ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥ-ਦਰਦੀ ਸੰਸਥਾਵਾਂ ਤੇ ਸਿੱਖਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਨਾਨਕ ਸ਼ਾਹ ਫ਼ਕੀਰ ਫ਼ਿਲਮ ਦੇ ਜਾਰੀ ਹੋਣ ਦੀ ਖ਼ਬਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਦੇ ਪ੍ਰਚਾਰ-ਪ੍ਰਸਾਰ ਵਾਸਤੇ ਵਿਦਿਅਕ ਅਦਾਰਿਆਂ ਨੂੰ ਲਿਖੇ ਗਏ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਸਵਾਲ ਤੇ ਸੁਝਾਅ ਸਾਹਮਣੇ ਰੱਖੇ ਹਨ।ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਇਹੀ ਫ਼ਿਲਮ ਅਪ੍ਰੈਲ 2015 ਵਿਚ ਪੰਥਕ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਹੇਠ ਵਾਪਸ ਲੈ ਲਈ ਗਈ ਸੀ।ਏਥੋਂ ਤੱਕ ਕਿ ਸਰਕਾਰਾਂ ਨੇ ਵੀ ਪਾਬੰਦੀ ਲਾਈ ਸੀ।ਹੁਣ ਕਿਸ ਆਧਾਰ ’ਤੇ ਇਸ ਦੇ ਨਿਰਮਾਤਾ ਵਲੋਂ ਇਸ ਨੂੰ ਜਾਰੀ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਵਾਨਗੀ ਦਿੱਤੀ ਗਈ ਹੈ? ਉਹਨਾਂ ਕਿਹਾ ਫ਼ਿਲਮ ਦੇ ਵਿਰੋਧ ਪਿੱਛੇ ਕਿਸੇ ਦਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਹੈ, ਬਲਕਿ ਸਿੱਖ ਧਰਮ ਦੇ ਰੂਹਾਨੀ ਮਾਰਗ ਵਿਚ ਅਯੋਗ ਤਰੀਕਾ ਹੋਣ ਕਰਕੇ ਵਿਰੋਧ ਹੈ।
ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਫ਼ਿਲਮ ਨਿਰਮਾਤਾ ਤੇ ਸਮੱਰਥਕਾਂ ਦੇ ਉਸ ਵਿਚਾਰ ਨੂੰ ਮੁਬਾਰਕ ਹੈ ਕਿ ਸਿੱਖੀ ਦੇ ਅਮੀਰ ਵਿਰਸੇ ਦੀ ਜਾਣਕਾਰੀ ਵਿਸ਼ਵ ਭਰ ਵਿਚ ਜਾਣੀ ਚਾਹੀਦੀ ਹੈ ਅਤੇ ਖ਼ਾਸ ਕਰ ਕੇ ਬੱਚਿਆਂ ਨੂੰ ਰੌਚਿਕ ਢੰਗਾਂ ਨਾਲ ਸਿੱਖੀ ਨਾਲ ਜੋੜਨਾ ਚਾਹੀਦਾ ਹੈ।ਪਰ ਇਸ ਵਿਚਾਰ ਦੇ ਆਧਾਰ ’ਤੇ ਸਿੱਖੀ ਅਸੂਲਾਂ ਨੂੰ ਵੀ ਕੁਰਬਾਨ ਨਹੀਂ ਕੀਤਾ ਜਾ ਸਕਦਾ।ਕਿਉਂਕਿ ਸਿੱਖ ਧਰਮ ਆਕਾਰ ਜਾਂ ਕਾਲ਼ ਦਾ ਪੂਜਕ ਨਹੀਂ ਤੇ ਕੇਵਲ ਨਿਰਾ ਆਕਾਰ ਦਾ ਹੀ ਉਪਾਸ਼ਕ ਹੈ।ਜੇ ਕੋਈ ਕਲਾਕਾਰ ਕਿਸੇ ਆਕਾਰ ਦੇ ਸਹਾਰੇ ਰੱਬ ਜੈਸੇ ਗੁਰੂਆਂ ਦਾ ਅੰਤ ਪੇਸ਼ ਕਰ ਦੇਣ ਦਾ ਉਪਰਾਲਾ ਕਰਦਾ ਹੈ ਤਾਂ ਉਹ ਅਧੂਰਾ ਹੈ।ਜੋ ਅਧੂਰਾ ਹੈ ਉਹ ਪੂਰੇ ਦਾ ਤੋੜ ਨਹੀਂ ਹੋ ਸਕਦਾ।ਕਿਸੇ ਫ਼ਿਲਮ, ਤਸਵੀਰ ਜਾਂ ਗ੍ਰਾਫ਼ ਰਾਹੀਂ ਗੁਰੂਆਂ ਦੀ ਅਥਾਹ ਦੇਣ ਨੂੰ ਕਿਸੇ ਘੇਰੇ ਵਿਚ ਪੇਸ਼ ਕਰਨਾ ਇਕ ਨੂਰਾਨੀ ਤੇ ਰੂਹਾਨੀ ਸ਼ਕਤੀ ਨਾਲ ਖਿਲਵਾੜ ਕਰਨ ਦੀ ਕਿਰਿਆ ਹੈ।ਕਿਉਂਕਿ ਕਲਾਕਾਰ ਉਹਨਾਂ ਦੀ ਅਪਰ ਅਪਾਰ ਸ਼ਕਤੀ ਨੂੰ ਆਪਣੀ ਤੁੱਛ ਬੁੱਧ ਦੇ ਹਾਣ ਦਾ ਬਣਾ ਕੇ ਹੀ ਪੇਸ਼ ਕਰ ਸਕਦਾ ਹੈ। ਕੋਈ ਕਲਾਕਾਰ ਇਹ ਨਹੀਂ ਕਹਿ ਸਕਦਾ ਕਿ ਮੈਂ ਗੁਰੂਆਂ, ਭਗਤਾਂ ਜਾਂ ਸ਼ਹੀਦਾਂ ਨੂੰ ਉਹਨਾਂ ਦੇ ਬਰਾਬਰ ਉੱਚਾ ਹੋ ਕੇ ਗਿਣ ਜਾਂ ਮਿਣ ਲਿਆ ਹੈ।ਫ਼ਿਲਮਾਂ ਆਦਿਕ ਦੇ ਢੰਗ ਤਰੀਕੇ ਚੰਗੀ ਸੋਚ ਹੋਣ ਦੇ ਬਾਵਜ਼ੂਦ ਵੀ ਸ਼ਬਦ-ਗੁਰੂ ਸਿਧਾਂਤ ਦੇ ਬਿਲਕੁੱਲ ਤਬਾਹਕੁੰਨ ਵਿਰੋਧੀ ਹਨ।
ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸਿੱਖ ਧਰਮ ਦਾ ਇਹ ਮਕਸਦ ਹੀ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਪੂਰੇ ਸੰਸਾਰ ਵਿਚ ਗਿਣਾਉਣ ਲਈ ਯਤਨ ਕਰੇ ਬਲਕਿ ਇਸ ਦਾ ਸਹੀ ਸਫ਼ਰ ਇੱਕ ਫੁੱਲ ਦੀ ਤਰ੍ਹਾਂ ਖੁਸ਼ਬੂ ਬਣਨਾ ਹੈ।ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕਿਸੇ ਧਰਮ ਦੇ ਕਿਸੇ ਆਗੂ ਦੀ ਸ਼ਹੀਦੀ ਦੀ ਪ੍ਰਸਿੱਧੀ ਘਰ-ਘਰ ਵੀ ਪੁੱਜ ਗਈ ਹੋਵੇ ਤਾਂ ਕੀ ਸੰਸਾਰ ਸੁਧਰ ਚੁੱਕਾ ਹੈ? ਸਿੱਖ ਧਰਮ ਅੰਦਰ ਸੇਧ ਲੈਣ ਤੇ ਦੇਣ ਦਾ ਵਸੀਲਾ ਕੇਵਲ ਤੇ ਕੇਵਲ ਸ਼ਬਦ-ਗੁਰੂ ਹੈ।ਜੋ ਕਿ ਦਿਨ ਰਾਤ ਸਭ ਨੂੰ ਰੌਸ਼ਨ ਕਰਦਾ ਹੈ ਜਦ ਕਿ ਪੱਛਮੀ ਤੇ ਦੁਨਿਆਵੀ ਤਰੀਕੇ ਕੁੱਝ ਘੰਟਿਆਂ ਬਾਅਦ ਮਨੁੱਖ ਨੂੰ ਉਸੇ ਮਾਇਆ ਦੀ ਕੈਦ ਵਿਚ ਲੈ ਜਾਂਦੇ ਹਨ।ਜੇਕਰ ਸ਼੍ਰੋਮਣੀ ਕਮੇਟੀ ਜਾਂ ਨਿਰਮਾਤਾ ਕੋਲ ਕੋਈ ਹੋਰ ਚੰਗਾ ਹਵਾਲਾ ਹੋਵੇ ਤਾਂ ਪੰਥ ਦੇ ਸਾਹਮਣੇ ਜ਼ਰੂਰ ਰੱਖਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …