ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਦੇਸ਼ਾਂ ’ਚ ਸਿੱਖਾਂ ’ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਸਬੰਧੀ ਠੋਸ ਕਾਰਵਾਈ ਕਰਨ ਲਈ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਇਕ ਪੱਤਰ ਲਿਖਿਆ ਹੈ।ਲੌਂਗੋਵਾਲ ਨੇ ਵਿਦੇਸ਼ ਮੰਤਰੀ ਨੂੰ ਇਹ ਪੱਤਰ ਬੀਤੇ ਕੱਲ੍ਹ ਅਮਰੀਕਾ ਦੇ ਨਿਊਜਰਸੀ ਵਿਚ ਤਰਲੋਕ ਸਿੰਘ ਨਾਂ ਦੇ ਸਿੱਖ ਦੀ ਹੋਈ ਹੱਤਿਆ ਮਾਮਲੇ ਦੇ ਨਾਲ ਨਾਲ ਅਮਰੀਕਾ ਵਿਚ ਹੀ ਇਸ ਤੋਂ ਕੁੱਝ ਦਿਨ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਆਧਾਰ ਬਾਣਾ ਕੇ ਲਿਖਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਅੰਦਰ ਸਿੱਖਾਂ ’ਤੇ ਹੋ ਰਹੇ ਨਫ਼ਰਤੀ ਹਮਲਿਆਂ ਨੂੰ ਠੱਲ੍ਹਣ ਲਈ ਭਾਰਤ ਦਾ ਵਿਦੇਸ਼ ਮੰਤਰਾਲਾ ਕੋਈ ਠੋਸ ਨੀਤੀ ਬਣਾਵੇ ਅਤੇ ਅਜਿਹਾ ਕਰਨ ਵਿਚ ਉਸ ਨੂੰ ਦੇਰੀ ਨਾ ਕਰਦਿਆਂ ਤੁਰੰਤ ਹਰਕਤ ’ਚ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੋਰ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਕਿ ਬੀਤੇ ਤਿੰਨ ਹਫ਼ਤਿਆਂ ਵਿਚ ਹੀ ਅਮਰੀਕਾ ਅੰਦਰ ਤਿੰਨ ਸਿੱਖਾਂ ਨੂੰ ਨਸਲੀ ਵਿਰੋਧ ਦਾ ਸ਼ਿਕਾਰ ਹੋਣਾ ਪਿਆ।ਕੈਲੀਫੋਰਨੀਆ ਵਿਚ 31 ਜੁਲਾਈ ਨੂੰ ਸੁਰਜੀਤ ਸਿੰਘ ਮੱਲੀ ਅਤੇ ਫਿਰ 6 ਅਗਸਤ ਨੂੰ ਇਸੇ ਹੀ ਇਲਾਕੇ ’ਚ 71 ਸਾਲਾ ਬਜ਼ੁਰਗ ਸਾਹਿਬ ਸਿੰਘ ਦੀ ਕੁੱਟਮਾਰ ਕੀਤੀ ਗਈ।ਹੁਣ ਨਿਊਜਰਸੀ ਵਿਚ ਤਰਲੋਕ ਸਿੰਘ ਨਾਂ ਦੇ ਸਿੱਖ ਦੀ ਉਸ ਦੇ ਸਟੋਰ ਅੰਦਰ ਹੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋਵੇਗਾ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨਗੇ।ਉਨ੍ਹਾਂ ਕਿਹਾ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ ਕਿਉਂਕਿ ਇਕੱਲੇ ਅਮਰੀਕਾ ਅੰਦਰ ਹੀ ਨਹੀਂ ਸਗੋਂ ਕੈਨੇਡਾ, ਫਿਲਪਾਈਨ, ਮਨੀਲਾ ਆਦਿ ਥਾਵਾਂ ’ਤੇ ਵੀ ਅਜਿਹੇ ਮਾਮਲੇ ਅਕਸਰ ਵਾਪਰ ਰਹੇ ਹਨ। ਇਸ ਲਈ ਵਿਦੇਸ਼ ਮੰਤਰਾਲਾ ਤੁਰੰਤ ਢੁੱਕਵੇਂ ਕਦਮ ਚੁੱਕੇ ਤਾਂ ਜੋ ਸਿੱਖ ਵਿਦੇਸ਼ਾਂ ਅੰਦਰ ਬੇਖ਼ੌਫ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਣ।