Monday, December 23, 2024

ਦੇਸ਼ ਪੱਧਰੀ ਰੇਲ ਰੋਕੋ ਅੰਦੋਲਨ ਦੇ ਸੱਦੇ ‘ਤੇ ਕਿਸਾਨਾਂ ਨੇ ਰੇਲਾਂ ਦਾ ਚੱਕਾ ਕੀਤਾ ਜਾਮ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) – ਦੇਸ਼ ਪੱਧਰੀ ਰੇਲ ਰੋਕੋ ਅੰਦੋਲਨ ਦੇ ਸੱਦੇ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਜਿਲਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਵਿੱਚ ਅਗਵਾਈ ਵਿੱਚ 12 ਤੋਂ 4 ਵਜੇ ਤੱਕ 4 ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ।
                   ਗੁਰਦੇਵ ਸਿੰਘ ਵਰਪਾਲ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਸੰਗਰਾਣਾ ਸਾਹਿਬ ਵਿਖੇ ਰੇਲ ਟਰੈਕ ਜਾਮ ਕਰਕੇ ਭਾਰੀ ਰੋਸ ਪ੍ਰਦਰਸਨ ਕੀਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਤੇ ਨੌਜਵਾਨਾਂ ਨੇ ਸ਼ਾਮਲ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕਰਦਿਆਂ ਪਿੱਟ ਸਿਆਪਾ ਕਰਕੇ ਤਿੰਨ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਤੇ ਪਰਾਲੀ ਬਿੱਲ 2020 ਅਤੇ ਦਿੱਲੀ ਵਿਖੇ ਗ੍ਰਿਫਤਾਰ ਕੀਤੇ ਕਿਸਾਨ ਤੇ ਨੌਜਵਾਨ ਬਿਨਾਂ ਸ਼ਰਤ ਰਿਹਾਅ ਤੇ ਝੂਠੇ ਪਰਚੇ ਰੱਦ ਕਰਨ ਤੋਂ ਇਲਾਵਾ ਫਸਲਾਂ ਦੀ ਖ੍ਰੀਦ ਗਰੰਟੀ ਵਾਲਾ ਐਮ.ਐਸ.ਪੀ ਕਾਨੂੰਨ ਲਿਆਉਣ, ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਅਤੇ ਘਰ-ਘਰ ਨੌਕਰੀ ਦੇਣ ਦੀ ਮੰਗ ਕੀਤੀ ਗਈ।ਇਸੇ ਦੌਰਾਨ ਜੰਡਿਆਲਾ ਗੁਰੂ ਗਹਿਰੀ ਮੰਡੀ ਰੇਲ ਰੋਕੋ ਅੰਦੋਲਨ ਅੱਜ 148ਵੇਂ ਦਿਨ ਵਿੱਚ ਦਾਖਲ ਹੋ ਗਿਆ, ਜੋ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਨਿਰੰਤਰ ਜਾਰੀ ਰਹੇਗਾ।
                     ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਦੇ ਹੱਕ ਵਿੱਚ ਤਿੰਨ ਖੇਤੀ ਕਾਨੂੰਨ ਪਾਸ ਕਰਕੇ ਪੰਜਾਬ ਦੀਆਂ ਜ਼ਮੀਨਾਂ ‘ਤੇ ਅੰਬਾਨੀਆਂ ਤੇ ਅਡਾਨੀਆਂ ਦਾ ਕਬਜ਼ਾ ਕਰਵਾਉਣ ਲਈ ਖੇਤੀ ਬਿੱਲ ਲਾਗੂ ਕਰਨਾ ਚਾਹੁੰਦੀ ਹੈ।ਜਿਸ ਦਾ ਪੂਰਾ ਦੇਸ਼ ਤੇ ਕਿਸਾਨ ਮਜ਼ਦੂਰ ਵਿਰੋਧ ਕਰ ਰਹੇ ਹਨ।ਪਰ ਮੋਦੀ ਸਰਕਾਰ ਇਹਨਾਂ ਕਾਲੇ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ ਤੇ ਅੰਦੋਲਨਕਾਰੀ ਕਿਸਾਨਾਂ ਨੂੰ ਅੰਦੋਲਨਜੀਵੀ ਦੱਸ ਕੇ ਦੇਸ਼ ਦੇ ਅੰਨਦਾਤਾ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜਦਕਿ ਮੋਦੀ ਸਰਕਾਰ ਖੁੱਦ ਕਾਰਪੋਰੇਟਜੀਵੀ ਬਣ ਰਹੀ ਹੈ।ਉਨਾਂ ਕਿਹਾ ਕਿ ਇਹਨਾਂ ਬਿੱਲਾਂ ਨਾਲ ਕਿਸਾਨੀ ਤਾਂ ਬੇਹਾਲ ਹੋਵੇਗੀ ਹੀ ਇਸ ਨਾਲ ਦੇਸ਼ ਦੀ ਬਹੁਗਿਣਤੀ ਜਨਤਾ ਵੀ ਬਰਬਾਦ ਹੋ ਜਾਵੇਗੀ।ਜਮਾਂਖੋਰੀ ਵਧੇਗੀ, ਅਨਾਜ਼ ਦੀ ਸਸਤੇ ਭਾਅ ਲੁੱਟ ਕਰਕੇ ਸਾਈਲੋ ਗੁਦਾਮਾਂ ਵਿੱਚ ਸਟੋਰ ਕਰਕੇ ਨਕਲੀ ਥੁੜ ਪੈਦਾ ਕਰਕੇ ਖਪਤਕਾਰਾਂ ਦੀ ਮਨਮਰਜ਼ੀ ਦੇ ਰੇਟਾਂ ‘ਤੇ ਲੁੱਟ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਮੁਕਾਬਲਿਆਂ ’ਚ ਅਵਲ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਦੇ …