ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਐਨ.ਓ.ਸੀ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਵੀ ਰਾਹਤ ਨਾ ਦਿੱਤੇ ਜਾਣ ਦੇ ਵਿਰੋਧ ਵਿਚ ਪ੍ਰਾਪਰਟੀ ਕਾਰੋਬਾਰੀਆਂ ਵੱਲੋਂ 26 ਅਕਤੂਬਰ ਤੋਂ ਸ਼ੁਰੂ ਕੀਤੇ ਜਾ ਰਹੇ ਆਰ ਪਾਰ ਦੇ ਸੰਘਰਸ਼ ਦਾ ਕਾਂਗਰਸ ਵੱਲੋਂ ਵੀ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਸੱਤਾ ਦੇ ਨਸ਼ੇ ਵਿਚ ਕੁੰਭਕਰਨੀ ਨੀਂਦੇ ਸੁੱਤੇ ਸਿਆਸੀ ਆਗੂਆਂ ਨੂੰ ਉਠਾਉਣ ਦੇ ਲਈ ਕਾਂਗਰਸ ਲੋਕਤੰਤਰਿਕ ਤਰੀਕੇ ਦੇ ਨਾਲ ਹਰ ਹੱਦਾਂ ਬੰਨੇ ਟੱਪ ਕੇ ਇਸ ਲੜਾਈ ਦਾ ਹਿੱਸਾ ਬਣੇਗੀ।ਉਨ੍ਹਾਂ ਨੇ ਕਿਹਾ ਕਿ 26 ਅਕਤੂਬਰ ਨੂੰ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਤੋਂ ਰੋਸ ਮਾਰਚ ਦੀ ਸ਼ਕਲ ਵਿਚ ਕਾਂਗਰਸ ਭੁੱਖ ਹੜਤਾਲ ‘ਤੇ ਬੈਠੇ ਕਾਰੋਬਾਰੀਆਂ ਦੇ ਨਾਲ ਸ਼ਾਮਲ ਹੋਣਗੇ ਅਤੇ ਉਨ੍ਹਾਂ ਦੀ ਲੜਾਈ ਨੂੰ ਜਾਰੀ ਰੱਖਣ ਦੇ ਲਈ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਦੀ ਅੱਤ ਹੋ ਚੁੱਕੀ ਹੈ। ਜਿਸ ਦੇ ਵਿਰੁੱਧ ਲੋਕ ਉਠ ਖੜ੍ਹੇ ਹੋਏ ਹਨ। ਜ਼ਮੀਨੀ ਕਾਰੋਬਾਰ ਦੇ ਨਾਲ ਜੁੜਿਆਂ ਹਰੇਕ ਵਰਗ ਰੋਜੀ ਰੋਟੀ ਦੇ ਲਈ ਆਤਰ ਹੋ ਰਿਹਾ ਹੈ ਪਰ ਸਰਕਾਰ ਦੇ ਕੰਨ੍ਹਾਂ ‘ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਨੇ ਭਾਜਪਾਈ ਆਗੂਆਂ ਨੂੰ ਕਿਹਾ ਕਿ ਉਹ ਹੁਣ ਡਰਾਮੇਬਾਜੀ ਛੱਡ ਦੇਣ।ਚੰਗਾ ਇਹ ਹੋਵੇਗਾ ਕਿ ਉਹ ਅਸਤੀਫੇ ਦੇ ਕੇ ਸਰਕਾਰ ਤੋਂ ਬਾਹਰ ਆ ਜਾਣ ਅਤੇ ਪ੍ਰਾਪਰਟੀ ਕਾਰੋਬਾਰ ਨੂੰ ਬਚਾਉਣ ਲਈ ਸ਼ਹਿਰੀਆਂ ਦੇ ਹੱਕ ਵਿਚ ਭੁੱਖ ਹੜਤਾਲ ‘ਤੇ ਬੈਠ ਜਾਣ।
ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਉਨ੍ਹਾਂ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ, ਜੇ ਉਨ੍ਹਾਂ ਦੇ ਵਿਚ ਜਰਾ ਜਿੰਨ੍ਹੀ ਦੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਹੋ ਜਾਣਾ ਚਾਹੀਦਾ ਹੈ ਅਤੇ ਭੁੱਖ ਹੜਤਾਲ ਦਾ ਇਕ ਹਿੱਸਾ ਬਣ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਿਛੇ ਨਹੀਂ ਹੱਟੇਗੀ।ਇਸ ਸਮੇਂ ਉਨ੍ਹਾਂ ਨੇ ਕਿਸਾਨਾਂ, ਮਜਦੂਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਕਾਰ ਵਿਰੁੱਧ ਵਿੱਢੇ ਜਾ ਰਹੇ ਇਸ ਆਰ ਪਾਰ ਦੇ ਸੰਘਰਸ਼ ਦਾ ਹਿੱਸਾ ਬਨਣ ਜਿਸ ਦੀ ਜਿੱਤ ਤੋਂ ਬਾਅਦ ਹੀ ਲੋਕਾਂ ਨੂੰ ਸੁੱਖ ਦਾ ਸਾਹ ਆਉਣ ਵਾਲਾ ਹੈ। ਸਿਰਫ ਗੱਲਾਂ ਦੇ ਨਾਲ ਚੰਗੇ ਦਿਨ ਨਹੀਂ ਆ ਸਕਦੇ ਜਿਨ੍ਹਾਂ ਚਿਰ ਤੱਕ ਸੱਤਾਧਾਰੀ ਆਗੂ ਆਪਣੀਆਂ ਨੀਤਾਂ ਸਾਫ ਨਹੀਂ ਕਰ ਲੈਂਦੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …