ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨ ਦੀ ਲੋੜ – ਪ੍ਰਿ. ਮਹਿਲ ਸਿੰਘ
ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਜਨਵਾਦੀ ਲੇਖਕ ਸੰਘ, ਪੰਜਾਬੀ ਸਾਹਿਤ ਸੰਗਮ ਅਤੇ ਪੰਜਾਬੀ ਅਧਿਅਨ ਵਿਭਾਗ ਖਾਲਸਾ ਕਾਲਜ਼ ਵਲੋਂ ਪ੍ਰਮੁੱਖ ਕਾਲਮ ਨਵੀਸ ਅਤੇ ਵਾਰਤਕ ਲੇਖਕ ਮਨਮੋਹਨ ਸਿੰਘ ਢਿਲੋਂ ਦੀ ਨਵ-ਪ੍ਰਕਾਸ਼ਤ ਨਿਬੰਧ-ਪੁਸਤਕ `ਜ਼ਿੰਦਗੀ ਦੇ ਆਰ-ਪਾਰ` ਤੇ ਵਿਚਾਰ ਚਰਚਾ ਕਰਵਾਈ ਗਈ।
ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਏ ਇਸ ਅਦਬੀ ਸਮਾਗਮ `ਚ ਸਵਾਗਤੀ ਸ਼ਬਦ ਬੋਲਦਿਆਂ ਪ੍ਰਿੰਸੀਪਲ. ਡਾ. ਮਹਿਲ ਸਿੰਘ ਨੇ ਕਿਹਾ ਕਿ ਅਜੋਕੀ ਨੱਠ-ਭਜ ਵਾਲੀ ਜੀਵਨ ਸ਼ੈਲੀ `ਚ ਸਹਿਜ਼ਤਾ ਬਖਸ਼ਣ ਲਈ ਪੁਸਤਕ ਸਭਿਆਚਾਰ ਪ੍ਰਫੁਿਲਤ ਕਰਨ ਦੀ ਲੋੜ ਹੈ।
ਚਰਚਾ ਅਧੀਨ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੀਪ ਦੇਵਿੰਦਰ ਸਿੰਘ ਨੇ ਕਿਹਾ `ਜ਼ਿੰਦਗੀ ਦੇ ਆਰ-ਪਾਰ` ਦੀ ਨਿਬੰਧ ਲੇਖਣੀ ਉਤਮ ਦਰਜ਼ੇ ਦੀ ਵਾਰਤਕ ਹੈ।ਸਮਾਗਮ ਦੇ ਮੁੱਖ ਵਕਤਾ ਡਾ. ਪਰਮਿੰਦਰ ਨੇ ਵਿਚਾਰ ਚਰਚਾ ਦਾ ਅਗਾਜ਼ ਕਰਦਿਆਂ ਕਿਹਾ ਕਿ ਮਨਮੋਹਨ ਢਿਲੋਂ ਪੁਖਤਾ ਲੇਖਣੀ ਰਾਹੀਂ ਮਾਨਵੀ ਵਿਵਹਾਰ ਅਤੇ ਕਿਰਦਾਰ ਦੀ ਖੂਬਸੂਰਤ ਤਸਵੀਰ-ਕਸ਼ੀ ਪੈਦਾ ਕਰਦਾ ਹੈ, ਜਿਹੜੀ ਅਪਣੇ ਮੌਲਿਕ ਅੰਦਾਜ਼ `ਚ ਰੂਪਮਾਨ ਹੁੰਦਿਆਂ ਪਾਠਕ ਦੇ ਧੁਰ ਅੰਦਰ ਲਹਿ ਜਾਣ ਦੀ ਜੁਗਤ ਰੱਖਦੀ ਹੈ।
ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕਿਹਾ ਕਿ ਪੁਸਤਕ ਵਿਚਲੇ ਸਮੁੱਚੇ ਨਿਬੰਧ ਵਿਚਾਰਧਾਰਕ ਪੱਧਰ ‘ਤੇ ਗਹਿਰਾ ਪ੍ਰਭਾਵ ਛੱਡਦੇ ਹਨ ਅਤੇ ਆਪਣੇ ਆਲੇ ਦੁਆਲੇ ਵਾਪਰ ਰਹੇ ਗੈਰ ਮਨੁੱਖੀ ਵਰਤਾਰਿਆਂ ਨੂੰ ਭੰਡਦਿਆਂ ਮਾਨਵੀ ਕਦਰਾਂ ਕੀਮਤਾਂ ਦੀ ਚੇਤਨਾ ਪੈਦਾ ਕਰਦੇ ਹਨ।
ਡਿਪਟੀ ਡਰਾਇਕਟਰ ਉਚੇਰੀ ਸਿੱਖਿਆ ਡਾ. ਲ਼ਖਵਿੰਦਰ ਗਿਲ ਦੇ ਲਿਖੇ ਪਰਚੇ ਨੂੰ ਪੇਸ਼ ਕਰਦਿਆਂ ਡਾ. ਹੀਰਾ ਸਿੰਘ ਨੇ ਕਿਹਾ ਕਿ ਲੇਖਕ ਆਪਣੀ ਲੇਖਣੀ ਰਾਹੀਂ ਨਾਂਹ ਪੱਖੀ ਵਰਤਾਰਿਆਂ `ਚ ਵੀ ਨਵੀਂ ਆਸ ਦੀ ਕਿਰਨ ਜਗਾਉਂਦਾ ਹੈ।ਸ਼ਾਇਰ ਮਲਵਿੰਦਰ ਅਤੇ ਡਾ. ਸੁਖਦੇਵ ਢੰਡ ਨੇ ਕਿਹਾ ਕਿ ਅਜਹਿਆਂ ਪੁਸਤਕਾਂ ਨਪੀੜੀਆਂ ਜਾ ਰਹੀਆਂ ਧਿਰਾਂ ਦੀ ਅਵਾਜ਼ ਬਣਦੀਆਂ ਹਨ।ਅਰਤਿੰਦਰ ਸੰਧੂ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਪੁਸਤਕ ਵਿਚ ਗਹਿਰ ਗੰਭੀਰ ਅਨੁਭਵਾਂ ਨੂੰ ਚਿਤਰਮਾਨ ਕਰਦਿਆਂ ਲੇਖਕ ਨੇ ਵਧੀਆ ਭਾਸ਼ਾ ਸ਼ੈਲੀ ਵਰਤੀ ਹੈ।ਡਾ. ਭੁਪਿੰਦਰ ਸਿੰਘ ਫੇਰੂਮਾਨ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਲੇਖਕ ਨੂੰ ਵਧਾਈ ਦੇਂਦਿਆਂ ਕਿਹਾ ਕਿ ਅਜਿਹੀਆਂ ਸੰਜ਼ੀਦਾ ਪੁਸਤਕਾਂ ਭਾਸ਼ਾ ਦੀ ਤਰੱਕੀ ਵਿੱਚ ਵੀ ਅਹਿਮ ਯੋਗਦਾਨ ਪਾਉਂਦੀਆਂ ਹਨ।ਡਾ. ਆਤਮ ਰੰਧਾਵਾ ਅਤੇ ਹਰਜੀਤ ਸੰਧੂ ਨੇ ਸਭ ਦਾ ਧੰਨਵਾਦ ਕੀਤਾ।
ਇਸ ਸਮੇਂ ਹਰਭਜਨ ਬਰਾੜ, ਪ੍ਰਿ. ਕੁਲਵੰਤ ਸਿੰਘ ਅਣਖੀ, ਪ੍ਰੋ. ਮੋਹਨ ਸਿੰਘ, ਡਾ. ਸਿਆਮ ਸੁੰਦਰ ਦੀਪਤੀ, ਜਸਬੀਰ ਕੌਰ, ਹਰਪਾਲ ਨਾਗਰਾ, ਰਾਜਪਾਲ ਬਾਠ, ਰੰਗ ਕਰਮੀ ਵਿਜ਼ੇ ਸ਼ਰਮਾ, ਪ੍ਰੋ. ਪ੍ਰਮਿੰਦਰ ਸਿੰਘ, ਪ੍ਰੋ. ਭੁਪਿੰਦਰ ਸਿੰਘ ਜੌਲੀ, ਧਰਵਿੰਦਰ ਔਲਖ, ਡਾ. ਮੋਹਨ, ਡਾ. ਕਸ਼ਮੀਰ ਸਿੰਘ, ਪ੍ਰੋ. ਹਰਜੀਤ ਕੌਰ, ਪ੍ਰੋ. ਮਿੰਨੀ ਸਲਵਾਨ, ਜਤਿੰਦਰ ਸਫਰੀ, ਸਤਨਾਮ ਸਿੰਘ ਛੀਨਾ, ਬਲਜਿੰਦਰ ਮਾਂਗਟ, ਕੁਲਦੀਪ ਦਰਾਜਕੇ, ਜਸਵੰਤ ਸਿੰਘ ਜੱਸ, ਜਗਤਾਰ ਸਿੰਘ ਲਾਂਬਾ, ਅਮਰਜੀਤ ਬਾਈ, ਕੁਲਦੀਪ ਸਿੰਘ ਮੁਹਾਵਾ ਆਦਿ ਹਾਜ਼ਰ ਸਨ।