ਜਿਲ੍ਹੇ `ਚ ਫਲੱਡ ਕੰਟਰੋਲ ਰੂਮ ਕਾਇਮ, ਅਧਿਕਾਰੀਆਂ ਨੂੰ ਬਿਨਾਂ ਦੱਸੇ ਸਟੇਸ਼ਨ ਨਾ ਛੱਡਣ ਦੀ ਹਦਾਇਤ
ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਵਿਚ ਹੜਾਂ ਤੋਂ ਜਾਨ-ਮਾਲ ਦੀ ਰਾਖੀ ਲਈ ਯੋਜਨਾਬੰਦੀ ਕਰਦੇ ਹੋਏ ਹਦਾਇਤ ਕੀਤੀ ਕਿ ਲੋਕਾਂ ਨਾਲ ਜੁੜੇ ਵਿਭਾਗਾਂ ਦੇ ਅਧਿਕਾਰੀ ਬਿਨਾਂ ਆਗਿਆ ਲਏ ਸ਼ਟੇਸ਼ਨ ਨਾ ਛੱਡਣ।ਉਨਾਂ ਦੱਸਿਆ ਕਿ ਫਿਲਹਾਲ ਜ਼ਿਲ੍ਹੇ ਵਿਚ ਹੜ੍ਹ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਰਾਵੀ ਦਰਿਆ ਜੋ ਕਿ ਤਿੰਨ ਲੱਖ ਕਿੳੂਸਿਕ ਪਾਣੀ ਅਸਾਨੀ ਨਾਲ ਝੱਲ ਸਕਦਾ ਹੈ, ਵਿੱਚ ਅੱਜ ਸਵੇਰੇ 10.00 ਵਜੇ 98000 ਕਿੳੂਸਿਕ ਪਾਣੀ ਸੀ ਅਤੇ ਦੁਪਿਹਰ ਤੱਕ ਇਹ ਪਾਣੀ ਕੇਵਲ 47000 ਕਿੳੂਸਿਕ ਪਾਣੀ ਰਹਿ ਗਿਆ ਸੀ ਉਨਾਂ ਸਪੱਸ਼ਟ ਕੀਤਾ ਕਿ ਭਾਖੜਾ ਬੰਨ ਤੋਂ ਛੱਡੇ ਗਏ ਪਾਣੀ ਦਾ ਅੰਮ੍ਰਿਤਸਰ ਜਿਲ੍ਹੇ ਨੂੰ ਰਤੀ ਭਰ ਵੀ ਖਤਰਾ ਨਹੀਂ ਹੈ, ਕਿਉਂਕਿ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਨੂੰ ਰਾਵੀ ਦਰਿਆ ਦਾ ਪਾਣੀ ਹੀ ਪ੍ਰਭਾਵਿਤ ਕਰਦਾ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਹੈ।ਉਨਾਂ ਦੱਸਿਆ ਕਿ ਫਿਰ ਵੀ ਅਸੀਂ ਭਵਿੱਖਬਾਣੀ ਨੂੰ ਧਿਆਨ ਵਿਚ ਰੱਖਦੇ ਹੋਏ ਜਿੱਥੇ ਸਿਵਲ ਤੇ ਪੁਲਿਸ ਵਿਭਾਗ ਨੇ ਵਿਉਂਤਬੱਧੀ ਕਰ ਲਈ ਹੈ, ਉਥੇ ਹੰਗਾਮੀ ਹਾਲਤ ਲਈ ਤਿਆਰ ਰਹਿਣ ਵਾਸਤੇ ਫੌਜ ਅਤੇ ਬੀ.ਐਸ.ਐਫ ਨਾਲ ਵੀ ਰਾਬਤਾ ਕਰ ਲਿਆ ਹੈ।
ਉਨਾਂ ਫਿਰ ਵੀ ਜ਼ਿਲ੍ਹੇ ਵਿਚ ਹੜ੍ਹਾਂ ਦੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੇ ਮੰਤਵ ਨਾਲ ਵਧੀਕ ਡਿਪਟੀ ਕਮਿਸ਼ਨਰਾਂ, ਸਾਰੇ ਐਸ ਡੀ ਐਮ, ਡੀ.ਆਰ.ਓ, ਸਿਹਤ, ਪਸ਼ੂ ਪਾਲਣ, ਖੇਤੀਬਾੜੀ, ਨਹਿਰੀ ਸਿੰਚਾਈ ਵਿਭਾਗ, ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਤਰਾਂ ਦੀ ਵਿਉਂਤਬੰਦੀ ਬਾਰੇ ਵਿਚਾਰਾਂ ਕੀਤੀਆਂ।ਉਨਾਂ ਐਸ.ਡੀ.ਐਮ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਵਿਚ ਉਨਾਂ ਇਲਾਕਿਆਂ ਦਾ ਅੱਜ ਹੀ ਦੌਰਾ ਕਰਨ, ਜਿੱਥੇ ਕਿ ਪਾਣੀ ਆਉਣ ਜਾਂ ਖ਼ੜਨ ਦੀ ਸੰਭਾਵਨਾ ਰਹਿੰਦੀ ਹੈ।ਉਨਾਂ ਦੱਸਿਆ ਕਿ ਜਿਲ੍ਹੇ ਪੱਧਰ ਉਤੇ ਹੜ੍ਹ ਕੰਟਰੋਲ ਰੂਮ, ਜਿਸਦਾ ਨੰਬਰ 0183-2229125 ਲਗਾਤਾਰ ਕੰਮ ਕਰ ਰਿਹਾ ਹੈ ਅਤੇ ਜਿਸ ਵੀ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਆਵੇ, ਉਹ 24 ਘੰਟੇ ਚੱਲਦੇ ਇਸ ਨੰਬਰ ਉਤੇ ਸੂਚਨਾ ਦੇ ਸਕਦਾ ਹੈ।
ਢਿਲੋਂ ਨੇ ਕਿਹਾ ਕਿ ਦਰਿਆਵਾਂ ਦੇ ਨਾਲ ਲਗਦੀਆਂ ਸਬ ਡਵੀਜ਼ਨਾਂ ਅਜਨਾਲਾ ਅਤੇ ਬਾਬਾ ਬਕਾਲਾ ਦੇ ਐਸ.ਡੀ.ਐਮ ਆਪੋ-ਆਪਣੀਆਂ ਸਬ ਡਵੀਜ਼ਨਾਂ ਦੀ ਯੋਜਨਾਬੰਦੀ ਤਿਆਰ ਰੱਖਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਤੁਰੰਤ ਰਾਹਤ ਦਿੱਤੀ ਜਾ ਸਕੇ।
ਉਨਾਂ ਪੁਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੇ ਚਾਰੇ ਅਤੇ ਦਵਾਈਆਂ ਲਈ ਪ੍ਰਬੰਧ ਕਰਨ, ਪਾਵਰਕਾਮ ਨੂੰ ਰਾਹਤ ਕੈਪਾਂ ਵਿਚ ਬਿਜਲੀ ਸਪਲਾਈ ਯਕੀਨੀ ਬਣਾਉਣ, ਸਿਵਲ ਸਪਲਾਈ ਵਿਭਾਗ ਨੂੰ ਹੜ੍ਹਾਂ ਤੋ ਪ੍ਰਭਾਵਿਤ ਲੋਕਾਂ ਦੀ ਜਰੂਰਤ ਲਈ ਲੋੜ ਅਨੁਸਾਰ ਕੈਰੋਸੀਨ, ਡੀਜ਼ਲ, ਪੈਟਰੋਲ, ਤਰਪਾਲਾਂ, ਰਾਸ਼ਨ ਅਤੇ ਹੋਰ ਖਾਣ-ਪੀਣ ਦੀਆ ਵਸਤੂਆਂ, ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕੈਪਾਂ ਲਈ ਦਵਾਈਆਂ ਅਤੇ ਮੈਡੀਕਲ ਟੀਮਾਂ ਦਾ ਢੁਕਵਾਂ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਕਿਸ਼ਤੀਆਂ, ਚੱਪੂ, ਲਾਈਫ ਜੈਕਟਾਂ, ਬੋਰੇ, ਰੱਸੀਆਂ ਆਦਿ ਦਾ ਪ੍ਰਬੰਧ ਕਰਨ ਦੇ ਵੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਐਸ.ਡੀ.ਐਮ ਵਿਕਾਸ ਹੀਰਾ, ਐਸ.ਡੀ.ਐਮ ਰਜਤ ਉਬਰਾਏ, ਐਸ.ਡੀ.ਐਮ ਅਸ਼ੋਕ ਕੁਮਾਰ, ਐਸ.ਡੀ.ਐਮ ਸ੍ਰੀਮਤੀ ਅਲਕਾ ਕਾਲੀਆ, ਡੀ.ਆਰ.ਓ ਮੁਕੇਸ਼ ਕੁਮਾਰ, ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ, ਐਕਸੀਅਨ ਸਿੰਚਾਈ ਵਿਭਾਗ ਕੁਲਵਿੰਦਰ ਸਿੰਘ, ਸਿਵਲ ਸਰਜਨ ਹਰਦੀਪ ਸਿੰਘ ਘਈ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।