Monday, December 23, 2024

ਪੰਜਾਬ ਦਾ ਲੋਕ ਨਾਚ ਗਿੱਧਾ

        Gidhaਗਿੱਧਾ ਪੰਜਾਬ ਦਾ ਲੋਕ ਨਾਚ ਹੈ।ਇਸ ਨਾਲ ਇੱਕ ਦੰਦ ਕਥਾ ਵੀ ਜੁੜੀ ਹੋਈ ਹੈ ਕਿ ਛੱਪੜ ਕੰਢੇ ਚਾਨਣੀ ਰਾਤ ਨੂੰ ਮਿੱਠੇ ਜਿਹੇ ਮੌਸਮ ਵਿੱਚ ਅਸਮਾਨੋਂ ਉਤਰੀਆਂ ਪਰੀਆਂ ਨੱਚਦੀਆਂ ਸਨ।ਉਹਨਾਂ ਦੀ ਗਿੱਧੋ ਤੇ ਸੇਮੋਂ ਨੂੰ ਭਿਣਕ ਪੈ ਗਈ।ਇਹਨਾਂ ਨੇ ਉਹਨਾਂ ਪਾਸੋਂ ਨਾਚ ਸਿੱਖ ਲਿਆ।ਇਹਨਾਂ ਕੁੜੀਆਂ ਦੇ ਨਾਮ `ਤੇ ਗਿੱਧੋ ਤੋਂ ਗਿੱਧਾ ਤੇ ਸੇਮੋਂ ਤੋਂ ਸਿੰਮੀਂ ਨਾਚ ਪ੍ਰਚਲਤ ਹੋ ਗਿਆ।
       ਗਿੱਧਾ ਤਾਂ ਦੋਹਾਂ ਹੱਥਾਂ ਨਾਲ ਤਾਲੀ ਵਜਾਉਣ ਤੇ ਨਾਲ ਗਾਉਣ ਨੂੰ ਕਿਹਾ ਜਾਂਦਾ ਹੈ।ਇਸ ਦੇ ਪਾਉਣ ਦਾ ਕੋਈ ਸਮਾਂ ਸਾਰਣੀ ਨਹੀਂ ਹੈ।ਬੱਸ ਖੁਸ਼ੀ ਦਾ ਮੌਕਾ ਲੱਭਦਿਆਂ ਹੀ ਕੁੜੀਆਂ ਚਿੜੀਆਂ, ਭੈਣਾ ਭਰਜਾਈਆਂ, ਦਰਾਣੀਆਂ, ਜਠਾਣੀਆਂ, ਤਾਈਆਂ-ਚਾਚੀਆਂ, ਬੁੱਢੀਆਂ ਠੇਰੀਆਂ ਸਭ ਇਸ ਲਈ ਤਿਆਰ ਹੋ ਜਾਂਦੀਆਂ ਹਨ।ਮਾਈਆਂ ਤਾਂ ਪਤਾਲ ਵਿੱਚੋਂ ਵੀ ਬੋਲੀਆਂ ਕੱਢ ਲਿਆਉਂਦੀਆਂ ਹਨ।ਜਿੰਨਾਂ ਨੂੰ ਸੁਣ ਕੁੜੀਆਂ ਚਿੜੀਆਂ ਦੰਦਾ ਥੱਲੇ ਜੀਭ ਲੈ ਲੈਂਦੀਆਂ ਹਨ।ਸ਼ੌਂਕ ਦਾ ਗੇੜਾ ਭਾਵੇਂ ਉਹ ਦੇ ਨਹੀਂ ਸਕਦੀਆਂ, ਪਰ ਸਾਂਗ ਜ਼ਰੂਰ ਲਾ ਲੈਂਦੀਆਂ ਹਨ।
       ਮਲਵਈ ਗਿੱਧਾ ਬਾਬਿਆਂ ਦਾ ਵੀ ਮਸ਼ਹੂਰ ਹੈ। ਉਹਨਾਂ ਵੀ ਸ਼ਾਇਦ ਆਪਣੀਆਂ ਮਾਂਵਾਂ ਭੈਣਾ ਤੋਂ ਹੀ ਸਿੱਖਿਆ ਹੋਵੇ। ਪੰਜਾਬਣਾ ਭਾਵੇਂ ਏਧਰਲੇ ਪੰਜਾਬ ਦੀਆਂ ਹੋਣ ਤੇ ਭਾਵੇਂ ਓਧਰਲੇ ਪੰਜਾਬ ਦੀਆਂ, ਜਿੱਥੇ ਵੀ ਦੁਨੀਆਂ ਵਿੱਚ ਗਈਆਂ ਗਿੱਧਾਂ ਨਾਲ ਹੀ ਲੈ ਕੇ ਗਈਆਂ। ਓਥੋਂ ਦੇ ਵਾਸੀਆਂ ਨੂੰ ਸਿਖਾ ਦਿੱਤਾ।
       ਇਸ ਦੀ ਤਕਨੀਕ ਸਿੱਧੀ ਸਾਦੀ ਹੈ।ਜਗ੍ਹਾ ਅਨੁਸਾਰ ਕੁੜੀਆਂ ਇੱਕ ਦਾਇਰੇ ਵਿੱਚ ਖੜ ਜਾਂਦੀਆਂ ਹਨ ਤੇ ਦੋਨਾਂ ਹੱਥਾਂ ਨਾਲ ਤਾੜੀ, ਗਿੱਧਾ ਪਾਉਣਾ ਸ਼ੁਰੂ ਕਰ ਦੇਂਦੀਆਂ ਹਨ।ਜੇ ਘਰ ਵਿੱਚ ਖੁਸ਼ੀ ਦਾ ਸਮਾਂ ਹੋਵੇ ਤਾਂ ਇਹ ਘੜਾ, ਗਾਗਰ, ਤੇ ਢੋਲਕੀ ਵੀ ਨਾਲ ਵਜਾਉਂਦੀਆਂ ਹਨ। ਕਈ ਵਾਰ ਸ਼ਾਪ, ਰੋੜਾ ਜਾਂ ਚਮਚਾ ਵੀ ਗਾਗਰ `ਤੇ ਵੱਜਦੇ ਹਨ।ਜਦੋਂ ਇਹ ਤਾਲਮੇਲ ਬੱਝ ਜਾਂਦਾ ਹੈ ਤਾਂ ਇੱਕ ਜਾਂ ਦੋ ਕੁੜੀਆਂ ਬੋਲੀ ਪਾਉਂਦੀਆਂ ਹਨ ਤੇ ਬਾਕੀ ਹੁੰਗਾਰਾ ਦੇਂਦੀਆਂ ਹਨ।ਬੋਲੀ ਖਤਮ ਹੋਣ ਦੇ ਨਾਲ ਹੀ ਦੋ ਕੁੜੀਆਂ ਪਿੜ ਵਿੱਚ ਆ ਜਾਂਦੀਆਂ ਹਨ ਤੇ ਕਿੱਕਲੀ ਪਾ ਕੇ ਹਾਲੋ ਬੇਹਾਲ ਹੋ ਜਾਂਦੀਆਂ ਹਨ।ਖੜੀਆਂ ਬੀਬੀਆਂ ਉਤਨਾ ਚਿਰ ਟੱਪੇ ਨੂੰ ਦੁਹਰਾਈ ਜਾਂਦੀਆਂ ਹਨ ਜਦ ਤੱਕ ਉਹ ਕਿੱਕਲੀ ਪਾਉਣਾ ਬੱਸ ਨਹੀਂ ਕਰ ਦੇਂਦੀਆਂ।ਕਈ ਵਾਰ ਇੱਕਲੀ ਕੁੜੀ ਹੀ ਨੱਚ ਨੱਚ ਵਿਹੜਾ ਪੱਟ ਦਿੰਦੀ ਹੈ ਤੇ ਬਾਹਰ ਖਲੋਤੀਆਂ ਗਿੱਧਾ ਵੀ ਪਾਈ ਜਾਂਦੀਆਂ ਹਨ ਤੇ ਹੱਲਾਸ਼ੇਰੀ ਦੇਂਦੀਆਂ ਹਨ, “ਹਾਰੀ ਨਾ ਮਲਵੈਣੇ ਨੀ ਗਿੱਧਾ ਹਾਰ ਗਿਆ”। ਜਦੋਂ ਥੱਕ ਹਾਰ ਕੇ ਉਹ ਪਾਸੇ ਹੋ ਜਾਂਦੀ ਹੈ ਤਾਂ ਫਿਰ ਨਵੀ ਬੋਲੀ ਪੈਂਦੀ ਹੈ ਤੇ ਫਿਰ ਕੋਈ ਪਿੜ ਵਿੱਚ ਨੱਚਦੀ ਹੈ।
        ਸਾਵਣ ਦੇ ਮਹੀਨੇ ਵਿੱਚ ਕੁੜੀਆਂ ਕਿਸੇ ਛੱਪੜ ਦੇ ਕੰਡੇ ਬੋਹੜ-ਪਿੱਪਲ ਦੀ ਛਾਂ ਹੇਠਾਂ ਸੋਹਣੇ ਸੋਹਣੇ ਕੱਪੜੇ ਪਾ, ਸੱਜ ਫੱਬ ਕੇ ਇੱਕਠੀਆਂ ਹੁੰਦੀਆਂ ਹਨ।ਕਈ ਤਾਂ ਸਹੁਰਿਆਂ ਤੋਂ ਉਚੇਚਾ ਇਸ ਮਹੀਨੇ ਸਾਵਣ ਦੀਆਂ ਤੀਆਂ ਦਾ ਤਿਓਹਾਰ ਮਨਾਉਣ ਆਉਂਦੀਆਂ ਹਨ। ਐਤਵਾਰ ਨੂੰ 3-4 ਵਜੇ ਤੋਂ ਸ਼ਾਮ ਹਨੇਰਾ ਹੋਣ ਤੱਕ ਰੌਣਕ ਮੇਲਾ ਲੱਗਦਾ ਹੈ।ਉਸ ਵੱਕਤ ਏਧਰ ਗੱਭਰੂਆਂ ਦਾ ਜਾਣਾ ਵਿਵਰਜਤ ਹੁੰਦਾ ਹੈ।ਸਿਆਣੀ ਉਮਰ ਵਾਲੇ ਤਾਂ ਆਪ ਹੀ ਦੂਜੇ ਰਸਤੇ ਲੰਘ ਜਾਂਦੇ ਹਨ।ਪਰ ਫਿਰ ਵੀ ਗੱਭਰੂ ਆਨੇ ਬਹਾਨੇ ਇਸ ਦਾ ਝਲਕਾਰਾ ਲੈ ਹੀ ਲੈਂਦੇ ਹਨ।ਜੇ ਉਹ ਨਾ ਜਾਣ ਤਾਂ ਕੁੜੀਆਂ ਬੋਲੀ ਪਾ ਦੇਂਦੀਆਂ ਹਨ:-
                    ਤੀਰ ਤੀਰ ਤੀਰ, ਭੈਣਾਂ ਖੇਡਦੀਆਂ ਸ਼ਿਰਮਿੰਦੇ ਵੇਖਣ ਵੀਰ, ਭੈਣਾਂ ਖੇਡਦੀਆਂ।  
ਪਹਿਲੀ ਬੋਲੀ ਰਿਵਾਇਤੀ ਹੀ ਪਾਈ ਜਾਂਦੀ ਹੈ। ਜਿਵੇਂ:
               ਸੌਣ ਮਹੀਨੇ ਘਾਹ ਹੋ ਗਿਆ, ਰੱਝੀਆਂ ਮੱਝੀਆਂ ਗਾਈਂ,  ਗਿੱਧਿਆ ਪਿੰਡ ਵੜ ਵੇ, ਲਾਂਭ ਲਾਂਭ ਨਾ ਜਾਵੀਂ ।
 ਇੱਕ ਮੁਟਿਆਰ ਗਿੱਧੇ ਦੇ ਪਿੜ ਅੰਦਰ ਵੜਦੀ ਹੈ ਤੇ ਬੋਲੀ ਪਾਉਂਦੀ ਹੈ:-
              ਕਿੱਕਲੀ, ਕਿੱਕਲੀ, ਕਿੱਕਲੀ, ਸੁਲਫੇ ਦੀ ਲਾਟ ਵਰਗੀ, ਰੰਨ ਸ਼ੌਂਕ ਨਾ ਗਿੱਧੇ ਦੇ ਪਿੜ ਨਿਕਲੀ ।
ਇੱਕ ਰੰਨ ਨੇ ਘੁੰਡ ਕੱਢਿਆ ਹੋਇਆ ਸੀ, ਜੋ ਕੁੜੀਆਂ ਨੂੰ ਚੰਗਾ ਨਾ ਲੱਗਾ।ਇੱਕ ਕੁੜੀ ਨੇ ਘੁੰਡ ਚੁੱਕਣ ਲਈ ਬੋਲੀ ਪਾਈ :-
ਘੁੰਡ ਦਾ ਭਾਬੀਏ ਕੰਮ ਕੀ ਗਿੱਧੇ ਵਿੱਚ, ਸੱਭ ਤੇਰੀਆਂ ਦਿਲ ਜਾਨੀ, ਜਾਂ ਘੁੰਡ ਕੱਢਦੀ ਬਹੁਤੇ ਰੂਪ ਵਾਲੀ, ਜਾਂ ਕੱਢਦੀ ਅੰਨੀ ਕਾਣੀ,
ਤੂੰ ਤਾਂ ਮੈਨੂੰ ਦਿਸੇ ਸ਼ਕੀਨਨ, ਮੈਂ ਘੁੰਡ ਵਿੱਚ ਅੱਖ ਪਛਾਣੀ, ਖੁਲ੍ਹ ਕੇ ਨੱਚ ਲੈ ਨੀ, ਬਣ ਜਾ ਗਿੱਧੇ ਦੀ ਰਾਣੀ।
ਭਾਬੀ ਤੇ ਪਤਾ ਨਹੀਂ ਘਰਦਿਆਂ ਦਾ ਕੀ ਛੱਪਾ ਪਿਆ ਸੀ।ਉਹ ਕਹਿੰਦੀ ਮੈਨੂੰ ਨੱਚਣਾ ਨਹੀਂ ਆਉਂਦਾ।ਫਿਰ ਇੱਕ ਹੋਰ ਕੁੜੀ ਬੋਲੀ ਪਾਈ :-
         ਉੜਦਾ ਉੜਦਾ ਮੋਰ ਮੇਰੀ ਚੀਂਚੀਂ ਉੱਤੇ ਬਹਿ ਗਿਆ, ਛੂੰ ਛਾਂ ਕਰਕੇ ਉਡਾ ਦਿਆਂਗੇ,
         ਜੇ ਤੈਨੂੰ ਨੱਚਣਾ ਨਹੀਂ ਆਉਂਦਾ, ਤੈਨੂੰ ਨੱਚਣਾ ਸਿਖਾ ਦਿਆਂਗੇ।
ਭਾਬੀ ਨੇ ਵੀ ਨਨਾਣ ਨੂੰ ਬੋਲੀ ਵਿੱਚ ਲਪੇਟ ਲਿਆ:-
       ਟੱਪੂੰ ਟੱਪੂੰ ਤੂੰ ਕਰਦੀ ਰਹਿੰਦੀ, ਉਲਟੀ ਲੂਤੀ ਵੀਰ ਨੂੰ ਲਾਈ ਨਣਦੇ, ਰਾਤੀ ਤੂੰ ਮੈਨੂੰ ਮਾਰ ਪੁਆਈ ਨਣਦੇ।
ਫਿਰ ਮੀਤੋ ਤੇ ਗੁਣਾ ਪੈ ਗਿਆ।ਉਹ ਨਾ ਨੁਕਰ ਕਰੇ। ਕਿਸੇ ਨੇ ਬੋਲੀ ਪਾਈ:
      ਜੇ ਮੀਤੋ ਤੈਨੂੰ ਨੱਚਣਾ ਨਹੀਂ ਆਉਂਦਾ, ਦੇ ਦੇ ਸ਼ੌਂਕ ਦਾ ਗੇੜਾ,  ਲਾਟੂ ਕੀ ਕਰਨਾ, ਤੇਰਾ ਚਾਨਣ ਹੋ ਜਾਊ ਬਥੇਰਾ।
      ਝਾਵਾਂ ਝਾਵਾਂ ਝਾਵਾਂ ਝਾਜਰ ਬਣ ਮਿੱਤਰਾ, ਤੈਨੂੰ ਬੜੇ ਸ਼ੌਂਕ ਨਾਲ ਪਾਵਾਂ, ਝਾਜਰ ਬਣ ਮਿਤਰਾ।
ਇੱਕ ਭਾਬੀ ਦੇ ਕੋਈ ਨਿਆਣਾ ਨਹੀਂ ਸੀ ਹੋਇਆ।ਕਿਸੇ ਨੇ ਉਸ ਨੂੰ ਲਾ ਕੇ ਬੋਲੀ ਪਾਈ :-
      ਬੇਰੀਆਂ ਨੂੰ ਬੇਰ ਲੱਗ ਗਏ ਤੈਨੂੰ ਕੁਝ ਨਾ ਲੱਗਾ ਮੁਟਿਆਰੇ, ਨੀ ਬੇਰੀਆਂ ਨੂੰ ਬੇਰ ਲੱਗ ਗਏ, ਨੀ ਪੰਜੇਬਾਂ ਵਾਲੀਏ।
ਇਸ ਦਾ ਉੱਤਰ ਤੜੱਕ ਦਿੱਤੀ ਭਾਬੀ ਨੇ ਦਿੱਤਾ :- ਵਾਲੀ, ਵਾਲੀ, ਵਾਲੀ, ਨਸ਼ਿਆ ਨੇ ਮਾਹੀ ਖਾ ਲਿਆ, ਕੀ ਕਰੂਗੀ ਪੰਜੇਬਾਂ ਵਾਲੀ।
 ਬੀਬੀ ਜੀਤੋ ਨੂੰ ਨੱਚਣ ਨੁੂੰ ਕਿਹਾ ਤਾਂ ੳੇਹ ਕਹਿੰਦੀ ਮੈਨੂੰ ਨੱਚਣਾ ਨਹੀਂ ਆਉਂਦਾ।ਕਿਸੇ ਨੇ ਬੋਲੀ ਪਾਈ :-
 ਜੇ ਜੀਤੋ ਤੈਨੂੰ ਨੱਚਣਾ ਨਹੀਂ ਸੀ ਆਉਂਦਾ, ਕਾਸ ਨੂੰ ਗਿਧੇ ਵਿੱਚ ਆਈ, ਡਾਰ ਜੁਆਕਾਂ ਦੀ ਲੱਡੂ ਖਾਣ ਨੂੰ ਲਿਆਈ…..
 
           ਸੌਣ ਮਹੀਨੇ ਦਿਨ  ਗਿੱਧੇ ਦੇ, ਸੱਭੇ ਸਹੇਲੀਆਂ ਆਈਆਂ,
           ਭਿੱਜ ਗਈ ਰੂਹ ਮਿਤਰਾ, ਸ਼ਾਮ ਘੱਟਾ ਚੜ੍ਹ ਆਈਆਂ, ਭਿੱਜ ਗਈ ਰੂਹ ਮਿੱਤਰਾ।
ਨੱਚਣ ਕੁੱਦਣ ਝੂਟਣ ਪੀਘਾਂ, ਵੱਡਿਆਂ ਘਰਾਂ ਦੀਆਂ ਜਾਈਆਂ
ਪਾਣੀ ਪਿਲਾ ਦੇ ਮਿੱਤਰਾ, ਕੂੰਜਾਂ ਮਰਨ ਤਿਹਾਈਆਂ ।  
         ਵੀਰਾਂ ਦੇ ਦਿਨ ਸ਼ਗਨਾਂ ਵਾਲੇ, ਭੈਣੋਂ ਆਓ ਸ਼ਗਨ ਮਨਾਈਏ,
         ਗਿੱਧਾ ਪਾ-ਪਾ ਕੇ, ਦਿਲ ਦੀਆਂ ਖੋਲ੍ਹ ਸੁਣਾਈਏ।  
ਗਿੱਧਾ ਗਿੱਧਾ ਕਰੇਂ ਮੇਲਣੇ, ਗਿੱਧਾ ਪਊ ਬਥੇਰਾ, ਲੋਕ ਘਰਾਂ ਤੋਂ ਉੱਠ ਕੇ ਆ ਗਏ, ਕੀ ਬੁੱਢਾ, ਕੀ ਠੇਰਾ,
ਝਾਤੀ ਮਾਰ ਕੇ ਵੇਖ ਮੇਲਣੇ, ਭਰਿਆ ਪਿਆ ਬਨੇਰਾ, ਨੱਚ ਕੇ ਵਖਾ ਮੇਲਣੇ, ਦੇ-ਦੇ ਸ਼ੌਂਕ ਦਾ ਗੇੜਾ।
ਘਰ ਵਿੱਚ ਜੁਆਈ ਭਾਈ ਆਇਆ ਸੀ ਉਹ ਵੀ ਏਧਰ ਆ ਵੜਿਆ।ਕੁੜੀਆਂ ਬੋਲੀ ਪਾ ਦਿੱਤੀ :
       ਜੀਜਾ ਵਾਰ ਦੇ ਦਵਾਨੀ ਖੋਟੀ, ਗਿੱਧੇ ਵਿੱਚ ਸਾਲੀ ਨੱਚਦੀ
       ਜੀਜਾ ਲੱਕ ਖੁਰਕਦਾ ਆਵੇ, ਮੇਰੇ ਭਾਅ ਦਾ ਨੋਟ ਕੱਢਦਾ।
       ਜੇ ਜੀਜਾ ਜੀ ਸਾਡੇ ਵੰਗਾ ਚੜਾੳੇਣੀਆਂ, ਵੰਗਾਂ ਚੜ੍ਹਾ ਦੇ ਕਾਲੀਆਂ ਵੇ, ਅਸੀਂ ਮਲੰਗ ਜੀਜੇ ਦੀਆਂ ਸਾਲੀਆਂ ਵੇ।
ਇੱਕ ਚੋਬਰ ਅੇਵੈਂ ਹੀ ਘੁਸੜਦਾ ਫਿਰੇ, ਉਸ ਲਈ ਬੋਲੀ ਪਾਈ :- ਲੱਤ ਮਾਰੂੰਗੀ ਪੰਜੇਬਾਂ ਵਾਲੀ, ਪਰ੍ਹੇ ਹੋ ਜਾ ਚੱਠੂ ਵੱਟਿਆ।
ਇੱਕ ਹੋਰ ਪਿਆਰਾ ਨਾਜ਼ਰ ਆ ਰਿਹਾ ਸੀ:-
      ਆ ਵੇ ਨਾਜ਼ਰਾ, ਬਹਿ ਵੇ ਨਾਜ਼ਰਾ, ਵੇ ਬੋਤਾ ਬੰਨ  ਦਰਵਾਜੇ, ਬੋਤੇ ਤੇਰੇ ਨੂੰ ਭੋਅ ਦਾ ਟੋਕਰਾ, ਤੇੈਨੂੰ ਪੰਜ ਪ੍ਰਸਾਦੇ,
      ਗਿੱਧੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜੇ।
 ਇੱਕ ਹੋਰ ਕੁੜੀ ਨੇ ਬੋਲੀ ਪਾ ਦਿੱਤੀ:-
     ਰਾਤੀਂ ਸਿਨੇਮਾ ਵੇਖਣ ਗਿਆ ਨੀ ਨਾ ਗਿਆ ਦੱਸ ਕੇ, ਉਹਨੇ ਬੂਹਾ ਖੜਕਾਇਆ, ਮੈਂ ਪਈ ਰਹੀ ਰਜਾਈ ਨੱਪਕੇ,
     ਮੈਂ ਵੀ ਕੁੰਡਾ ਨਾ ਖੋਲਿਆ, ਆ ਗਿਆ ਕੰਧ ਟੱਪ ਕੇ, ਮੈਂ ਵੀ ਮੁੱਖ ਤੋਂ ਨਾ ਬੋਲੀ, ਮਾਰਿਆ ਹੂਰਾ ਵੱਟ ਕੇ
     ਮੈਂ ਵੀ ਬਾਪੂ ਜੀ ਹਾਕ ਮਾਰੀ, ਬਾਪੂ ਆਇਆ ਨੱਸ ਕੇ,
     ਛੋਲੇ ਛੋਲੇ ਛੋਲੇ, ਲਾੜੇ ਜੀ ਦੇ ਪੈਣ ਜੁੱਤੀਆਂ, ਕੋਈ ਨਾ ਬਰਾਬਰ ਬੋਲੇ …….।
 ਇਸ ਤੋਂ ਬਾਦ ਤਾਂ ਫਿਰ ਚੱਲ ਸੋ ਚੱਲ ਹੋ ਗਈ:-
     ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ ਇੱਕ ਤੋਂ ਇੱਕ ਮੁਟਿਆਰਾਂ,
     ਚਾਨਣ ਦੇ ਵਿੱਚ ਏਦਾਂ ਚਮਕਣ ਜਿਉਂ ਸੋਨੇ ਦੀਆਂ ਤਾਰਾਂ,
     ਦੋਹਰੀਆਂ ਹੋ ਹੋ ਨੱਚਣ ਕੁੜੀਆਂ ਜਿਉਂ ਹਿਰਨਾਂ ਦੀਆਂ ਡਾਰਾਂ, ਜ਼ੋਰ ਜਵਾਨੀ ਦਾ ਲੁੱਟ ਲਓ ਮੌਜ ਬਹਾਰਾਂ।

Manjit S Sondh

 

 

ਮਨਜੀਤ ਸਿੰਘ ਸੌਂਦ
ਟਾਂਗਰਾ ਜਿਲਾ ਅੰਮ੍ਰਿਤਸਰ।
ਮੋ- 98037 61451

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply