ਲੋਕਾਂ ਨੂੰ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਤੇ ਵੈਕਸੀਨ ਲਗਵਾਉਣ ਦੀ ਅਪੀਲ
ਕਪੂਰਥਲਾ, 20 ਮਾਰਚ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਕਰੋਨਾ ਦੀ ਰੋਕਥਾਮ ਲਈ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ।ਉਨ੍ਹਾਂ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਦੀ ਪਤਨੀ ਤੇ ਸਾਬਕਾ ਵਿਧਾਇਕ ਰਾਜਸੰਬ ਕੌਰ ਰਾਣਾ, ਲੈਫਟੀਨੈਂਟ ਕਰਨਲ ਰਾਜਵਿੰਦਰ ਕੌਰ, ਮਨਜੀਤ ਸਿੰਘ ਨਿੱਝਰ ਨੇ ਵੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਵਾਈ ਗਈ।ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਿਹਤ ਵਿਭਾਗ ਦੇ ਪ੍ਰਟੋਕੋਲ ਅਨੁਸਾਰ ਲਗਭਗ 30 ਮਿੰਟ ਦਾ ਸਮਾਂ ਮੈਡੀਕਲ ਮਾਹਿਰਾਂ ਦੀ ਨਿਗਰਾਨੀ ਹੇਠ ਗੁਜ਼ਾਰਿਆ।
ਟੀਕਾਕਰਨ ਪਿੱਛੋਂ ਉਨ੍ਹਾਂ ਲੋਕਾਂ ਤੇ ਵਿਸ਼ੇਸ਼ ਕਰਕੇ 45 ਤੋਂ 59 ਸਾਲ ਦੀ ਉਮਰ ਵਰਗ ਵਾਲੇ ਲੋਕਾਂ ਜੋ ਕਿ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਹਨ ਅਤੇ ਸੀਨੀਅਰ ਸਿਟੀਜ਼ਨ ਸ਼੍ਰੇਣੀ ਵਿਚ ਆਉਂਦੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਟੀਕਾਕਰਨ ਬਿਨ੍ਹਾਂ ਕਿਸੇ ਝਿਜਕ ਤੋਂ ਕਰਵਾਉਣ।ਉਨ੍ਹਾਂ ਕਿਹਾ ਕਿ ਇਹ ਉਮਰ ਵਰਗ ਸਭ ਤੋਂ ਵੱਧ ਖਤਰੇ ਹੇਠ ਹੈ, ਜਿਸ ਕਰਕੇ ਉਨ੍ਹਾਂ ਦੀ ਵੈਕਸੀਨੇਸ਼ਨ ਵੱਲ ਵਿਸ਼ੇਸ਼ ਤਵੱਜ਼ੋ ਦਿੱਤੀ ਜਾਵੇ।
ਰਾਣਾ ਗੁਰਜੀਤ ਸਿੰਘ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਕਰੋਨਾ ਦੇ ਕੇਸਾਂ ਦੇ ਤੇਜ਼ੀ ਨਾਲ ਵਾਧੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨ।ਇਸ ਮੌਕੇ ਸਿਵਲ ਸਰਜਨ ਡਾ. ਸੀਮਾ, ਡਾ. ਸੰਦੀਪ ਭੋਲਾ ਵੀ ਹਾਜ਼ਰ ਸਨ।