Tuesday, October 22, 2024

ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਜੂਨ ਤੇ ਜੁਲਾਈ ਦੌਰਾਨ 1 ਲੱਖ 97 ਹਜਾਰ 300 ਪ੍ਰਾਰਥੀਆਂ ਨੂੰ ਦਿੱਤੀਆਂ ਸੇਵਾਵਾਂ -ਬਰਾੜ

PPN19081403ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਮਿਲਦੀਆਂ ਜਨਤਕ ਸੇਵਾਵਾਂ ਨਿਰਧਾਰਤ ਸਮੇਂ ਵਿਚ ਅਤੇ ਸੋਖੇ  ਢੰਗ ਨਾਲ ਦੇਣ ਲਈ ਬਣਾਏ ਗਏ ਸੇਵਾ ਦੇ ਅਧਿਕਾਰ ਕਾਨੂੰਨ(ਆਰ.ਟੀ.ਐਸ. ਐਕਟ) ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਜੂਨ ਤੇ ਜੁਲਾਈ 2014 ਮਹੀਨਿਆਂ ਦੌਰਾਨ 1 ਲੱਖ 97 ਹਜਾਰ 300 ਪ੍ਰਾਰਥੀਆਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਸੁਵਿਧਾ ਕੇਂਦਰਾਂ ਰਾਂਹੀ ਪ੍ਰਦਾਨ ਕੀਤੀਆਂ ਗਈਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਮਨਜੀਤ ਸਿੰਘ ਬਰਾੜ ਆਈ.ਏ.ਐਸ. ਨੇ ਸੇਵਾ ਦੇ ਅਧਿਕਾਰ ਕਾਨੂੰਨ  ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਰਵਿਊ ਕਰਨ ਉਪਰੰਤ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਰ.ਟੀ.ਐਸ. ਐਕਟ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਘੇਰਾ ਵਧਾਏ ਜਾਣ ਬਾਅਦ ਹੁਣ ਸੇਵਾਵਾਂ ਦੇਣ ਵਾਲੇ ਵਿਭਾਗਾਂ ਦੀ ਗਿਣਤੀ 18 ਹੋ ਗਈ ਹੈ ਅਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗਿਣਤੀ 149 ‘ਤੇ ਪੁੱਜ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੇਵਾਵਾਂ ਸੁਵਿਧਾ ਕੇਂਦਰਾਂ, ਸਾਂਝ ਕੇਂਦਰਾਂ ਅਤੇ ਬਾਕੀ ਸਬੰਧਿਤ ਦਫ਼ਤਰਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਵਿਭਾਗ ਵਾਰ ਦਿੱਤੀਆਂ ਜਾ ਰਹੀਆਂ ਪ੍ਰਮੁੱਖ ਸੇਵਾਵਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਮਾਲ ਵਿਭਾਗ ਵੱਲੋਂ ਸਭ ਤੋਂ ਵਧੇਰੇ 59348 ਲਾਭਪਾਤਰੀਆਂ ਨੂੰ ਸੇਵਾਵਾਂ ਦਿੱਤੀਆਂ ਗਈਆਂ। ਇਨ੍ਹਾਂ ਸੇਵਾਵਾਂ ਵਿੱਚ ਤਸਦੀਕ ਸ਼ੁਦਾ ਨਕਲਾਂ, ਬੈਨਾਮੇ, ਇੰਤਕਾਲ, ਜ਼ਮੀਨੀ ਪੈਮਾਇਸ਼ ਤੇ ਭਾਰ ਰਹਿਤ ਸਰਟੀਫ਼ਿਕੇਟ ਅਤੇ ਹੋਰ ਕਈ ਸੇਵਾਵਾਂ ਸ਼ਾਮਿਲ ਹਨ। ਇਸੇ ਤਰ੍ਹਾਂ ਐਸ.ਸੀ./ਬੀ.ਸੀ. ਸਰਟੀਫ਼ਿਕੇਟ ਅਤੇ ਵਿਆਹ ਦੀ ਰਜਿਸਟ੍ਰੇਸ਼ਨ ਉਕਤ ਤੋਂ ਵੱਖਰੀ ਹੈ, ਜਿਨ੍ਹਾਂ ਦਾ ਕ੍ਰਮਵਾਰ 7307 ਤੇ 54 ਪ੍ਰਾਰਥੀਆਂ ਨੇ ਲਾਭ ਲਿਆ।
ਸ.ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਜ਼ੂਨ ਤੇ ਜੁਲਾਈ ਮਹੀਨੇ ਤੱਕ 1 ਲੱਖ 8 ਹਜਾਰ 84 ਲਾਭਪਾਤਰੀਆਂ ਨੂੰ ਸੇਵਾਵਾਂ ਦਿੱਤੀਆਂ ਗਈਆਂ । ਇਸ ਦੌਰਾਨ ਨਿਪਟਾਈਆਂ ਗਈਆਂ 108084 ਅਰਜ਼ੀਆਂ ਤਹਿਤ 5259 ਜਨਮ ਤੇ ਮੌਤ ਦੇ ਸਰਟੀਫ਼ਿਕੇਟ ਜਾਰੀ ਕੀਤੇ ਗਏ ਜਦਕਿ ਲੇਟ ਦਰਜ (ਇੱਕ ਸਾਲ ਤੋਂ ਬਾਅਦ) ਇੰਦਰਾਜ ਦੀਆਂ 475 ਅਤੇ ਸੋਧ ਦੀਆਂ 102 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰੀ ਹਸਪਤਾਲਾਂ ਵਿੱਚ ਜਣੇਪਾ ਕਰਵਾਉਣ ‘ਤੇ ਦਿੱਤੀ ਜਾਂਦੀ ਹੌਂਸਲਾ ਅਫ਼ਜਾਈ ਸਕੀਮ ਦੀ ਰਾਸ਼ੀ ਵੀ ਐਕਟ ਅਧੀਨ ਹੋਣ ਕਾਰਨ 2881 ਮਹਿਲਾਵਾਂ ਨੂੰ ਇਸ ਦਾ ਲਾਭ ਮਿਲਿਆ। ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ ਤਹਿਤ ਚਲਦੀਆਂ ਟ੍ਰਾਂਸਪੋਰਟ ਵਿਭਾਗ ਨਾਲ ਸਬੰਧਿਤ ਸੇਵਾਵਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ 3313 ਨਵੀਂਆਂ ਆਰ.ਸੀਜ਼,2554 ਡਰਾਈਵਿੰਗ ਲਾਇਸੰਸ, 500 ਨਵੀਨੀਕਰਨ ਤੇ 265 ਫ਼ਿਟਨੈਸ ਸਰਟੀਫ਼ਿਕੇਟ ਜਾਰੀ ਕਰਕੇ 6632 ਲਾਭਪਾਤਰੀਆਂ ਨੂੰ ਸੇਵਾਵਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਆਰ.ਟੀ.ਐਸ. ਤਹਿਤ ਹੀ ਸੁਵਿਧਾ ਕੇਂਦਰ ਰਾਹੀਂ ਦਿੱਤੀਆਂ ਜਾ ਰਹੀਆਂ ਉਕਤ ਸੇਵਾਵਾਂ ਵਿੱਚੋਂ 32120 ਅਰਜ਼ੀਆਂ ਨਿਪਟਾਈਆਂ ਗਈਆਂ ਜਿਨ੍ਹਾਂ ਵਿੱਚ ਰੈਜ਼ੀਡੈਂਸ, ਡੋਮੀਸਾਈਲ,ਪੇਂਡੂ ਏਰੀਆ, ਜਾਤੀ ਸਰਟੀਫ਼ਿਕੇਟ ਜਾਰੀ ਕਰਨੇ, ਜਨਮ ਤੇ ਮੌਤ ਨਾਲ ਸਬੰਧਿਤ ਸਰਟੀਫ਼ਿਕੇਟ, ਅਸਲਾ ਲਾਇਸੰਸ, ਰਾਸ਼ਨ ਕਾਰਡ, ਵਿਆਹਾਂ ਦੀ ਰਜਿਸਟ੍ਰੇਸ਼ਨ, ਬੁਢਾਪਾ ਪੈਨਸ਼ਨ ਕੇਸ, ਮਾਲ ਵਿਭਾਗ ਨਾਲ ਸਬੰਧਿਤ ਨਕਲਾਂ, ਸ਼ਿਕਾਇਤਾਂ ਦਾ ਨਿਪਟਾਰਾ ਤੇ ਆਰ.ਟੀ.ਆਈ. ਅਰਜ਼ੀਆਂ ਆਦਿ ਸ਼ਾਮਿਲ ਹਨ । ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਆਰ.ਟੀ.ਐਸ. ਸੇਵਾਵਾਂ ਦਾ ਨਿਯਮਿਤ ਤੇ ਸਮਾਂ ਬੱਧ ਨਿਪਟਾਰਾ ਯਕੀਨੀ ਬਣਾਉਣ ਲਈ ਉਹ ਖੁਦ  ਆਈਆਂ ਅਰਜ਼ੀਆਂ ਦੀ ਸਥਿਤੀ ਦਾ ਮੁਲਾਂਕਣ ਕਰਦੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਤ ਸਮੇਂ ਵਿਚ ਸੇਵਾਵਾਂ ਮੁਹੱਈਆ ਨਾ ਕਰਵਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਤੇ ਜ਼ੁਰਮਾਨੇ ਕੀਤੇ ਜਾਣਗੇ ਅਤੇ ਇਸ ਕੰਮ ਵਿਚ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ ।

Check Also

ਸ਼ਤਰੰਜ ਮੁਕਾਬਲੇ ਵਿੱਚ ਲਿਪਸਾ ਮਿੱਤਲ ਦਾ ਤੀਸਰਾ ਸਥਾਨ

ਸੰਗਰੂਰ, 21 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ (ਸੀ.ਬੀ.ਐਸ.ਈ ਪੈਟਰਨ) ਲੌਂਗੋਵਾਲ …

Leave a Reply