ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੜੀ ਜਿਸ ਦੇ ਕੁੱਝ ਹਿੱਸੇ ਨੂੰ ਰਾਤ ਦੇ ਹਨੇਰੇ ਵਿਚ ਢਾਹ ਦਿੱਤਾ ਗਿਆ ਸੀ, ਨੂੰ ਦੁਬਾਰਾ ਪਹਿਲਾਂ ਦੀ ਤਰ੍ਹਾਂ ਵਿਰਾਸਤੀ ਮਾਹਿਰਾਂ ਦੀ ਰਾਇ ਅਨੁਸਾਰ ਪੁਨਰ ਸੁਰਜੀਤ ਕੀਤਾ ਜਾਵੇਗਾ।ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਕ 11 ਮੈਂਬਰੀ ਵਿਰਾਸਤੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਰਮਜੀਤ ਸਿੰਘ ਚਾਹਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸੱਜਣ ਸਿੰਘ ਵਿਰਾਸਤੀ ਮਾਹਿਰ ਹੈਦਰਾਬਾਦ, ਕੁਲਬੀਰ ਸਿੰਘ ਸ਼ੇਰਗਿੱਲ ਰਿਟਾਇਰ ਚੀਫ ਇੰਜੀਨੀਅਰ, ਪ੍ਰੋਫੈਸਰ ਰਾਵਲ ਸਿੰਘ ਆਰਕੀਟੇਕਟ, ਐਕਸੀਅਨ ਸ਼੍ਰੋਮਣੀ ਕਮੇਟੀ ਆਦਿ ਸ਼ਾਮਲ ਸਨ, ਇਨ੍ਹਾਂ ਦੀ ਵੀ ਅੱਜ 30 ਮਈ ਨੂੰ ਇਕੱਤਰਤਾ ਬੁਲਾਈ ਗਈ ਹੈ, ਤਾਂ ਕਿ ਇਹ ਕਾਰਜ ਜਲਦੀ ਤੋਂ ਜਲਦੀ ਆਰੰਭ ਹੋ ਸਕੇ।
ਉਨ੍ਹਾਂ ਦੱਸਿਆ ਕਿ ਵਿਰਾਸਤੀ ਕਮੇਟੀ ਦੀ ਰਿਪੋਰਟ ਅਨੁਸਾਰ ਇਤਿਹਾਸਕ ਦਰਸ਼ਨੀ ਡਿਉੜੀ ਨੂੰ ਉਸੇ ਰੂਪ ਵਿਚ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਾਹਿਰਾਂ ਦੀ ਰਿਪੋਰਟ ਉੱਤੇ ਅਮਲ ਕਰਦਿਆਂ ਅਤੇ ਉਨ੍ਹਾਂ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਇਸ ਦੀ ਪੁਨਰ ਸੁਰਜੀਤੀ ਦਾ ਕਾਰਜ ਜਲਦੀ ਹੀ ਆਰੰਭ ਕੀਤਾ ਜਾਵੇਗਾ।ਦਰਸ਼ਨੀ ਡਿਉੜੀ ਸਬੰਧੀ ਬਣਾਈ ਪੜਤਾਲੀਆਂ ਕਮੇਟੀ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ ਤੇ ਗੁਰਮੀਤ ਸਿੰਘ ਬੂਹ ਸ਼ਾਮਲ ਹਨ, ਦੀ ਵੀ 30 ਮਈ ਨੂੰ ਸਵੇਰੇ 11:00 ਵਜੇ ਇਕੱਤਰਤਾ ਬੁਲਾ ਲਈ ਗਈ ਹੈ। ਦੱਸਣਯੋਗ ਹੈ ਕਿ ਉਪਰੋਤਕ ਕਮੇਟੀਆਂ ਦੀ ਪਹਿਲਾਂ ਵੀ ਸੁਹਿਰਦਤਾ ਨਾਲ ਇਕੱਤਰਤਾਵਾਂ ਹੋ ਚੁੱਕੀਆਂ ਹਨ।
ਡਾ. ਰੂਪ ਸਿੰਘ ਦੱਸਿਆ ਕਿ ਪੁਨਰ ਸੁਰਜੀਤੀ ਇਕ ਤਕਨੀਕੀ ਕਾਰਜ ਹੈ, ਇਹ ਕਾਰਜ ਵਿਰਾਸਤੀ ਮਾਹਿਰਾਂ ਦੀ ਰਾਇ ਅਨੁਸਾਰ ਹੀ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਵਿਰਾਸਤੀ ਇਮਾਰਤਾਂ ਨੂੰ ਢਾਹੁਣ ਵਿਚ ਸਮਾਂ ਨਹੀਂ ਲਗਦਾ, ਪਰ ਪੁਨਰ ਸੁਰਜੀਤੀ ਅਤੇ ਰੱਖ-ਰਖਾਅ ਵਿਚ ਇਸ ਦੇ ਵਿਸ਼ੇ ਮਾਹਿਰਾਂ ਦੀ ਰਾਇ ਅਨੁਸਾਰ ਹੀ ਕਾਰਜਸ਼ੀਲ ਰਿਹਾ ਜਾ ਸਕਦਾ ਹੈ।ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੂਰੀ ਸੰਜੀਦਗੀ ਅਤੇ ਸੁਹਿਰਦਤਾ ਨਾਲ ਵਿਰਾਸਤੀ ਇਮਾਰਤਾਂ, ਵਿਰਾਸਤੀ ਵਸਤਾਂ ਅਤੇ ਦਰੱਖ਼ਤਾਂ ਦੀ ਸਾਂਭ-ਸੰਭਾਲ ਲਈ ਵਚਨਬਧ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …