Monday, December 23, 2024

ਡਾ. ਓਬਰਾਏ ਸਦਕਾ ਵਤਨ ਪੁੱਜੇ ਟ੍ਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ 6 ਨੌਜਵਾਨ ਮੁੰਡੇ-ਕੁੜੀਆਂ

ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਿਆ ਦੁਬਈ ਦਾ ਸਰਦਾਰ

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਸਮਾਜ ਸੇਵਾ ਦੇ ਖੇਤਰ ‘ਚ ਨਿੱਤ ਨਵੇਂ ਮੀਲ੍ਹ-ਪੱਥਰ ਗੱਡ ਰਹੇ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ.ਪੀ ਸਿੰਘ ਓਬਰਾਏ ਨੇ ਇੱਕ ਵਾਰ ਮੁੜ ਲੋੜਵੰਦਾਂ ਦਾ ਮਸੀਹਾ ਬਣਦਿਆਂ, ਲਾਲਚੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ 6 ਬੇਵੱਸ ਨੌਜਵਾਨ ਲੜਕੇ-ਲੜਕੀਆਂ ਨੂੰ ਆਪਣੀ ਜੇਬ੍ਹ ‘ਚੋਂ ਵੱਡੀ ਰਕਮ ਖ਼ਰਚ ਕੇ ਦੁਬਈ ਤੋਂ ਸੁਰੱਖਿਅਤ ਵਾਪਿਸ ਵਤਨ ਪੁੱਜਦਾ ਕੀਤਾ ਹੈ।
                    ਦੁਬਈ ‘ਚ ਧੋਖੇ ਦਾ ਸ਼ਿਕਾਰ ਹੋਣ ਤੋਂ ਬਾਅਦ ਅਨੇਕਾਂ ਹੀ ਮੁਸੀਬਤਾਂ ਝੱਲਣ ਉਪਰੰਤ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਇਹ ਬੱਚੇ ਜਦੋਂ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਆਪਣੇ ਮਾਪਿਆਂ ਦੇ ਗਲ਼ ਲੱਗ ਰੋਏ ਤਾਂ ਇੱਕ ਵਾਰ ਇੰਜ਼ ਜਾਪਿਆ ਜਿਵੇਂ ਸਮਾਂ ਰੁਕ ਗਿਆ ਹੋਵੇ।
ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁੱਖੀ ਡਾ.ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਆਰਥਿਕ ਮਜ਼ਬੂਰੀਆਂ ਕਾਰਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਬਹੁਤ ਸਾਰੇ ਮਾਪੇ ਲਾਲਚੀ ਏਜੰਟਾਂ ਦੇ ਚੁੰਗਲ ‘ਚ ਫ਼ਸ ਕੇ ਆਪਣੀਆਂ ਮਾਸੂਮ ਧੀਆਂ ਅਤੇ ਪੁੱਤਾਂ ਨੂੰ ਅਰਬ ਦੇਸ਼ਾਂ ਵਿਚ ਨੌਕਰੀ ਲਈ ਭੇਜ ਦਿੰਦੇ ਹਨ, ਪਰ ਬਦਕਿਸਮਤੀ ਨਾਲ ਉਥੇ ਜਾ ਕੇ ਉਕਤ ਲਾਲਚੀ ਏਜੰਟਾਂ ਵੱਲੋਂ ਜਿੱਥੇ ਨੌਜਵਾਨ ਲੜਕਿਆਂ ਨੂੰ ਜਾਅਲੀ ਜਾਂ ਡਿਫ਼ਾਲਟਰ ਕੰਪਨੀਆਂ ਵਿੱਚ ਫ਼ਸਾ ਦਿੱਤਾ ਜਾਂਦਾ ਹੈ ਅਤੇ ਜਿਆਦਾਤਰ ਲੜਕੀਆਂ ਨੂੰ ਤਾਂ ਜ਼ਿਮੀਂਦਾਰਾਂ ਜਾਂ ਹੋਰ ਕਾਰੋਬਾਰੀਆਂ ਕੋਲ ਵੇਚ ਦਿੱਤਾ ਜਾਂਦਾ ਹੈ।ਜੋ ਆਪਣੇ ਕੋਲੋਂ ਪੈਸਾ ਖਰਚ ਕਰ ਕੇ ਇਨ੍ਹਾਂ ਲੜਕੀਆਂ ਨੂੰ ਲੀਗਲ ਕਰਾਉਣ ਉਪਰੰਤ ਲੋੜ ਤੋਂ ਵਧੇਰੇ ਕੰਮ ਲੈਂਦੇ ਹਨ।ਉਨ੍ਹਾਂ ਨੂੰ ਹਰ ਰੋਜ਼ ਅਨੇਕਾਂ ਹੀ ਅਜਿਹੇ ਬੱਚਿਆਂ ਦੇ ਫੋਨ ਆਉਂਦੇ ਹਨ, ਜੋ ਟਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਣ ਉਪਰੰਤ ਅਰਬ ਦੇਸ਼ਾਂ ‘ਚ ਫਸੇ ਹੋਏ ਹਨ।ਜਿਸ ਕਰਕੇ ਆਏ ਦਿਨ ਛੋਟੀ ਉਮਰ ਦੇ ਬੱਚਿਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਜਾਂ ਆਤਮ ਹੱਤਿਆ ਕਰਨ ਦੀਆਂ ਖਬਰਾਂ ਮਿਲਦੀਆਂ ਹਨ।
                ਡਾ. ਓਬਰਾਏ ਅਨੁਸਾਰ ਅੱਜ ਪੁੱਜੇ ਚਾਰੇ ਲੜਕੇ ਜੋਬਨਜੀਤ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ ਤੇ ਅਵਤਾਰ ਸਿੰਘ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਸ਼ੰਕਰਪੁਰ ਨਾਲ ਸਬੰਧਤ ਹਨ ਅਤੇ ਇੱਕੋ ਹੀ ਟ੍ਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ ਹਨ।ਏਸੇ ਤਰ੍ਹਾਂ ਹੀ ਮੋਗਾ ਜਿਲ੍ਹੇ ਦੀ ਮਾਫ਼ੀਆ ਅਤੇ ਫਿਰੋਜ਼ਪੁਰ ਜਿਲ੍ਹੇ ਦੀ ਗਗਨਦੀਪ ਕੌਰ ਨੇ ਵੀ ਵਾਪਸ ਭਾਰਤ ਭੇਜਣ ਲਈ ਬੇਨਤੀ ਕੀਤੀ ਸੀ।ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੇ ਇਨ੍ਹਾਂ 6 ਬੱਚਿਆਂ ਨੂੰ ਭਾਰਤੀ ਦੂਤਾਵਾਸ ਦੇ ਵਿਸ਼ੇਸ਼ ਸਹਿਯੋਗ ਸਦਕਾ ਆਪਣੇ ਪੱਲਿਉਂ ਹਵਾਈ ਟਿਕਟਾਂ ਸਮੇਤ ਸਾਰਾ ਖਰਚਾ ਕੀਤਾ ਹੈ। ਉਨ੍ਹਾਂ ਦੱਸਿਆ ਹੈ ਕਿ ਉਹ ਹੁਣ ਤੱਕ 30 ਦੇ ਕਰੀਬ ਲੜਕੀਆਂ ਅਤੇ ਕੋਰੋਨਾ ਕਾਲ ਸਮੇਤ ਵੱਖ-ਵੱਖ ਸਮਿਆਂ ਦੌਰਾਨ ਉਥੇ ਫਸੇ 500 ਦੇ ਕਰੀਬ ਨੌਜਵਾਨ ਲੜਕਿਆਂ ਨੂੰ ਵਾਪਸ ਭਾਰਤ ਲਿਆ ਚੁੱਕੇ ਹਨ।
               ਡਾ. ਓਬਰਾਏ ਨੇ ਇੱਕ ਵਾਰ ਮੁੜ ਜਿਥੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਹੀ ਆਪਣੇ ਬੱਚੇ ਵਿਦੇਸ਼ ਭੇਜਣ, ਉਥੇ ਹੀ ਉਨ੍ਹਾਂ ਸਰਕਾਰਾਂ ਨੂੰ ਵੀ ਕਿਹਾ ਹੈ ਕਿ ਉਹ ਧੋਖੇਬਾਜ਼ ਏਜੰਟਾਂ ਨੂੰ ਨੱਥ ਪਾਉਣ। ਉਨ੍ਹਾਂ ਸਲਾਹ ਦਿੱਤੀ ਹੈ ਕਿ ਜੇਕਰ ਕੋਈ ਦੁਬਈ ਕੰਮ ਲਈ ਜਾ ਰਿਹਾ ਹੈ ਤਾਂ ਉਹ ਸਰਬਤ ਦਾ ਭਲਾ ਟਰੱਸਟ ਦੇ ਹਰ ਜ਼ਿਲ੍ਹੇ ‘ਚ ਮੌਜ਼ੂਦ ਦਫ਼ਤਰਾਂ ਤੋਂ ਕੰਮ ਦੇਣ ਵਾਲੀ ਕੰਪਨੀ ਜਾਂ ਉਸ ਦੇ ਕੰਮਕਾਰ ਬਾਰੇ ਇੱਕ ਵਾਰ ਜ਼ਰੂਰ ਪੜਤਾਲ ਕਰ ਲਵੇ।
                   ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਖ਼ਜ਼ਾਨਚੀ ਨਵਜੀਤ ਸਿੰਘ ਘਈ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਕੈਪਟਨ ਵਿਜੇ ਸ਼ਰਮਾ, ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੀ ਮੌਜ਼ਦਗੀ ‘ਚ ਹਵਾਈ ਅੱਡੇ ‘ਤੇ ਦੁਬਈ ਤੋਂ ਵਾਪਸ ਪਰਤੇ ਪੀੜਤ ਲੜਕੇ-ਲੜਕੀਆਂ ਨੇ ਦੱਸਿਆ ਕਿ ਉਥੇ ਉਨ੍ਹਾਂ ਦੇ ਜੋ ਹਾਲਾਤ ਸਨ, ਉਹ ਜਾਂ ਤਾਂ ਰੱਬ ਜਾਣਦਾ ਹੈ ਤੇ ਜਾਂ ਖ਼ੁਦ ਉਹ। ਉਨ੍ਹਾਂ ਕਿਹਾ ਕਿ ਡਾ.ਐਸ.ਪੀ ਸਿੰਘ ਓਬਰਾਏ ਉਨ੍ਹਾਂ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ ।ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਧੋਖਾ ਕਰਨ ਵਾਲੇ ਏਜੰਟਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …