ਅੰਮ੍ਰਿਤਸਰ, 5 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ’ਤੇ ਸੰਗਰੂਰ ਦੇ ਗਿਦੜਿਆਣੀ ’ਚ ਸਮਾਗਮ ਰੋਕਣ ਸਬੰਧੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਲਗਾਏ ਗਏ ਦੋਸ਼ ਬਿਲਕੁੱਲ ਬੇਬੁਨਿਆਦ ਹਨ।
ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਜੇਕਰ ਢੱਡਰੀਆਂ ਵਾਲੇ ਪਾਸ ਇਸ ਸਬੰਧੀ ਕੋਈ ਸਬੂਤ ਹੈ ਤਾਂ ਉਹ ਜਨਤਕ ਕਰੇ।ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਖੁਦ ਹੀ ਆਪਣੇ ਵਿਰੋਧ ਲਈ ਜ਼ਿੰਮੇਵਾਰ ਹੈ, ਕਿਉਂਕਿ ਉਹ ਸਿੱਖੀ ਪ੍ਰਚਾਰ ਦੇ ਨਾਮ ’ਤੇ ਸਿੱਖ ਰਵਾਇਤਾਂ, ਸੰਸਥਾਵਾਂ, ਇਤਿਹਾਸ ਅਤੇ ਗੁਰਬਾਣੀ ਤੇ ਕਿੰਤੂ ਕਰਦਾ ਹੈ।ਇਸੇ ਕਰਕੇ ਹੀ ਸੰਗਤ ਵਲੋਂ ਉਸ ਦਾ ਵਿਰੋਧ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਸਰਵਉੱਚ ਅਸਥਾਨ ਹਨ ਅਤੇ ਢੱਡਰੀਆਂ ਵਾਲਾ ਆਪਣੀ ਹਉਮੈ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਦੇ ਰਾਹ ਤੁਰਿਆ ਹੋਇਆ ਹੈ।ਉਸ ਦੇ ਪ੍ਰਚਾਰ ਨਾਲ ਦੇਸ਼-ਦੁਨੀਆਂ ’ਚ ਵੱਸਦੀ ਸੰਗਤ ਅੰਦਰ ਰੋਸ ਅਤੇ ਰੋਹ ਦੀ ਲਹਿਰ ਹੈ।ਨਾ ਤਾਂ ਉਹ ਕਿਸੇ ਨਾਲ ਬੈਠ ਕੇ ਵਿਚਾਰ-ਚਰਚਾ ਕਰਨੀ ਚਾਹੁੰਦਾ ਹੈ ਅਤੇ ਨਾ ਹੀ ਮਨਘੜਤ ਗੱਲਾਂ ਬਾਰੇ ਸਪੱਸ਼ਟ ਕਰਨ ਨੂੰ ਤਿਆਰ ਹੈ।ਜੇਕਰ ਸਿੱਖ ਪ੍ਰਚਾਰਕ ਹੀ ਸਿੱਖ ਸੰਗਤਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਉਣਗੇ ਤਾਂ ਉਸ ਦਾ ਵਿਰੋਧ ਹੋਣਾ ਕੁਦਰਤੀ ਹੈ।ਸ਼੍ਰੋਮਣੀ ਕਮੇਟੀ ਬੁਲਾਰੇ ਨੇ ਕਿਹਾ ਕਿ ਇਕੱਲਾ ਢੱਡਰੀਆਂ ਵਾਲਾ ਹੀ ਨਹੀਂ ਸਗੋਂ ਉਸ ਦੇ ਕੁੱਝ ਹੋਰ ਚੇਲੇ ਵੀ ਸਿੱਖੀ ਵਿਰੁੱਧ ਬੋਲ ਰਹੇ ਹਨ।ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲੇ ਨੂੰ ਆਪਣੀ ਹਉਮੈ ਦਾ ਤਿਆਗ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ।
ਉਨ੍ਹਾਂ ਦੇਸ਼-ਵਿਦੇਸ਼ ’ਚ ਵੱਸਦੀ ਸਿੱਖ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਭਾਈ ਢੱਡਰੀਆਂ ਵਾਲੇ ਦੇ ਨਾਲ-ਨਾਲ ਇਸ ਦੀ ਸ਼ਹਿ ’ਤੇ ਸਿੱਖੀ ਨੂੰ ਚੁਣੌਤੀ ਦੇਣ ਵਾਲਿਆਂ ਮੂੰਹ ਨਾ ਲਗਾਉਣ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …