ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) -ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੀਆਂ ਵੱਡੀ ਗਿਣਤੀ ਸੰਗਤਾਂ ਵੱਲੋਂ ਸਮੂਹਿਕ ਰੂਪ ਵਿਚ ਲੰਗਰ ਸੇਵਾ ਕੀਤੀ ਗਈ।ਬੀਤੇ ਕੱਲ੍ਹ ਤੋਂ ਇਥੇ ਪੁੱਜੀਆਂ ਸੰਗਤਾਂ ਨੇ ਲਿਆਂਦੀਆਂ ਰਸਦਾਂ ਨਾਲ ਸ਼ਰਧਾ ਨਾਲ ਲੰਗਰ ਤਿਆਰ ਕੀਤਾ।ਸੰਗਤ ਵੱਲੋਂ ਗੁਰੂ ਸਾਹਿਬ ਦੇ ਲੰਗਰ ਲਈ ਆਟਾ, ਦਾਲਾਂ, ਚੌਲ, ਘਿਓ, ਖੰਡ, ਚਾਹ ਪੱਤੀ, ਰੀਫਾਇੰਡ, ਸਰੋਂ ਦਾ ਤੇਲ, ਦੇਸੀ ਘਿਓ, ਸਬਜੀਆਂ, ਕਣਕ, ਡਰਾਈ ਫਰੂਟ, ਮਸਾਲੇ, ਦੁੱਧ ਆਦਿ ਰਸਦਾਂ ਭੇਟ ਕੀਤੀਆਂ ਗਈਆਂ।
ਜਥੇਦਾਰ ਤੋਤਾ ਸਿੰਘ ਨੇ ਗੁਰੂ ਸਾਹਿਬ ਦੇ ਲੰਗਰ ਦੀ ਉਸਤਤ ਕਰਦਿਆਂ ਕਿਹਾ ਕਿ ਇਸ ਗੁਰੂ ਬਖਸ਼ੀ ਪਰੰਪਰਾ ਕਾਰਨ ਅੱਜ ਸਿੱਖ ਕੌਮ ਦੀ ਵਿਲੱਖਣ ਪਛਾਣ ਹੈ।ਸਿੱਖ ਧਰਮ ਦੀ ਲੰਗਰ ਮਰਯਾਦਾ ਦਾ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਮਹੱਤਵਪੂਰਨ ਸਥਾਨ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਖੇ ਸੇਵਾ ਕਰਨ ਦਾ ਸੁਭਾਗ ਅਥਾਹ ਖੁਸ਼ੀ ਤੇ ਅਨੰਦ ਦਿੰਦਾ ਹੈ।ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਵਿਸ਼ਵ ਦੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਪੁੱਜਦੀਆਂ ਹਨ ਅਤੇ ਲੰਗਰ ਛਕ ਕੇ ਤ੍ਰਿਪਤ ਹੁੰਦੀਆਂ ਹਨ।ਇਸ ਸਰਬ ਸਾਂਝਾ ਅਸਥਾਨ ਹੈ ਅਤੇ ਮਨੁੱਖੀ ਏਕਤਾ ਲਈ ਇਸ ਤੋਂ ਵੱਡੀ ਹੋਰ ਕੋਈ ਮਿਸਾਲ ਨਹੀਂ।ੁਨ੍ਹਾਂ ਕਿਹਾ ਕਿ ਨਾਨਕਸ਼ਾਹੀ ਸੰਮਤ ਅਨੁਸਾਰ ਨਵੇਂ ਵਰ੍ਹੇ ’ਤੇ ਹਲਕਾ ਧਰਮਕੋਟ ਦੀ ਸੰਗਤ ਨਾਲ ਸੇਵਾ ਨਸੀਬ ਹੋਣੀ ਗੁਰੂ ਬਖਸ਼ਿਸ਼ ਹੈ।
ਦੱਸਣਯੋਗ ਹੈ ਕਿ ਨਾਨਕਸ਼ਾਹੀ ਸੰਮਤ ਅਨੁਸਾਰ ਨਵੇਂ ਸਾਲ ਦੀ ਆਮਦ ’ਤੇ ਹਰ ਵਾਰ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੀਆਂ ਸੰਗਤਾਂ ਲੰਗਰ ਸੇਵਾ ਲਈ ਪੁੱਜਦੀਆਂ ਹਨ।
ਲੰਗਰ ਸੇਵਾ ਕਰਨ ਪੁੱਜੀਆ ਸੰਗਤਾਂ ਵਿਚ ਬੀਬੀ ਮੁਖਤਿਆਰ ਕੌਰ, ਕੁਲਵੰਤ ਸਿੰਘ ਮੋਗਾ, ਜਗਸੀਰ ਸਿੰਘ, ਨਿਹਾਲ ਸਿੰਘ ਤਲਵੰਡੀ, ਗੁਰਦੇਵ ਸਿੰਘ ਫਤਹਿਗੜ੍ਹ, ਸੁਰਜੀਤ ਸਿੰਘ ਰਾਮਗੜ੍ਹ, ਗੁਰਮੇਲ ਸਿੰਘ ਸਿੱਧੂ, ਗੁਰਨਾਮ ਸਿੰਘ ਸਾਬਕਾ ਚੇਅਰਮੈਨ ਆਦਿ ਮੌਜੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …