ਜਨਰਲ ਓਲਿਗ ਐਲ ਸੈਲਿਯੁਕੋਵ ਨੂੰ ਸ਼੍ਰੋਮਣੀ ਕਮੇਟੀ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਰੂਸ ਦੇ ਥਲ ਸੈਨਾ ਮੁਖੀ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੁਕੋਵ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦਾ ਇਥੇ ਪੁੱਜਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।ਇਹ ਪਹਿਲੀ ਵਾਰ ਹੈ ਕਿ ਰੂਸ ਦੇ ਆਰਮੀ ਚੀਫ ਸਿੱਖ ਕੌਮ ਦੇ ਕੇਂਦਰੀ ਧਾਰਮਿਕ ਅਸਥਾਨ ਅਤੇ ਸਮੁੱਚੀ ਮਾਨਵਤਾ ਦੇ ਸਰਬਸਾਂਝੇ ਅਧਿਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਪੁੱਜੇ ਹਨ।ਰੂਸ ਥਲ ਸੈਨਾ ਮੁਖੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਕਰਦਿਆਂ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਨੇ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ, ਰਵਾਇਤਾਂ ਅਤੇ ਲੰਗਰ ਪਰੰਪਰਾ ਸਬੰਧੀ ਜਾਣਕਾਰੀ ਦਿੱਤੀ । ਉਹ ਸ੍ਰੀ ਗੁਰੂ ਰਾਮਦਾਸ ਲੰਗਰ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਬਿਨਾ ਭੇਦ-ਭਾਵ ਦੇ ਪ੍ਰਸ਼ਾਦਾ ਛਕਣ ਲਈ ਪੁੱਜਦੀ ਸੰਗਤ ਬਾਰੇ ਜਾਣ ਕੇ ਬਹੁਤ ਪ੍ਰਭਾਵਤ ਹੋਏ।ਉਨ੍ਹਾਂ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਵਾਈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਬਾਅਦ ਜਨਰਲ ਓਲਿਗ ਐਲ ਸੈਲਿਯੁਕੋਵ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਅਤੇ ਅਧਿਕਾਰੀਆਂ ਵੱਲੋਂ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਯਾਤਰੂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਵੀ ਦਰਜ਼ ਕੀਤੀਆਂ।ਸੂਚਨਾ ਕੇਂਦਰ ਵਿਖੇ ਗੱਲਬਾਤ ਕਰਦਿਆਂ ਜਨਰਲ ਓਲਿਗ ਲਿਉਨੀਡੋਵਿਚ ਸੈਲਿਯੁਕੋਵ ਨੇ ਕਿਹਾ ਕਿ ਉਨ੍ਹਾਂ ਨੂੰ ਇਥੇ ਆ ਕੇ ਬੇਹੱਦ ਪ੍ਰਸੰਨਤਾ ਹੋਈ ਹੈ ਅਤੇ ਇਥੇ ਦਾ ਵਾਤਾਵਰਨ ਬੇਹੱਦ ਸ਼ਾਂਤੀਪੂਰਨ ਹੈ।ਇਥੇ ਦਾ ਸਾਂਝੀਵਾਲਤਾ ਵਾਲਾ ਸਿਧਾਂਤ ਸਮੁੱਚੀ ਮਾਨਵਤਾ ਨੂੰ ਜੋੜਨ ਵਾਲਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਸਵਾਗਤ ਅਤੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ।
ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਇਕਬਾਲ ਸਿੰਘ ਮੁਖੀ, ਸੁਖਬੀਰ ਸਿੰਘ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਅੰਮ੍ਰਿਤਪਾਲ ਸਿੰਘ, ਹਰਿੰਦਰ ਸਿੰਘ ਰੋਮੀ, ਸਹਾਇਕ ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ ਤੇ ਹੋਰ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …