ਧੂਰੀ, 2 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ-ਲੁਧਿਆਣਾ ਰੋਡ ‘ਤੇ ਬੱਬਨਪੁਰ ਪੁਲ ਦੇ ਨਜ਼ਦੀਕ ਅੱਜ ਸੈਂਕੜੇ ਟੈਟ ਪਾਸ ਬੇਰੁਜਗਾਰ ਅਧਿਆਪਕਾਂ ਵੱਲੋਂ ਧਰਨਾ ਲਾ ਕੇ ਜਿੱਥੇ ਸੂਬਾ ਸਰਕਾਰ ਖਿਲਾਫ ਰੋਸ ਜਾਹਰ ਕੀਤਾ ਗਿਆ, ੳੱਥੇ ਹੀ ਇਸ ਧਰਨੇ ਨਾਲ ਟ੍ਰੈਫਿਕ ਜਾਮ ਕਾਰਨ ਹਜ਼ਾਰਾਂ ਵਾਹਨ ਚਾਲਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਹਰਦੀਪ ਸਿੰਘ ਟੋਡਰਪੁਰ, ਅਮਨਦੀਪ ਸਿੰਘ ਸੇਖਾ, ਦੀਪਕ ਕੰਬੋਜ, ਸੰਦੀਪ ਸਾਮਾ, ਗੁਰਸਿਮਰਤ ਸਿੰਘ, ਮਨੀ ਸਿੰਘ, ਆਰੂਸੀ ਕੋਹਲੀ ਆਦਿ ਟੈਟ ਪਾਸ ਬੁਲਾਰਿਆਂ ਨੇ ਸੂਬਾ ਸਰਕਾਰ ਖਿਲਾਫ ਰੋਸ ਜਾਹਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਜਿਹੜੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਹੁਣ ਉਹ ਵਾਅਦਿਆਂ ਤੋਂ ਮੁਕਰ ਰਹੀ ਹੈ।ਪਿਛਲੇ ਦਿਨੀਂ ਸਰਕਾਰ ਵੱਲੋਂ 6 ਹਜ਼ਾਰ ਟੈਟ ਪਾਸ ਅਸਾਮੀਆਂ ਭਰਣ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਬਹੁਤ ਹੀ ਘੱਟ ਹਨ।ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅਸਾਮੀਆਂ ਦੀ ਗਿਣਤੀ ਵਧਾ ਕੇ ਬੇਰੁਜਗਾਰ ਟੈਟ ਪਾਸ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ।ਉਹਨਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਸੀਂ ਧਰਨੇ ‘ਤੇ ਬੈਠੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ।ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।ਇਸ ਧਰਨੇ ਕਾਰਨ ਇਸ ਰਸਤੇ ਤੋਂ ਲੰਘਣ ਵਾਲੇ ਹਜਾਰਾਂ ਵਾਹਨਾਂ ਨੂੰ ਵੱਖ-ਵੱਖ ਪਿੰਡਾਂ ਵਿੱਚੋਂ ਲੰਘ ਕੇ ਆਪਣੀ ਮੰਜਲ ‘ਤੇ ਜਾਣਾ ਪਿਆ।
ਜ਼ਿਕਰਯੋਗ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਮੌਕੇ ‘ਤੇ ਪਹੁੰਚੀ ਹੋਈ ਸੀ।ਫਿਲਹਾਲ ਬੇਰੁਜਗਾਰ ਨੌਜਵਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਸੀ ਅਤੇ ਪ੍ਰਸ਼ਾਸਨ ਮਾਮਲੇ ਨੂੰ ਜ਼ਲਦੀ ਤੋਂ ਜ਼ਲਦੀ ਨਿਪਟਾ ਕੇ ਧਰਨਾ ਖਤਮ ਕਰਵਾ ਕੇ ਆਵਾਜਾਈ ਬਹਾਲ ਕਰਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …