜਰ ਸਨ।