Friday, January 10, 2025
Breaking News

ਐਕਸਪ੍ਰੈਸ ਹਾਈਵੇ ‘ਚ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਰਿਣੀ ਰਹਾਂਗਾ -ਔਜਲਾ

ਪੰਜਾਬ ਦੀ ਖੁਸ਼ਹਾਲੀ ਲਈ ਸੰਜੀਵਨੀ ਦਾ ਕੰਮ ਕਰੇਗਾ ਹਾਈਵੇਅ

ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਵਿੱਚ ਅੰਮ੍ਰਿਤਸਰ ਨੂੰ ਦੁਬਾਰਾ ਜੋੜਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਮਿਲੀ ਹਰੀ ਝੰਡੀ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ ਦੀ ਜਿੱਤ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਦੁਬਾਰਾ ਇਸ ਪ੍ਰੋਜੈਕਟ ਨਾਲ ਜੋੜਨ ਲਈ ਜਿਥੇ ਉਹ ਕੇਂਦਰ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਨ, ਉਥੇ ਉਨ੍ਹਾਂ ਦਾ ਰੋਮ ਰੋਮ ਰਿਣੀ ਹੈ ਉਨ੍ਹਾਂ ਜਥੇਬੰਦੀਆਂ, ਐਨ.ਜੀ.ਓ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ, ਜਿਨ੍ਹਾਂ ਨੇ ਅੰਮ੍ਰਿਤਸਰ ਨੂੰ ਉਸ ਦਾ ਹੱਕ ਦਿਵਾਉਣ ਵਿੱਚ ਦਿਨ ਰਾਤ ਇੱਕ ਕੀਤਾ ਸੀ।ਔਜਲਾ ਨੇ ਕਿਹਾ ਕਿ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਡੀਓ ਕਾਨਫਰੰਸ ਰਾਹੀਂ ਉਨਾਂ ਨੂੰ ਇਹ ਜਾਣਕਾਰੀ ਦਿੱਤੀ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਨਿਤਿਨ ਗਡਕਰੀ ਇਹ ਵੀ ਮੰਗ ਕੀਤੀ ਹੈ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਪੰਜਾਬ ਵਿੱਚੋਂ ਲੰਘਣ ਵਾਲੇ ਐਕਸਪ੍ਰੈਸ ਵੇਅ ਦਾ ਨਾਂ ਗੁਰੂ ਸਾਹਿਬ ਦੇ ਨਾਂਅ `ਤੇ ਰੱਖਿਆ ਜਾਵੇ।
ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਨੂੰ ਦਿੱਲੀ ਨਾਲ ਜੋੜਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ, ਕਿਉਂਕਿ ਇਸ ਤੋਂ ਪਹਿਲਾਂ ਸ਼ੇਰ ਸ਼ਾਹ ਸੂਰੀ ਮਾਰਗ ਪੁਰਾਤਨ ਸਮਿਆਂ ਦਾ ਸੀ ਅਤੇ ਅਜੋਕੇ ਯੁੱਗ ਵਿੱਚ ਆਧੁਨਿਕ ਲੋੜਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਐਕਸਪ੍ਰੈਸ ਦੇ ਪੰਜਾਬ ਤੇ ਖਾਸਕਰ ਅੰਮ੍ਰਿਤਸਰ ਦੀ ਖੁਸ਼ਹਾਲੀ ਦੇ ਰਸਤੇ ਖੋਲ੍ਹੇਗਾ।ਅੋਜਲਾ ਨੇ ਇਹ ਵੀ ਦੱਸਿਆ ਕਿ ਵਪਾਰ, ਉਦਯੋਗ ਤੇ ਖੇਤੀਬਾੜੀ ਪੱਖੋਂ ਇਹ ਐਕਸਪ੍ਰੈਸ ਹਾਈਵੇ ਸੰਜੀਵਨੀ ਦਾ ਕੰਮ ਕਰੇਗਾ।
                ਜ਼ਿਕਰਯੋਗ ਹੈ ਕਿ 35000 ਕਰੋੜ ਦੀ ਲਾਗਤ ਵਾਲੇ ਇਸ ਐਕਸਪ੍ਰੈਸ ਹਾਈਵੇ ਵਿਚੋਂ ਅੰਮ੍ਰਿਤਸਰ ਨੂੰ ਪਹਿਲਾਂ ਬਾਹਰ ਕੱਢ ਦਿੱਤਾ ਸੀ ਅਤੇ ਇਸ ਤੋਂ ਬਾਅਦ ਪੰਜਾਬ ਖਾਸਕਰ ਅੰਮ੍ਰਿਤਸਰ ਵਾਸੀਆਂ ਨੇ ਗੁਰਜੀਤ ਸਿੰਘ ਔਜਲਾ ਦੇ ਸੱਦੇ ਅਤੇ ਸਮਜਸੇਵੀ ਸੰਸਥਾ ਵਿਕਾਸ ਮੰਚ ਦੀਆਂ ਕੋਸ਼ਿਸ਼ਾਂ ਸਦਕਾ ਅੰਮ੍ਰਿਤਸਰ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ।ਜਿਸ ਉਪਰੰਤ ਕੇਂਦਰ ਸਰਕਾਰ ਨੇ ਇਸ ਫੈਸਲੇ `ਤੇ ਮੁੜ ਨਜ਼ਰਸਾਨੀ ਕਰਨ ਦਾ ਭਰੋਸਾ ਦਿਵਾਇਆ ਸੀ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਕਾਇਦਾ ਅੰਮ੍ਰਿਤਸਰ ਨੂੰ ਸ਼ਾਮਿਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

Check Also

ਬਾਬਾ ਮੇਹਰ ਦਾਸ ਜੀ ਦੇ ਅਸਥਾਨ ‘ਤੇ ਗੁਰਮਤਿ ਸਮਾਗਮ ਆਯੋਜਿਤ

ਸੰਗਰੂਰ, 10 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਸਲਾਈਟ ਰੋਡ ਸਥਿਤ ਬਾਬਾ ਮੇਹਰ ਦਾਸ ਜੀ ਪਾਓ …