Monday, December 23, 2024

ਪਵਿੱਤਰ ਬੀੜ ਚੁੱਕ ਕੇ ਲਿਜਾਣ ਵਾਲੇ ਵਿਅਕਤੀ ਖਿਲਾਫ ਕੇਸ ਦਰਜ਼

ਭੀਖੀ, 1 ਜੂਨ (ਪੰਜਾਬ ਪੋਸਟ – ਕਮਲ ਜ਼ਿੰਦਲ) – ਨੇੜਲੇ ਪਿੰਡ ਗੁੜਥੜੀ ਵਿਖੇ ਬੀਤੇ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਸਥਾਨਕ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕੀਤਾ ਹੈ।
             ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਇੱਕ ਵਿਅਕਤੀ ਵਲੋਂ ਪਿੰਡ ਦੇ ਡੇਰੇ ਵਿੱਚ ਪ੍ਰਕਾਸ਼ ਕੀਤੇ ਗਏ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਜੋ ਕਿ ਗੁਰਦੁਆਰਾ ਸਾਹਿਬ ਵਿਚੋਂ ਲਿਜਾ ਕੇ ਪ੍ਰਕਾਸ਼ ਕੀਤੀ ਗਈ ਸੀ, ਨੂੰ ਡੇਰੇ ਵਿਚੋਂ ਇਕੱਲੇ ਨੇ ਲਿਆ ਕੇ ਗੁਰਦੁਆਰਾ ਸਾਹਿਬ ਵਿਖੇ ਰੱਖ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਥੜੇ ‘ਤੇ ਸ਼ੀਸ਼ੇ ਲੱਗੇ ਹੋਣ ਕਾਰਨ ਉਨ੍ਹਾਂ ਨੂੰ ਵੀ ਤੋੜ ਦਿੱਤਾ।ਜਿਸ ਨਾਲ ਉਕਤ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਵੀ ਨੁਕਸਾਨ ਪੁੱਜਾ ਹੈ।ਇਸ ਬੇਅਦਬੀ ਦੀ ਸੂਚਨਾ ਤੁਰੰਤ ਥਾਣਾ ਭੀਖੀ ਨੂੰ ਦਿੱਤੀ ਗਈ।ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਛੰਜੂ ਸਿੰਘ ਪੁੱਤਰ ਮਾਣਾ ਸਿੰਘ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 295 ਏ, 454, 427,506 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।
               ਸਿੱਖ ਸੰਗਠਨਾਂ ਅਤੇ ਪਿੰਡ ਵਾਸੀਆਂ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਗੁਰਦੁਆਰਾ ਸੰਤ ਬਾਬਾ ਅਤਰ ਸਿੰਘ ਵਿਖੇ ਇਕੱਠੇ ਹੋਣੇ ਸ਼ੁਰ ਹੋ ਗਏ।ਪੁਲਿਸ ਪ੍ਰਸ਼ਾਸਨ ਵੱਲੋਂ ਵੀ ਭਾਰੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ ਸੀ।ਆਖਿਰ ਪਿੰਡ ਵਾਸੀਆਂ ਅਤੇ ਸਿੱਖ ਸੰਗਠਨਾਂ ਦੇ ਮੁਖੀਆਂ ਵਿਚਕਾਰ ਚੱਲੀ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਇਸ ਘਟਨਾ ਦਾ ਪਸ਼ਚਾਤਾਪ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਉਣ ਤੋਂ ਬਾਅਦ ਮੁੜ ਅਜਿਹੀ ਗਲਤੀ ਨਾ ਦੁਹਰਾਉਣ ਤੋਂ ਬਾਅਦ ਮਾਮਲਾ ਨਿਪਟ ਗਿਆ।ਪੁਲਿਸ ਪ੍ਰਸਾਸ਼ਨ ਵਲੋਂ ਐਸ.ਪੀ ਕੁਲਦੀਪ ਸਿੰਘ ਸੋਹੀ ਅਤੇ ਡੀ.ਐਸ.ਪੀ ਹਰਜਿੰਦਰ ਸਿੰਘ ਗਿੱਲ ਦੀ ਸੂਝ-ਬੂਝ ਨਾਲ ਇਹ ਮਾਮਲਾ ਹੱਲ ਹੋ ਗਿਆ।ਇਸੇ ਦੌਰਾਨ ਐਸ.ਪੀ ਕੁਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਸੰਜੂ ਸਿੰਘ ਦੇ ਖਿਲਾਫ ਥਾਣਾ ਭੀਖੀ ਵਿਖੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
                ਇਸੇ ਦੌਰਾਨ ਦਮਦਮੀ ਟਕਸਾਲ ਦੇ ਭਾਈ ਅਮਰੀਕ ਸਿੰਘ ਅਜਨਾਲਾ, ਬਚਿੱਤਰ ਸਿੰਘ ਪ੍ਰਧਾਨ ਰਾਗੀ ਸਭਾ, ਹਰਜਿੰਦਰ ਸਿੰਘ ਭੀਖੀ, ਸੁਖਚੈਨ ਸਿੰਘ ਅਤਲਾ, ਅਮਰਜੀਤ ਸਿੰਘ ਕਣਕਵਾਲ ਭੰਗੂਆਂ, ਬਾਬਾ ਜਸਵਿੰਦਰ ਸਿੰਘ, ਬਾਬਾ ਬੂਟਾ ਸਿੰਘ ਗੁੜਥੜੀ, ਬਾਬਾ ਦਰਸ਼ਨ ਸਿੰਘ ਬਾਠਾਂਵਾਲੇ, ਪ੍ਰਗਟ ਸਿੰਘ ਖਾਲਸਾ ਤੋਂ ਇਲਾਵਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਤੋਂ ਇਲਾਵਾ ਰਾਏ ਸਿੰਘ ਸਰਪੰਚ, ਫੌਜਾ ਸਿੰਘ ਸਾਬਕਾ ਸਰਪੰਚ, ਗੋਬਿੰਦ ਸਿੰਘ, ਗੁਰਬਚਨ ਸਿੰਘ, ਘੁੱਕਰ ਸਿੰਘ, ਲਾਭ ਸਿੰਘ, ਨੇਕ ਸਿੰਘ ਅਤੇ ਜਸਵੀਰ ਸਿੰਘ ਖੀਵਾ ਪਿੰਡ ਵਾਸੀ ਵੀ ਮੋਜੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …